ਤਰਨਤਾਰਨ ਗ੍ਰਨੇਡ ਹਮਲੇ ’ਤੇ ਬੋਲੇ ਡੀ ਜੀ ਪੀ ; ਭਾਰਤ ਦੇ 1000 ਜ਼ਖ਼ਮ ਦੇ ਕੇ ਖੂਨ ਵਹਾਉਣ ਦੀ ਕੋਸ਼ਿਸ਼, ਵੇਖੋ ਵੀਡੀਓ
ਤਰਨਤਾਰਨ, 10 ਦਸੰਬਰ,2022: ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਤਰਨਤਾਰਨ ਵਿਚ ਪੁਲਿਸ ਥਾਣੇ ’ਤੇ ਹਮਲਾ ਪਾਕਿਸਤਾਨ ਦੀ ਕਾਰਵਾਈ ਹੈ ਅਤੇ ਸਾਡਾ ਦੁਸ਼ਮਣ ਦੇਸ਼ ਭਾਰਤ ਦੇ 1000 ਜ਼ਖ਼ਮ ਦੇ ਕੇ ਖੂਨ ਵਹਾਉਣਾ ਚਾਹੁੰਦਾ ਹੈ।
ਮੌਕੇ ’ਤੇ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਹਮਲੇ ਬਾਰੇ ਸਾਰਾ ਜਾਇਜ਼ਾ ਲੈ ਰਹੇ ਹਾਂ ਤੇ ਵਿਦੇਸ਼ਾਂ ਵਿਚ ਬੈਠੇ ਅਤਿਵਾਦੀਆਂ ਦੇ ਹੈਂਡਲਰਜ਼ ਦੇ ਲਿੰਕਸ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਇਸ ਅਪਰਾਧ ਦੇ ਅਸਲ ਦੋਸ਼ੀਆਂ ਨੂੰ ਨਕੇਲ ਪਾਈ ਜਾ ਸਕੇ।
ਡੀ ਜੀ ਪੀ ਨੇ ਕਿਹਾ ਕਿ ਪੰਜਾਬ ਵਿਚ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਹੈ ਤੇ ਅਸੀ ਇਸਨੂੰ ਕਾਇਮ ਰੱਖਾਂਗੇ ਅਤੇ ਪੰਜਾਬ ਵਿਚ ਅਮਨ ਤੇ ਸ਼ਾਂਤੀ ਕਾਇਮ ਰੱਖਾਂਗੇ। ਉਹਨਾਂ ਕਿਹਾ ਕਿ ਜਿਹੜੇ ਵਿਦੇਸ਼ਾਂ ਵਿਚ ਬੈਠੇ ਹਨ, ਉਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਅਦਾਲਤਾਂ ਵਿਚ ਪੇਸ਼ ਕੀਤਾ ਜਾਵੇਗਾ।
ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਇਸ ਬਾਰੇ ਬਿਆਨ ਆ ਗਿਆ ਹੈ ਤੇ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ, ਸਮਾਂ ਆਉਣ ’ਤੇ ਸੱਚ ਸਭ ਦੇ ਸਾਹਮਣੇ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਅਸੀਂ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ।