ਵੀਡੀਓ: ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਪੰਜਾਬੀ ਯੁਨਿਵਰਸਟੀ ਪਟਿਆਲਾ ਵਿਚ ਪਹਿਲੀ ਵਿਸਵ ਪੰਜਾਬੀ ਕਾਨਫਰੰਸ ਹੋਈ ਸੂਰੂ
ਚੰਡੀਗੜ੍ਹ, 15 ਫਰਵਰੀ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵੀਡੀਓ: ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਪੰਜਾਬੀ ਯੁਨਿਵਰਸਟੀ ਪਟਿਆਲਾ ਵਿਚ ਪਹਿਲੀ ਵਿਸਵ ਪੰਜਾਬੀ ਕਾਨਫਰੰਸ ਹੋਈ ਸੂਰੂ
'ਭਾਈ ਵੀਰ ਸਿੰਘ ਨੂੰ ਸਿਰਫ਼ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਹਵਾਲੇ ਨਾਲ਼ ਹੀ ਨਹੀਂ ਬਲਕਿ ਉਨ੍ਹਾਂ ਵੱਲੋਂ ਕੀਤੇ ਗਏ ਹੋਰ ਬਹੁਤ ਸਾਰੇ ਕਾਰਜਾਂ ਨਾਲ਼ ਉਨ੍ਹਾਂ ਦੀ ਸ਼ਖ਼ਸੀਅਤ ਦੇ ਰੰਗ ਉੱਘੜਦੇ ਹਨ। ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ, ਪਰੈੱਸ ਦੀ ਸਥਾਪਨ ਕਰ ਕੇ ਵੱਡੀ ਮਾਤਰਾ ਵਿੱਚ ਸਾਹਿਤ ਪ੍ਰਕਾਸਿ਼ਤ ਕਰਨਾ ਅਤੇ ਵੰਡਣਾ, ਸਮੇਂ ਨਾਲ਼ ਸੰਵਾਦ ਰਚਾਉਣ ਹਿਤ ਲਿਖੇ ਗਏ ਟ੍ਰੈਕਟ ਆਦਿ ਇਨ੍ਹਾਂ ਕੰਮਾਂ ਵਿੱਚ ਸ਼ਾਮਿਲ ਹਨ।'
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਵੀਰ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫ਼ਰੰਸ ਦੇ ਆਗਾਜ਼ ਮੌਕੇ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਦਵਾਨਾਂ ਨੇ ਕੀਤਾ।
ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਭਾਈ ਵੀਰ ਸਿੰਘ ਚੇਅਰ ਵੱਲੋਂ ਕਰਵਾਈ ਜਾ ਰਹੀ ਇਸ ਵਿਸ਼ਵ ਕਾਨਫ਼ਰੰਸ ਦੇ ਉਦਘਾਟਨੀ ਸ਼ਬਦ ਬੋਲਦਿਆਂ ਪੰਜਾਬ ਸਰਕਾਰ ਤੋਂ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ ਨੇ ਭਾਈ ਵੀਰ ਸਿੰਘ ਦੇ ਸਾਹਿਤ ਦੇ ਹਵਾਲੇ ਨਾਲ਼ ਕਿਹਾ ਕਿ ਸਾਨੂੰ ਸਾਹਿਤ ਦੇ ਪਾਸਾਰ ਨੂੰ ਆਮ ਲੋਕਾਈ ਤੱਕ ਲੈ ਕੇ ਜਾਣ ਦੀ ਲੋੜ ਹੈ। ਸਾਹਿਤ ਦੀ ਪਹੁੰਚ ਦਾ ਦਾਇਰਾ ਵਸੀਹ ਕੀਤੇ ਜਾਣ ਲਈ ਸਭ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਮੁੱਖ-ਸੁਰ ਭਾਸ਼ਣ ਵਿੱਚ ਪ੍ਰੋ. ਸਤਿੰਦਰ ਸਿੰਘ ਨੇ ਟਿੱਪਣੀ ਕੀਤੀ ਕਿ ਭਾਈ ਵੀਰ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਸਿਰਫ਼ ਲਿਖਿਆ ਹੀ ਨਹੀਂ ਬਲਕਿ ਅੱਜ ਜੋ ਪੰਜਾਬੀ ਭਾਸ਼ਾ ਨੂੰ ਰੁਤਬਾ ਹਾਸਿਲ ਹੈ ਉਸ ਵਿੱਚ ਉਨ੍ਹਾਂ ਦੀ ਮੋਢੀ ਭੂਮਿਕਾ ਰਹੀ ਹੈ। ਪੰਜਾਬੀ ਭਾਸ਼ਾ ਦੀ ਵਰਤਮਾਨ ਸ਼ੈਲੀ, ਜਿਸ ਨੂੰ ਅਸੀਂ ਆਧੁਨਿਕ ਮੁਹਾਵਰਾ ਆਖਦੇ ਹਾਂ, ਉਸ ਦੇ ਨਿਰਮਾਣ ਵਿੱਚ ਭਾਈ ਵੀਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਆਪਣੇ ਸਾਹਿਤ ਅਤੇ ਹੋਰਨਾਂ ਉਸਾਰੂ ਕਾਰਜਾਂ ਨਾਲ਼ ਬਹੁਤ ਸਾਰੀਆਂ ਨਵੀਆਂ ਪਿਰਤਾਂ ਪਾਈਆਂ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੇ ਖੇਤਰਾਂ ਵਿੱਚ ਮੋਢੀ ਹੋਣ ਦਾ ਰੁਤਬਾ ਹਾਸਿਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਾਈ ਵੀਰ ਸਿੰਘ ਦੀ ਸ਼਼ਖ਼ਸੀਅਤ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਸਮਝਣ ਦੀ ਹਾਲੇ ਵੀ ਲੋੜ ਹੈ।
ਉਦਘਾਟਨੀ ਸੈਸ਼ਨ ਦੌਰਾਨ ਡਾ. ਰਵੇਲ ਸਿੰਘ ਨੇ ਥੀਮ ਸੰਬੰਧੀ ਜਾਣਕਾਰੀ ਦੌਰਾਨ ਕਿਹਾ ਕਿ ਭਾਈ ਵੀਰ ਸਿੰਘ ਦੀ ਵਾਰਤਕ ਨੂੰ ਹਾਲੇ ਤੱਕ ਓਨੇ ਗਹਿਰੇ ਅਧਿਐਨ ਰਾਹੀਂ ਨਹੀਂ ਵਾਚਿਆ ਗਿਆ। ਉਨ੍ਹਾਂ ਭਾਈ ਸਾਹਿਬ ਦੇ ਟ੍ਰੈਕਟਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਵਾਰਤਕ ਰਾਹੀਂ ਆਪਣੇ ਸਮੇਂ ਨਾਲ਼ ਸੰਵਾਦ ਰਚਾ ਰਹੇ ਸਨ। ਉਸ ਸਮੇਂ ਜਦੋਂ ਦੇਸ ਅਜ਼ਾਦ ਹੋ ਰਿਹਾ ਸੀ ਅਤੇ ਸਾਡੀ ਕੌਮ ਨੂੰ ਆਪਣੇ ਭਵਿੱਖ ਦੇ ਨਿਰਮਾਣ ਲਈ ਬਹੁਤ ਸਾਰੇ ਨਿਰਣਾਇਕ ਮੁੱਦਿਆਂ ਉੱਤੇ ਸਪਸ਼ਟਤਾ ਦੀ ਲੋੜ ਸੀ ਤਾਂ ਭਾਈ ਵੀਰ ਸਿੰਘ ਇਨ੍ਹਾਂ ਟ੍ਰੈਕਟਾਂ ਰਾਹੀਂ ਇਸ ਬਾਰੇ ਸੰਵਾਦ ਰਚਾਉਣ ਦੀ ਕੋਸਿ਼ਸ਼ ਕਰ ਰਹੇ ਸਨ।
ਪਦਮ ਸ੍ਰੀ ਬਾਬਾ ਸੇਵਾ ਸਿੰਘ, ਖਡੂਰ ਸਾਹਿਬ, ਜੋ ਕਿ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਿ਼ਰ ਹੋਏ ਸਨ, ਵੱਲੋਂ ਭਾਈ ਵੀਰ ਸਿੰਘ ਦੀ ਕਵਿਤਾ 'ਡਾਲੀ ਨਾਲ਼ੋਂ ਤੋੜ ਨਾ ਸਾਨੂੰ' ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਉਹ ਕਿਸ ਤਰ੍ਹਾਂ ਕੁਦਰਤ ਨਾਲ਼ ਇੱਕਮਿਕ ਹੋਣ ਦਾ ਸਬਕ ਦੇ ਰਹੇ ਸਨ ਜਿਸ ਬਾਰੇ ਸਾਨੂੰ ਅੱਜ ਵੀ ਸਮਝਣ ਦੀ ਲੋੜ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਤਿੰਨ ਨੁਕਤਿਆਂ ਤੋਂ ਵਿਸ਼ੇਸ਼ ਤੌਰ ਉੱਤੇ ਯਾਦ ਕੀਤਾ ਜਾ ਸਕਦਾ ਹੈ। ਪਹਿਲਾ ਇਹ ਕਿ ਉਨ੍ਹਾਂ ਨੇ ਉਸ ਦੌਰ ਵਿਚ ਪੰਜਾਬੀ ਭਾਸ਼ਾ ਨੂੰ ਆਪਣੇ ਪ੍ਰਗਟਾਅ ਮਾਧਿਅਮ ਵਜੋਂ ਵਜੋਂ ਚੁਣਿਆ ਜਦੋਂ ਉਨ੍ਹਾਂ ਦੇ ਆਲੇ-ਦੁਆਲੇ ਹੋਰਨਾਂ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ। ਬਲਕਿ ਉਨ੍ਹਾਂ ਦੇ ਵਡੇਰਿਆਂ ਵੱਲੋਂ ਵੀ ਉਨ੍ਹਾਂ ਨੂੰ ਪੰਜਾਬੀ ਦੀ ਬਜਾਏ ਹੋਰ ਭਾਸ਼ਾਵਾਂ ਵਿੱਚ ਲਿਖਣ ਦੀ ਸਲਾਹ ਦਿੱਤੀ ਗਈ ਸੀ। ਦੂਜਾ ਇਹ ਕਿ ਉਨ੍ਹਾਂ ਵੱਲੋਂ ਅਜਿਹੀਆਂ ਸਿਨਫਾਂ ਵਿੱਚ ਕੰਮ ਕਰਨਾ ਚੁਣਿਆ ਜੋ ਉਸ ਸਮੇਂ ਤੱਕ ਪੰਜਾਬੀ ਵਿਚ ਮਕਬੂਲ ਨਹੀਂ ਸਨ। ਤੀਜਾ ਨੁਕਤਾ ਇਹ ਹੈ ਕਿ ਅਜਿਹੇ ਲੋਕ, ਜੋ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਵੀ ਹੋਣ, ਉਹ ਵੀ ਭਾਈ ਸਾਹਿਬ ਦੀ ਸ਼ਖ਼ਸੀਅਤ ਦੀ ਕਦਰ ਕਰਦੇ ਹਨ।
ਭਾਈ ਵੀਰ ਸਿੰਘ ਚੇਅਰ ਦੇ ਇੰਚਾਰਜ ਪ੍ਰੋ. ਹਰਜੋਧ ਸਿੰਘ ਨੇ ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਭਾਈ ਵੀਰ ਸਿੰਘ ਦੇ ਪਰਿਵਾਰਕ ਪਿਛੋਕੜ ਬਾਰੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।
ਉਦਘਾਟਨੀ ਸੈਸ਼ਨ ਦੌਰਾਨ ਸੁਰਜੀਤ ਪਾਤਰ ਅਤੇ ਸਵਰਾਜਬੀਰ, ਸੰਪਾਦਕ ਪੰਜਾਬੀ ਟ੍ਰਿਬਿਊਨ ਵੱਲੋਂ ਸੰਪਦਿਤ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਨਾਲ਼ ਸੰਬੰਧਤ ਪੁਸਤਕਾਂ ਵਿਸ਼ੇਸ਼ ਤੌਰ ਉੱਤੇ ਰਿਲੀਜ਼ ਕੀਤੀਆਂ ਗਈਆਂ। ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਮਸ਼ੀਨ ਅਨੁਵਾਦ ਦੇ ਸਹਾਰੇ ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਦਾ 'ਸ਼ਾਹਮੁਖੀ' ਲਿਪੀ ਵਿੱਚ ਤਰਜਮਾ ਵੀ ਕੀਤਾ ਗਿਆ ਹੈ ਤਾਂ ਕਿ ਸੰਸਾਰ ਭਰ ਵਿੱਚ ਸਮੁੱਚਾ ਪੰਜਾਬੀ ਜਗਤ ਉਨ੍ਹਾਂ ਦੀਆਂ ਰਚਨਾਵਾਂ ਨੂੰ ਮਾਣ ਸਕੇ।
ਉਦਘਾਟਨੀ ਸੈਸ਼ਨ ਤੋਂ ਪਹਿਲਾਂ ਇਸ ਕਾਨਫ਼ਰੰਸ ਦੇ ਇੱਕ ਹਿੱਸੇ ਵਜੋਂ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਉੱਤੇ ਅਧਾਰਰਿਤ ਕਲਾ ਪ੍ਰਦਰਸ਼ਨੀ ਦਾ ਚੀਫ਼ ਸੈਕਟਰੀ ਵਿਜੇ ਕੁਮਾਰ ਜੰਜੂਆ ਅਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਉਦਘਾਟਨ ਕੀਤਾ ਗਿਆ। । ਸ੍ਰ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ਵੱਲੋਂ ਅਜਾਇਬ ਘਰ ਅਤੇ ਕਲਾ ਗੈਲਰੀ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਇਹ ਪ੍ਰਦਰਸ਼ਨੀ 28 ਫਰਵਰੀ ਤੱਕ ਜਾਰੀ ਰਹੇਗੀ। ਫ਼ੋਟੋ ਆਰਟਿਸਟ ਅਤੇ ਸਮਾਜ ਸੇਵੀ ਰਣਜੋਧ ਸਿੰਘ ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜਿ਼ਰ ਹੋਏ।