ਘੱਟ ਗਿਣਤੀ ਕਮਿਸ਼ਨ ਹੀ ਘੱਟ ਗਿਣਤੀ ਭਾਈਚਾਰਿਆਂ ਦੀ ਰਾਖੀ ਤੋਂ ਹੋਇਆ ਬੇਮੁਖ : ਸਵਰਨ ਸਿੰਘ (ਰਿਟਾ: ਆਈਏਐਸ)
• ਘੱਟ ਗਿਣਤੀ ਕਮਿਸ਼ਨ ਨੇ ਇਕ ਉਚ ਪੱਧਰੀ ਮੀਟਿੰਗ ਵਿੱਚ ਭਾਜਪਾ-ਆਰ.ਐਸ.ਐਸ. ਦੀਆਂ ਨੀਤੀਆਂ ਦੀ ਕੀਤੀ ਪ੍ਰੋੜ੍ਹਤਾ
• ਚੇਅਰਮੈਨ ਵਲੋਂ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਨੂੰ ਅਣਗੌਲਿਆਂ ਕਰਨਾ ਮੰਦਭਾਗਾ
ਮੋਹਾਲੀ, 23 ਫਰਵਰੀ 2023 - ਘੱਟ ਗਿਣਤੀ ਭਾਈਚਾਰਾ ਦੇਸ਼ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਪ੍ਰਚਾਰ ਕਰਕੇ ਭਾਜਪਾ-ਆਰਐਸਐਸ ਵਲੋਂ ਅੰਦਰਖਾਤੇ ਘੱਟ ਗਿਣਤੀਆਂ ਨੂੰ ਕੁਚਲਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਡਾ. ਸਵਰਨ ਸਿੰਘ ਸੇਵਾਮੁਕਤ ਆਈਏਐਸ ਅਫ਼ਸਰ ਨੇ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਘੱਟ ਗਿਣਤੀ ਕਮਿਸ਼ਨ ਹੀ ਘੱਟ ਗਿਣਤੀ ਭਾਈਚਾਰਿਆਂ ਦੀ ਰਾਖੀ ਤੋਂ ਹੋਇਆ ਬੇਮੁਖ : ਸਵਰਨ ਸਿੰਘ (ਰਿਟਾ: ਆਈਏਐਸ) (ਵੀਡੀਓ ਵੀ ਦੇਖੋ)
ਡਾ. ਸਵਰਨ ਸਿੰਘ ਨੇ ਅੱਗੇ ਦੱਸਿਆ ਕਿ ਬੀਤੀ 21 ਫਰਵਰੀ ਨੂੰ ਚੰਡੀਗੜ੍ਹ ਵਿਖੇ ਸ. ਇਕਬਾਲ ਸਿੰਘ ਲਾਲਪੁਰਾ ਚੇਅਰਨਮੈਨ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਸੱਦੀ ਗਈ, ਜਿਸ ਵਿਚ ਮੈਨੂੰ ਸਿੱਖਾਂ ਦੇ ਪ੍ਰਤੀਨਿਧ ਦੇ ਤੌਰ ‘ਤੇ ਸੱਦਾ ਦਿੱਤਾ ਗਿਆ। ਜਦੋਂ ਕਮਿਸ਼ਨ ਦੇ ਚੇਅਰਮੈਨ ਨੇ ਸਿੱਖਾਂ ਨੂੰ ਟਾਇਮ ਦੇਣ ਤੋਂ ਅਣਗੌਲਿਆਂ ਕੀਤਾ ਅਤੇ ਕਿਹਾ ਕਿ ਸਾਰੇ ਭਾਰਤੀ ਹਿੰਦੂ ਹਨ, ਤਾਂ ਮੇਰੇ ਅਤੇ ਇਕਬਾਲ ਸਿੰਘ ਵਿਚਾਲੇ ਤਿੱਖੀ ਸ਼ਬਦੀ ਬਹਿਸ ਹੋਈ।
ਇਕਬਾਲ ਸਿੰਘ ਲਾਲਪੁਰਾ ਨੇ ਆਪਣੇ ਸ਼ੁਰੂ ਦੇ ਅੱਧੇ ਘੰਟੇ ਦੇ ਭਾਸ਼ਣ ਵਿਚ ਮੋਦੀ ਸਰਕਾਰ ਦੀ ਪ੍ਰਸ਼ੰਸ਼ਾ ਅਤੇ ਪ੍ਰਾਪਤੀਆਂ ਦੇ ਹੀ ਪੁਲ ਬੰਨੇ। ਉਹਨਾਂ ਦਾ ਮੁੱਖ ਮਕਸਦ ਸਮੂਹ ਘੱਟ ਗਿਣਤੀ ਭਾਈਚਾਰਿਆਂ ਨੂੰ ਇਕ ਸੰਵਿਧਾਨ ਅਧੀਨ ਹਿੰਦੂ ਗਰਦਾਨਣਾ ਸੀ। ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਇਹ ਸਥਿਤੀ ਮਨਜ਼ੂਰ ਨਹੀਂ, ਉਹ ਦੇਸ਼ ਛੱਡ ਕੇ ਜਾ ਸਕਦੇ ਹਨ। ਡਾਕਟਰ ਸਵਰਨ ਸਿੰਘ ਨੇ ਕਿਹਾ ਕਿ ਚੇਅਰਮੈਨ ਦੇ ਇਸ ਬਿਆਨ ਵਿਚੋਂ ਭਾਜਪਾ-ਆਰਐਸਐਸ ਦੀ ਛੁਪੇ ਹਿੰਦੂਤਵ ਰਾਸ਼ਟਰ ਦੀ ਝਲਕ ਦਿਖਾਈ ਦੇ ਰਹੀ ਸੀ। ਉਹਨਾਂ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਈਸਾਈ, ਮੁਸਲਿਮ, ਬੋਧੀ, ਸਿੱਖ ਅਤੇ ਜੈਨ ਧਰਮ ਦੇ ਲੋਕਾਂ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ, ਪਰ ਸਿੱਖ ਭਾਈਚਾਰੇ ਦੇ ਪ੍ਰਤੀਨਿਧ ਨੂੰ ਦੂਜੇ ਭਾਈਚਾਰਿਆਂ ਦੇ ਕਹਿਣ ਬਾਅਦ ਸਮਾਂ ਦੇਣਾ, ਦੁਨੀਆਂ ਭਰ ਵਿਚ ਵਸਦੇ ਸਿੱਖ ਭਾਈਚਾਰੇ ਨਾਲ ਵੱਡੀ ਸ਼ਾਜਿਸ਼ ਅਤੇ ਧੋਖਾ ਹੈ।
ਸਵਰਨ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਕੋਈ ਘੱਟ ਗਿਣਤੀ ਵਿਚੋਂ ਆਪਣੇ ਹੱਕ ਮੰਗਣ ਦੀ ਜੁਅਰੱਤ ਕਰਦਾ ਹੈ ਤਾਂ ਲੋਕਤੰਤਰ ਨੂੰ ਖ਼ਤਰੇ ਦਾ ਹਵਾਲਾ ਦੇ ਕੇ ਉਸ ਨੂੰ ਅੱਤਵਾਦੀ-ਵੱਖਵਾਦੀ ਗਰਦਾਨਿਆਂ ਜਾਂਦਾ ਹੈ ਅਤੇ ਉਸ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਪਰ ਇਕ ਟੀ.ਵੀ. ਚੈਨਲ ਏਬੀਪੀ ਨਿਊਜ਼ ‘ਤੇ ਰੋਜ਼ਾਨਾ ਬਾਲੇਸ਼ਵਰ ਧਾਮ ਦੇ ਸ਼ਾਸ਼ਤਰੀ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰ ਰਹੇ ਹਨ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ, ਜਦਕਿ ਮੋਦੀ ਅਤੇ ਆਰ.ਐਸ.ਐਸ. ਇਸ ਉਤੇ ਚੁੱਪੀ ਧਾਰ ਕੇ ਸਹਿਮਤੀ ਦੇ ਰਹੇ ਹਨ। ਜੇਕਰ ਬਾਲੇਸ਼ਵਰ ਧਾਮ ਦੇ ਸ਼ਾਸ਼ਤਰੀ ਉੱਤੇ ਦੇਸ਼ ਧਰੋਹੀ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਘੱਟ ਗਿਣਤੀ ਲੋਕਾਂ ਵਲੋਂ ਵੱਖਰੇ ਰਾਸ਼ਟਰ ਮੰਗਣ ਉਤੇ ਵਿਤਕਰਾ ਕਿਉਂ?
ਸਵਰਨ ਸਿੰਘ ਨੇ ਦੱਸਿਆ ਕਿ ਇਹ ਸਭ ਸੁਣ ਕੇ ਚੇਅਰਮੈਨ ਦਾ ਪਾਰਾ ਸੱਤਵੇਂ ਅਸਮਾਨ ‘ਤੇ ਚੜ ਗਿਆ ਅਤੇ ਸਵਰਨ ਸਿੰਘ ਨੂੰ ਬੁਰਾ ਭਲਾ ਕਹਿ ਕੇ ਮੀਟਿੰਗ ਵਿਚੋਂ ਬਾਹਰ ਕੱਢ ਦਿਤਾ, ਜਿਹੜਾ ਕਿ ਸਿੱਖ ਭਾਈਚਾਰੇ ਦਾ ਸਿੱਧੇ ਤੌਰ ਉਤੇ ਅਪਮਾਨ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਇਹ ਸਾਬਤ ਹੁੰਦਾ ਹੈ ਕਿ ਇਕਬਾਲ ਸਿੰਘ ਲਾਲਪੁਰਾ ਨੂੰ ਭਾਜਪਾ ਵਲੋਂ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਇਸ ਕਰਕੇ ਲਗਾਇਆ ਹੈ ਕਿ ਉਹ ਸਰਕਾਰੀ ਖਰਚ ਉਤੇ ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਅਤੇ ਸਮੂਹ ਘੱਟ ਗਿਣਤੀਆਂ ਨੂੰ ਭਰਮਾ ਕੇ ਹਿੰਦੂ ਰਾਸ਼ਟਰ ਬਣਾਉਣ ਦਾ ਮੁੱਦਾ ਅਗੇ ਲੈ ਕੇ ਆਉਣ।
ਜਦੋਂ ਇਸ ਸਬੰਧੀ ਇਕਬਾਲ ਸਿੰਘ ਲਾਲਪੁਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੀਜੀ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ।