ਬਠਿੰਡਾ ਫਾਈਰਿੰਗ: FIR ਸਾਹਮਣੇ ਆਉਣ 'ਤੇ ਫਾਇਰਿੰਗ 'ਚ ਆਇਆ ਨਵਾਂ ਮੋੜ, ਚਿੱਟੇ ਕੁੜਤੇ-ਪਜ਼ਾਮੇ 'ਚ ਆਏ ਸਨ ਹਮਲਾਵਰ
ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 20230:ਅੱਜ ਸਵੇਰੇ ਕਰੀਬ 4:30 ਵਜੇ ਬਠਿੰਡਾ ਫੌਜੀ ਛਾਉਣੀ ’ਚ ਵਾਪਰੀ ਗੋਲ਼ੀਬਾਰੀ ਦੀ ਘਟਨਾ ਦੌਰਾਨ ਸ਼ਹੀਦ ਹੋਏ ਤੋਪਖਾਨੇ ਦੇ 4 ਜਵਾਨਾਂ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਧਰ ਪੁਲਿਸ ਅਤੇ ਫੌਜ਼ ਦੀ ਜਾਂਚ ਟੀਮਾਂ ਨੂੰ ਗੁੰਮ ਹੋਈ ਇਨਸਾਸ ਰਾਈਫਲ ਅਤੇ ਮੈਗਜ਼ੀਨ ਬਰਾਮਦ ਕਰ ਲਿਆ ਹੈ।
ਐਸਪੀ (ਡੀ) ਬਠਿੰਡਾ ਅਜੈ ਗਾਂਧੀ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਫੌਜੀ ਜਵਾਨ ਬੈਰਕ ਵਿੱਚ ਸੌਂ ਰਹੇ ਸਨ। ਘਟਨਾ ਤੋਂ ਤੁਰੰਤ ਬਾਅਦ ਉਥੇ ਡਿਊਟੀ ’ਤੇ ਤਾਇਨਾਤ ਫੌਜ ਦੇ ਜਵਾਨਾਂ ਨੇ ਕੁੜਤੇ-ਪਜਾਮੇ ਪਹਿਨੀ ਅਤੇ ਢਕੇ ਚਿਹਰਿਆਂ ਵਾਲੇ ਦੋ ਵਿਅਕਤੀਆਂ ਨੂੰ ਵੇਖਿਆ।
ਉਨ੍ਹਾਂ ਵਿੱਚੋਂ ਇੱਕ ਦੇ ਹੱਥ ’ਚ ਇਨਸਾਸ ਰਾਈਫਲ ਅਤੇ ਦੂਜੇ ਦੇ ਹੱਥ ’ਚ ਕੁਹਾੜੀ ਫੜ੍ਹੀ ਹੋਈ ਸੀ। ਜਵਾਨਾਂ ਦੀ ਨਜ਼ਰ ਪੈਣ ’ਤੇ ਦੋਨੋਂ ਜੰਗਲ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੀ ਜਗ੍ਹਾ ਤੋਂ ਕਾਰਤੂਸਾਂ ਦੇ 19 ਖੋਲ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਫ਼ੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ’ਚ ਕਿਸੇ ਦੋਸ਼ੀ ਦੀ ਗਿ੍ਰਫ਼ਤਾਰੀ ਹੋਣ ਤੋਂ ਇਨਕਾਰ ਕੀਤਾ ਅਤੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਮਾਮਲੇ ਸਬੰਧੀ ਪ੍ਰਤੱਖਦਰਸ਼ੀ ਜਵਾਨ ਦੇ ਬਿਆਨਾਂ ’ਤੇ ਥਾਣਾ ਕੈਂਟ ਵਿਚ ਦੋ ਅਣਪਛਾਤੇ ਕਾਤਲਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਸ਼ਹੀਦ ਜਵਾਨਾਂ ਦੇ ਨਾਮ ਡੀਐਮਟੀ ਸੰਤੋਸ਼, ਡੀਐਮਟੀ ਕਮਲੇਸ਼, ਗਨਰ ਯੋਗੇਸ਼ ਕੁਮਾਰ ਅਤੇ ਡਰਾਈਵਰ ਸਾਗਰਬਨ ਦੱਸੇ ਜਾ ਰਹੇ ਹਨ। ਮਿ੍ਰਤਕ ਸੈਨਿਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਅਤੇ ਘਟਨਾ ਬਾਰੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਦੋ ਦਿਨ ਪਹਿਲਾਂ ਛਾਉਣੀ ਦੇ ਅੰਦਰੋਂ ਇੱਕ ਇਨਸਾਸ (ਇੰਡੀਅਨ ਸਮਾਲ ਆਰਮਸ ਸਿਸਟਮ) ਰਾਈਫਲ ਅਤੇ 28 ਕਾਰਤੂਸ ਗੁੰਮ ਹੋਏ ਸਨ। ਇਸ ਗੁੰਮਸ਼ੁਦਗੀ ਬਾਰੇ ਮੰਗਲਵਾਰ ਸ਼ਾਮ ਨੂੰ ਫੌਜ ਪ੍ਰਸ਼ਾਸਨ ਨੇ ਬਠਿੰਡਾ ਦੇ ਥਾਣਾ ਕੈਂਟ ਵਿੱਚ ਜਾਣਕਾਰੀ ਦਿੱਤੀ ਸੀ, ਜਿਸ ਦੀ ਪੁਸ਼ਟੀ ਥਾਣੇ ਦੇ ਐਸਐਚਓ ਗੁਰਦੀਪ ਸਿੰਘ ਨੇ ਕੀਤੀ ਹੈ।
ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਛਾਉਣੀ ’ਚ ਸਥਿਤ ਕੇਂਦਰੀ ਵਿਦਿਆਲਿਆ ਵਿੱਚ ਅੱਜ ਛੁੱਟੀ ਕਰ ਦਿੱਤੀ ਗਈ। ਫੌਜ ਪ੍ਰਸ਼ਾਸਨ ਨੇ ਅੱਜ ਛਾਉਣੀ ਵਿੱਚ ਕੰਮ ਕਰਨ ਵਾਲੇ ਸਿਵਲੀਅਨ ਲੋਕਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਛਾਉਣੀ ਦੇ ਵਿਚਕਾਰੋਂ ਲੰਘਦੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ-64 ਦੀ ਸਲਿੱਪ ਰੋਡ ਵੀ ਬੰਦ ਕਰ ਦਿੱਤੀ ਗਈ ਅਤੇ ਇੱਥੇ ਹਥਿਆਰਬੰਦ ਜਵਾਨ ਤਾਇਨਾਤ ਕਰ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਏਸ਼ੀਆ ਦੀਆਂ ਵੱਡੀਆਂ ਛਾਉਣੀਆਂ ’ਚੋਂ ਇੱਕ ਇਸ ਛਾਉਣੀ ਦੀ ਬਾਊਂਡਰੀ ਕਰੀਬ 45 ਕਿਲੋਮੀਟਰ ਹੈ। ਇਸ ਛਾਉਣੀ ਦਾ ਅਸਲਾ ਡਿੱਪੂ ਵੀ ਦੇਸ਼ ਦੇ ਵੱਡੇ ਡਿੱਪੂਆਂ ’ਚ ਸ਼ੁਮਾਰ ਹੈ। ਛਾਉਣੀ ਦਾ ਆਪਣਾ ਰੇਲਵੇ ਸਟੇਸ਼ਨ ਹੈ। ਸੁਰੱਖਿਆ ਦੇ ਲਿਹਾਜ ਤੋਂ ਛਾਉਣੀ ਦੇ ਆਲੇ-ਦੁਆਲੇ ਬਾਊਂਡਰੀ ਬਣੀ ਹੋਈ ਹੈ। ਛਾਉਣੀ ਵਿੱਚ ਵੱਡੀ ਗਿਣਤੀ ਵਿਚ ਆਰਮੀ ਅਪਰੇਸ਼ਨਲ ਯੂਨਿਟ ਵੀ ਹਨ। ਬਠਿੰਡਾ ਵਿੱਚ ਫੌਜ ਦੀ 10 ਕੌਰਪਸ ਦਾ ਹੈੱਡਕੁਆਟਰ ਹੈ।
ਅੱਤਵਾਦੀ ਵਾਰਦਾਤ ਨਹੀਂ: ਏਡੀਜੀਪੀ
ਬਠਿੰਡਾ ਜ਼ੋਨ ਦੇ ਏਡੀਜੀਪੀ ਐਸਏਐਸ ਪਰਮਾਰ ਨੇ ਕਿਸੇ ਬਾਹਰੀ ਹਮਲੇ ਦੀਆਂ ਸੰਭਾਵਨਾਵਾਂ ਜਾਂ ਅੱਤਵਾਦ ਨਾਲ ਜੋੜੇ ਜਾਣ ਦੀ ਚਰਚਾ ਨੂੰ ਮੂਲੋਂ ਰੱਦ ਕੀਤਾ ਹੈ।