ਕਪੂਰਥਲਾ ਜ਼ਿਲ੍ਹੇ ਵਿਚ ਵਿਸ਼ੇਸ਼ ਗਿਰਦਾਵਰੀ ਦਾ ਕੰਮ 80 ਫੀਸਦੀ ਤੋਂ ਵੱਧ ਮੁਕੰਮਲ
ਬਲਵਿੰਦਰ ਸਿੰਘ ਧਾਲੀਵਾਲ
- ਮਾਲ ਤੇ ਖੇਤੀਬਾੜੀ ਵਿਭਾਗ ਨੂੰ ਬਾਕੀ ਕੰਮ ਤੇਜੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼
- ਅਗਲੇ 2-3 ਦਿਨਾਂ ਦੌਰਾਨ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
- ਬਿਆਸ ਦਰਿਆ ਵਲੋਂ ਲਾਈ ਜਾਂਦੀ ਢਾਹ ਨੂੰ ਰੋਕਣ ਲਈ ਡਰੇਨਜ਼ ਵਿਭਾਗ ਨੂੰ ਤੁਰੰਤ ਕਾਰਵਾਈ ਦੇ ਹੁਕਮ
- ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ- ਕਿਸਾਨਾਂ ਨੂੰ ਸੁੱਕੀ ਫਸਲ ਮੰਡੀਆਂ ਵਿਚ ਲੈ ਕੇ ਆਉਣ ਦੀ ਅਪੀਲ
ਸੁਲਤਾਨਪੁਰ ਲੋਧੀ, 13 ਅਪ੍ਰੈਲ 2023 - ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਹੈ ਕਿ ਜਿਲ੍ਹੇ ਵਿਚ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈ ਕਣਕ ਤੇ ਹੋਰ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਕੰਮ 80 ਫੀਸਦੀ ਤੋਂ ਵੱਧ ਮੁਕੰਮਲ ਹੋ ਗਿਆ ਹੈ।
ਅੱਜ ਸੁਲਤਾਨਪੁਰ ਲੋਧੀ ਉਪ ਮੰਡਲ ਵਿਖੇ ਵਿਖੇ ਮੰਡ ਖੇਤਰ ਅੰਦਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉਨਾਂ ਵਿਸ਼ੇਸ਼ ਗਿਰਦਾਵਰੀ ਦੇ ਕੰਮ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਪੂਰਥਲਾ ਜ਼ਿਲ੍ਹੇ ਵਿਚ ਵਿਸ਼ੇਸ਼ ਗਿਰਦਾਵਰੀ ਦਾ ਕੰਮ 80 ਫੀਸਦੀ ਤੋਂ ਵੱਧ ਮੁਕੰਮਲ (ਵੀਡੀਓ ਵੀ ਦੇਖੋ)
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਹੁਕਮਾਂ ਤੋਂ ਬਾਅਦ ਮਾਲ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਵਿਸ਼ੇਸ਼ ਗਿਰਦਾਵਰੀ ਦਾ ਕੰਮ ਪਿੰਡ-ਪਿੰਡ ਜਾ ਕੇ ਕੀਤਾ ਜਾ ਰਿਹਾ ਹੈ, ਤਾਂ ਕੋਈ ਵੀ ਅਜਿਹਾ ਕਿਸਾਨ ਮੁਆਵਜ਼ੇ ਤੋਂ ਵਾਂਝਾ ਨਾ ਰਹੇ ਜਿਸਦੀ ਫਸਲ ਦਾ ਨੁਕਸਾਨ ਹੋਇਆ ਹੋਵੇ।
ਉਨ੍ਹਾਂ ਗੁੱਦਾ ਤੇ ਆਹਲੀ ਕਲਾਂ ਵਿਖੇ ਖੁਦ ਖੇਤਾਂ ਵਿਚ ਜਾ ਕੇ ਖਰਾਬ ਹੋਈ ਫਸਲ ਦਾ ਮੁਲਾਂਕਣ ਕੀਤਾ ਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮਾਲ ਵਿਭਾਗ ਤੇ ਖੇਤੀਬਾੜੀ ਵਿਭਾਗ ਵਲੋਂ ਮੁਕੰਮਲ ਗਿਰਦਾਵਰੀ ਸਬੰਧੀ ਰਿਪੋਰਟ ਦੇਣ ਦੇਣ ਪਿੱਛੋਂ ਤੁਰੰਤ ਉਨ੍ਹਾਂ ਦੇ ਖਾਤਿਆਂ ਵਿਚ ਮੁਆਵਜ਼ੇ ਦੀ ਰਕਮ ਟਰਾਂਸਫਰ ਕਰ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਮੁਆਵਾਜ਼ਾ ਰਾਸ਼ੀ ਵਿਚ ਇਸ ਵਾਰ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਕਿਸਾਨਾਂ ਨੇ ਬਿਆਸ ਦਰਿਆ ਵਲੋਂ ਜ਼ਮੀਨ ਨੂੰ ਲਾਈ ਜਾਂਦੀ ਢਾਹ ਤੇ ਧੁੱਸੀ ਬੰਨ੍ਹ ਨੂੰ ਦਰਪੇਸ਼ ਖਤਰੇ ਬਾਰੇ ਉਠਾਏ ਗਏ ਮੁੱਦੇ ’ਤੇ ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਨੂੰ ਕਿਹਾ ਕਿ ਉਹ ਤੁਰੰਤ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕਰਨ ਤਾਂ ਜੋ ਮਾਨਸੂਨ ਦੇ ਸੀਜ਼ਨ ਤੋਂ ਪਹਿਲਾਂ- ਪਹਿਲਾਂ ਲੋੜ ਅਨੁਸਾਰ ਸਟੱਡ ਲਾਉਣ ਦਾ ਕੰਮ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਣਕ ਦੀ ਸੁਚਾਰੂ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 15 ਅਪ੍ਰੈਲ ਮੰਡੀਆਂ ਵਿਚ ਕਣਕ ਦੀ ਆਮਦ ਵਿਚ ਤੇਜੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਡੀਸੀ ਸਾਰੰਗਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣਾ ਯਕੀਨੀ ਬਣਾਏਗੀ, ਜਿਸ ਲਈ ਜਿਲ੍ਹੇ ਵਿਚ 42 ਸਥਾਈ ਮੰਡੀਆਂ ਕਣਕ ਦੀ ਖ੍ਰੀਦ ਲਈ ਪੂਰੀ ਤਰ੍ਹਾਂ ਤਿਆਰ ਹਨ । ਉਨ੍ਹਾਂ ਕਿਹਾ ਕਿ ਖ੍ਰੀਦ ਏਜੰਸੀਆਂ ਨੂੰ ਮੰਡੀਆਂ ਦੀ ਅਲਾਟਮੈਂਟ ਕਰਨ ਦੇ ਨਾਲ-ਨਾਲ ਬਾਰਦਾਨੇ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।