ਕੈਨੇਡਾ: ਬੀਸੀ ਅਸੈਂਬਲੀ ਚੋਣਾਂ: ਬੀਸੀ ਦੇ ਸਰਬਪੱਖੀ ਵਿਕਾਸ ਅਤੇ ਸਰੀ ਦੇ ਨਿਰਮਾਣ ਕਾਰਜਾਂ ਨੂੰ ਸਿਰੇ ਚਾੜ੍ਹਨ ਲਈ ਐਨਡੀਪੀ ਵਚਨਬੱਧ ਹੈ - ਜਗਰੂਪ ਬਰਾੜ
ਹਰਦਮ ਮਾਨ
ਸਰੀ, 17 ਅਕਤੂਬਰ 2024 - ਬੀਸੀ ਐਨਡੀਪੀ ਸਰਕਾਰ ਪਿਛਲੇ 7 ਸਾਲ ਤੋਂ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾਲਾ ਬਣਾਉਣ ਲਈ ਯਤਨਸ਼ੀਲ ਹੈ ਅਤੇ ਸਰੀ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਸਰਕਾਰ ਵੱਲੋਂ ਸਰੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਅੱਗੇ ਵਧਣ ਲਈ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਇਹ ਵਿਚਾਰ ਸਰੀ ਫਲੀਟਵੁੱਡ ਤੋਂ ਚੋਣ ਲੜ ਰਹੇ ਬੀਸੀ ਐਨਡੀਪੀ ਉਮੀਦਵਾਰ ਜਗਰੂਪ ਸਿੰਘ ਬਰਾੜ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਜਗਰੂਪ ਬਰਾੜ ਪੰਜ ਵਾਰ ਐਮਐਲਏ ਰਹਿ ਚੁੱਕੇ ਹਨ ਅਤੇ ਮੌਜੂਦਾ ਸਰਕਾਰ ਵਿਚ ਵਪਾਰ ਮੰਤਰੀ ਵੀ ਹਨ।
ਉਹਨਾਂ ਸਰੀ ਵਿਚ ਨਵੇਂ ਹਸਪਤਾਲ, ਆਵਾਜਾਈ ਲਈ ਸਕਾਈਟਰੇਨ, ਪਟੂਲੋ ਬ੍ਰਿਜ ਦੀ ਨਵ ਉਸਾਰੀ ਅਤੇ ਛੋਟੇ ਕਾਰੋਬਾਰਾਂ ਦੇ ਵਿਸਥਾਰ ਲਈ ਕੀਤੇ ਜਾ ਰਹੇ ਯਤਨਾਂ ਅਤੇ ਐਨਡੀਪੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਚਰਚਾ ਕੀਤੀ। ਪੰਜਾਬੀ ਭਾਈਚਾਰੇ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੋੜਨ ਲਈ ਕੀਤੇ ਜਾ ਰਹੇ ਉਚੇਚੇ ਯਤਨਾਂ ਦਾ ਵੀ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਈਮਨ ਫਰੇਜ਼ਰ ਯੂਨੀਵਰਸਿਟੀ (ਐਸਐਫਯੂ) ਵਿਚ ਪੰਜਾਬੀ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ। ਐਨ ਡੀ ਪੀ ਸਰਕਾਰ ਵਲੋਂ ਪਹਿਲਾਂ ਹੀ ਐਸਐਫਯੂ ਵਿਚ ਇਕ ਮੈਡੀਕਲ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਤੇ ਉਸ ਵਾਸਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਕਾਲਜ ਦਾ ਮੁੱਖ ਉਦੇਸ਼ ਹੈ ਕਿ ਵਿਦਿਆਰਥੀ ਆਪਣੀ ਮੈਡੀਕਲ ਦੇ ਪੜ੍ਹਾਈ ਦੇ ਨਾਲ ਪੰਜਾਬੀ ਭਾਸ਼ਾ ਦੇ ਗਿਆਨ ਵੀ ਹਾਸਲ ਕਰਨ ਤਾਂ ਕਿ ਉਹਨਾਂ ਨੂੰ ਪੰਜਾਬੀ ਮਰੀਜ਼ਾਂ ਦੇ ਇਲਾਜ ਸਮੇਂ ਗੱਲ ਸਮਝਣ ਵਿਚ ਸਹੂਲਤ ਰਹੇ।
ਉਹਨਾਂ ਕਿਹਾ ਕਿ ਸਰੀ ਵਿਚ ਨਵੇਂ ਹਸਪਤਾਲ ਦੀ ਉਸਾਰੀ ਸਬੰਧੀ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਬੁਨਿਆਦ ਹੈ ਅਤੇ ਕੋਈ ਵੀ ਸ਼ਹਿਰੀ ਕਲੋਵਰਡੇਲ ਇਲਾਕੇ ਵਿਚ ਜਾ ਕੇ ਨਵੇਂ ਹਸਪਤਾਲ ਦੀ ਉਸਾਰੀ ਦੀ ਅਸਲੀਅਤ ਵੇਖ ਸਕਦਾ ਹੈ। ਨਵੇਂ ਹਸਪਤਾਲ ਦੀ ਉਸਾਰੀ ਲਈ 250 ਦੇ ਕਰੀਬ ਵਰਕਰ ਦਿਨ ਰਾਤ ਕੰਮ ਕਰ ਰਹੇ ਹਨ। ਐਨ ਡੀ ਪੀ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ 800 ਤੋਂ ਵਧੇਰੇ ਨਵੇਂ ਡਾਕਟਰ ਅਤੇ 6000 ਦੇ ਕਰੀਬ ਨਰਸਾਂ ਤੇ ਹੋਰ ਕਰਮਚਾਰੀਆਂ ਦੀ ਭਰਤੀ ਕੀਤੇ ਗਏ ਹਨ।
ਸਿੱਖਿਆ ਸਹੂਲਤਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਐਨ ਡੀ ਪੀ ਸਰਕਾਰ ਨੇ ਪਿਛਲੇ 7 ਸਾਲਾਂ ਵਿਚ ਸਰੀ ਵਿਚ ਲਗਪਗ 20 ਨਵੇਂ ਐਲੀਮੈਂਟਰੀ ਸਕੂਲ ਬਣਾਏ ਹਨ ਤੇ ਸੈਕੰਡਰੀ ਸਕੂਲਾਂ ਵਿਚ ਹਜ਼ਾਰਾਂ ਨਵੀਂ ਸਪੇਸ ਬਣਾਈਆਂ ਹਨ।
ਸਕੂਲਾਂ ਵਿਚ ਬੱਚਿਆਂ ਨੂੰ ਸੋਜੀ ਪ੍ਰੋਗਰਾਮ (ਸੈਕਸ ਆਧਾਰਿਤ ਲਿੰਗ ਪਛਾਣ) ਦੀ ਪੜ੍ਹਾਈ ਬਾਰੇ ਉਹਨਾਂ ਸਪੱਸ਼ਟ ਕੀਤਾ ਹੈ ਕਿ ਸੋਜੀ ਪ੍ਰੋਗਰਾਮ ਕਿਸੇ ਸਕੂਲ ਪਾਠਕ੍ਰਮ ਦਾ ਹਿੱਸਾ ਨਹੀ ਹੈ। ਇਹ ਕੇਵਲ ਅਧਿਆਪਕਾਂ ਲਈ ਸਹਾਇਕ ਬੁੱਕ ਦਾ ਹਿੱਸਾ ਹੈ ਤਾਂ ਕਿ ਸਕੂਲਾਂ ਵਿਚ ਜਿਹਨਾਂ ਬੱਚਿਆਂ ਨੂੰ ਲਿੰਗ ਆਧਾਰਤਿ ਬੁਲਿੰਗ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਉਹਨਾਂ ਨੂੰ ਇਕ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਇਹ ਬੱਚਿਆਂ ਨੂੰ ਧਰਮ, ਰੰਗ ਤੇ ਲਿੰਗ ਆਧਾਰਿਤ ਕਿਸੇ ਵੀ ਵਿਤਕਰੇ ਦੇ ਖਿਲਾਫ ਮਾਨਵੀ ਅਧਿਕਾਰਾਂ ਦੀ ਸੁਰੱਖਿਆ ਲਈ ਪੜ੍ਹਾਇਆ ਜਾਣ ਵਾਲਾ ਪ੍ਰੋਗਰਾਮ ਹੈ ਪਰ ਇਹ ਸਕੂਲ ਪਾਠਕ੍ਰਮ ਦਾ ਹਿੱਸਾ ਨਾ ਹੋਣ ਕਰਕੇ ਕਿਸੇ ਨੂੰ ਪੜ੍ਹਨ ਲਈ ਮਜ਼ਬੂਰ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਕੂਲਾਂ ਵਿਚ ਸੋਜੀ ਪ੍ਰੋਗਰਾਮ ਤਤਕਾਲੀ ਲਿਬਰਲ ਸਰਕਾਰ ਵੱਲੋਂ 2016 ਵਿਚ ਇਕ ਕਾਨੂੰਨੀ ਸੋਧ ਰਾਹੀਂ ਲਿਆਂਦਾ ਗਿਆ ਸੀ ਤੇ ਇਸਦਾ ਮੌਜੂਦਾ ਬੀ ਸੀ ਐਨ ਡ਼ੀ ਪੀ ਸਰਕਾਰ ਨਾਲ ਕੋਈ ਵਾਸਤਾ ਨਹੀਂ।
ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਡੇਵਿਡ ਈਬੀ ਦੀ ਅਗਵਾਈ ਹੇਠ ਐਨ ਡੀ ਪੀ ਲੋਕਾਂ ਨੂੰ ਟੈਕਸਾਂ ਵਿਚ ਰਾਹਤ ਦੇਣ ਦੇ ਨਾਲ ਹਾਊਸਿੰਗ ਅਫੋਰਡੇਬਿਲਟੀ, ਹੈਲਥ ਕੇਅਰ, ਸਿੱਖਿਆ ਸਹੂਲਤਾਂ, ਆਵਾਜਾਈ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਠੋਸ ਕੰਮ ਕਰ ਰਹੀ ਹੈ। ਹਾਊਸਿੰਗ ਅਫੋਰਡੇਬਿਲਟੀ ਲਈ ਈਬੀ ਸਰਕਾਰ ਨੇ ਮਕਾਨ ਉਸਾਰੀ ਲਈ ਨਿਯਮਾਂ ਵਿਚ ਕਈ ਤਬਦੀਲੀਆਂ ਕੀਤੀਆਂ ਤੇ ਹੁਣ 3 ਲੱਖ ਨਵੇਂ ਘਰ ਬਣਾਉਣ ਦਾ ਵਾਅਦਾ ਵੀ ਕੀਤਾ ਹੈ ਜਿਸ ਵਿਚ ਪਹਿਲੀ ਵਾਰ ਘਰ ਖਰੀਦਣ ਵਾਲੇ ਲਈ 40 ਪ੍ਰਤੀਸ਼ਤ ਫਾਇਨਾਂਸ ਸਹੂਲਤ ਦਾ ਵੀ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਬਿਹਤਰ ਸਹੂਲਤਾਂ ਲਈ ਇਮੀਗਰਾਂਟ ਡਾਕਟਰਾਂ ਤੇ ਨਰਸਾਂ ਨੂੰ ਮਾਨਤਾ ਦੇਣ ਲਈ ਕਾਨੂੰਨ ਵਿਚ ਸੋਧ ਕੀਤੀ ਗਈ ਹੈ।
ਸ. ਬਰਾੜ ਨੇ ਕਿਹਾ ਕਿ ਬੀ ਸੀ ਕੰਸਰਵੇਟਿਵ ਆਗੂ ਸੂਬੇ ਵਿਚ ਸਿਹਤ ਸਹੂਲਤਾਂ ਦੇ ਨਾਲ ਹੋਰ ਕਈ ਤਰਾਂ ਦੇ ਕੱਟ ਲਗਾਉਣ ਦੀਆਂ ਗੱਲਾਂ ਕਰਦੇ ਹਨ। ਬੀਸੀ ਦੇ ਲੋਕ ਅਜਿਹੇ ਰੂੜੀਵਾਦੀ ਖਿਆਲਾਂ ਵਾਲੇ ਆਗੂ ਤੇ ਉਸ ਦੀ ਟੀਮ ਨੂੰ ਕਦੇ ਵੀ ਸਹਿਣ ਨਹੀ ਕਰ ਸਕਦੇ। ਇਸ ਚੋਣ ਮੁਹਿੰਮ ਦੌਰਾਨ ਬੀਸੀ ਕੰਸਰੇਟਿਵ ਉਮੀਦਵਾਰਾਂ ਵੱਲੋਂ ਨਸਲੀ ਤੇ ਭੇਦਭਾਵ ਵਾਲੀਆਂ ਟਿਪਣੀਆਂ ਤੋਂ ਜਾਣਿਆ ਜਾ ਸਕਦਾ ਹੈ ਕਿ ਉਹ ਲੋਕ ਬੀਸੀ ਦੀ ਅਗਵਾਈ ਕਰਨ ਦੇ ਕਿੰਨੇ ਕੁ ਯੋਗ ਹਨ। ਉਹਨਾਂ ਬੀਸੀ ਦੇ ਸਰਬਪੱਖੀ ਵਿਕਾਸ ਅਤੇ ਸਰੀ ਦੇ ਨਿਰਮਾਣ ਕਾਰਜਾਂ ਨੂੰ ਸਿਰੇ ਚਾੜ੍ਹਨ ਲਈ ਡੇਵਿਡ ਈਬੀ ਦੀ ਅਗਵਾਈ ਵਾਲੀ ਐਨਡੀਪੀ ਨੂੰ ਭਾਰੀ ਮੱਤਦਾਨ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com