← ਪਿਛੇ ਪਰਤੋ
ਇਸਲਾਮਾਬਾਦ, 1 ਅਗਸਤ, 2017 : ਪਾਕਿਸਤਾਨ ਦੇ ਸਾਬਕਾ ਪੈਟਰੋਲੀਅਮ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੂੰ ਸੰਸਦ ਮੈਂਬਰਾਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫੇ ਤੋਂ ਬਾਅਦ ਸੰਸਦ ਦੇ ਹੇਠਲੇ ਸਦਨ ਦੀ ਬੈਠਕ ਦੌਰਾਨ ਵੋਟਿੰਗ ਤੋਂ ਬਾਅਦ ਅੱਬਾਸੀ ਨੂੰ ਦੇਸ਼ ਦਾ ਅੰਤਰਿਮ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੰਸਦ ਮੈਂਬਰ ਰਾਨਾ ਮੁਹੰਮਦ ਅਫਜ਼ਲ ਖਾਨ ਨੇ ਕਿਹਾ ਕਿ ਅੰਤਰਿਮ ਪ੍ਰਧਾਨ ਮੰਤਰੀ ਦੀ ਨਿਯੁਕਤੀ ਦਾ ਮਕਸਦ ਦੇਸ਼ ਦੀ ਰਾਜਨੀਤੀ ਨੂੰ ਸਥਿਰਤਾ ਦੇਣਾ ਹੈ ਅਤੇ ਇਕ ਜ਼ਿੰਮੇਵਾਰ ਸਿਆਸੀ ਦਲ ਦੇ ਨਾਅਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਅੱਬਾਸੀ 45 ਦਿਨਾਂ ਤੱਕ ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿਣਗੇ, ਜਿਸ ਤੋਂ ਬਾਅਦ ਸ਼ਰੀਫ ਦੇ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਬਣਨ ਲਈ ਸ਼ਹਬਾਜ਼ ਨੂੰ 45 ਦਿਨਾਂ ਤੱਕ ਨੈਸ਼ਨਲ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਚੋਣ ਜਿੱਤਣੀ ਹੋਵੇਗੀ। ਜ਼ਿਕਰਯੋਗ ਹੈ ਕਿ ਪਨਾਮਾ ਗੇਟ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਤੋਂ ਬਾਅਦ ਸ਼ਰੀਫ ਦੀ ਪ੍ਰਧਾਨਗੀ ਵਿਚ ਹੋਈ ਪਾਰਟੀ ਦੀ ਬੈਠਕ 'ਚ ਅੱਬਾਸੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁਣਿਆ ਗਿਆ।
Total Responses : 266