ਫਤਿਹਗੜ੍ਹ ਸਾਹਿਬ, 31 ਅਗਸਤ, 2017 : ਡਾ. ਸੁਖਦਰਸ਼ਨ ਸਿੰਘ ਖਹਿਰਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦਾ ਉਪ-ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਯੂਨੀਵਰਸਿਟੀ ਚਾਂਸਲਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਡਾ. ਖਹਿਰਾ ਨੂੰ ਉਪ-ਕੁਲਪਤੀ ਦਾ ਨਿਯੁਕਤੀ ਪੱਤਰ ਸੌਂਪਿਆ। ਡਾ. ਖਹਿਰਾ ਦਾ 39 ਸਾਲਾਂ ਤੋਂ ਵੱਧ ਦਾ ਅਕਾਦਮਿਕ ਅਤੇ ਪ੍ਰਸ਼ਾਸਨਿਕ ਤਜ਼ਰਬਾ ਹੈ। ਡਾ. ਖਹਿਰਾ ਜਿਥੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਰਹਿ ਚੁੱਕੇ ਹਨ, ਉੱਥੇ ਹੀ ਡਾਇਰੈਕਟਰ ਪਲਾਨਿੰਗ ਅਤੇ ਮੋਨੀਟਰਿੰਗ, ਡੀਨ ਵਿਦਿਆਰਥੀ ਭਲਾਈ ਅਤੇ ਪਰੋਵੋਸਟ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਤੋਂ ਇਲਾਵਾ ਡਾ. ਖਹਿਰਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 'ਕਾਨੂੰਨ ਵਿਭਾਗ' ਦੇ ਅਤੇ 'ਪੰਜਾਬ ਸਕੂਲ ਆਫ਼ ਲਾਅ' ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਉਹ ਡੀਨ, ਫ਼ੈਕਲਟੀ ਆਫ਼ ਲਾਅ ਵੀ ਰਹਿ ਚੁੱਕੇ ਹਨ। ਆਪਣੇ ਲੰਮੇ ਅਧਿਆਪਨ ਕਾਲ ਦੌਰਾਨ, ਡਾ. ਖਹਿਰਾ ਨੇ ਅੰਤਰ-ਰਾਸ਼ਟਰੀ ਪੱਧਰ ਦੇ ਖੋਜ ਪੱਤਰ ਵੀ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਡਾ. ਖਹਿਰਾ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿਖੇ ਕਾਰਜ-ਕਾਰੀ ਵਾਈਸ-ਚਾਂਸਲਰ, ਡੀਨ ਅਕਾਦਮਿਕ ਮਾਮਲੇ, ਮੁਖੀ, ਯੂਨੀਵਰਸਿਟੀ ਸਕੂਲ ਆਫ਼ ਲਾਅ ਅਤੇ ਡੀਨ ਫੈਕਲਟੀ, ਸੋਸ਼ਲ ਸਾਇੰਸਜ਼ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਮੈਮੋਰੀਅਲ ਟਰੱਸਟ ਦੇ ਮੈਂਬਰ ਸਾਹਿਬਾਨ ਦਾ, ਉਨ੍ਹਾਂ ਪ੍ਰਤੀ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕੀਤਾ। ਡਾ. ਖਹਿਰਾ ਨੇ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਅਕਾਦਮਿਕ ਖੇਤਰ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਵਰਗੇ ਇੱਕ ਵਿਸ਼ਾਲ ਅਦਾਰੇ ਨੂੰ ਸੂਚਾਰੂ ਅਤੇ ਸੁਚੱਜੇ ਢੰਗ ਨਾਲ ਚਲਾਉਣਾ ਕਿਸੇ ਇੱਕ ਵਿਅਕਤੀ ਦਾ ਕੰਮ ਨਾ ਹੋਕੇ ਸਾਂਝਾ ਯਤਨ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਯੂਨੀਵਰਸਿਟੀ ਨਾਲ ਜੁੜਿਆ ਹਰ ਇੱਕ ਵਿਅਕਤੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗਾ। ਡਾ. ਖਹਿਰਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਅਧਿਆਪਨ ਅਤੇ ਖੋਜ ਕਾਰਜਾਂ ਲਈ ਵਿਦਿਆਰਥੀਆਂ ਅਤੇ ਟੀਚਿੰਗ ਫੈਕਲਟੀ ਨੂੰ ਹਾਂ-ਵਾਚੀ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਯੂਨੀਵਰਸਿਟੀ ਚਾਂਸਲਰ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਵੇਂ ਨਿਯੁਕਤ ਹੋਏ ਵਾਈਸ-ਚਾਂਸਲਰ ਨੂੰ ਵਧਾਈ ਅਤੇ ਆਸ਼ੀਰਵਾਦ ਦਿੰਦਿਆ ਕਿਹਾ ਕਿ ਯੂਨੀਵਰਸਿਟੀ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਡਾ. ਖਹਿਰਾ ਵਰਗੇ ਤਜ਼ਰਬੇਕਾਰ, ਨਿਪੁੰਨ ਅਤੇ ਸੂਝਵਾਨ ਵਿਅਕਤੀ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਨਿਯੁਕਤ ਕੀਤੇ ਗਏ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਡਾ. ਖਹਿਰਾ ਯੂਨੀਵਰਸਿਟੀ ਦੇ ਸਰਬਪੱਖੀ ਵਿਕਾਸ ਅਤੇ ਪਸਾਰ ਲਈ ਸਹਾਇਕ ਸਿੱਧ ਹੋਣਗੇ। ਵਾਈਸ-ਚਾਂਸਲਰ ਦੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਵਾਈਸ-ਚਾਂਸਲਰ ਦੀ ਚੋਣ ਹਿਤ ਯੂਨੀਵਰਸਿਟੀ ਟਰੱਸਟ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵਿੱਚ ਜਸਟਿਸ ਨਿਰਮਲ ਸਿੰਘ, ਸ. ਆਰ.ਐਸ. ਮਾਨ, ਸ. ਦਰਬਾਰਾ ਸਿੰਘ ਗੁਰੂ, ਸ. ਅਮਰਜੀਤ ਸਿੰਘ ਸਿੱਧੂ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਸ਼ਾਮਿਲ ਸਨ। ਪ੍ਰੋ. ਬਡੂੰਗਰ ਨੇ ਇਸ ਸਾਰੀ ਪ੍ਰੀਕਿਰਆ ਨੂੰ ਪਾਰਦਰਸ਼ਤਾ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਟਰੱਸਟ ਮੈਂਬਰਾਂ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ।
ਇਸ ਮੌਕੇ ਦਰਬਾਰਾ ਸਿੰਘ ਗੁਰੂ, ਮੈਂਬਰ ਸਕੱਤਰ ਟਰੱਸਟਸ ਅਮਰਜੀਤ ਸਿੰਘ ਸਿੱਧੂ, ਮੈਂਬਰ ਟਰੱਸਟ, ਜੈਪਾਲ ਸਿੰਘ ਮੰਡੀਆਂ, ਮੈਂਬਰ ਟਰੱਸਟ, ਡਾ. ਪਰਿਤਪਾਲ ਸਿੰਘ, ਰਜਿਸਟਰਾਰ; ਡਾ. ਆਰ.ਕੇ. ਸ਼ਰਮਾ, ਡੀਨ, ਰਿਸਰਚ; ਡਾ. ਜਤਿੰਦਰ ਸਿੰਘ ਸਿੱਧ, ਡਾਇਰੈਕਟਰ ਐਜੂਕੇਸ਼ਨ, ਡਾਇਰੈਕਟੋਰੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖਾਲਸਾ ਕਾਲਜ, ਪਟਿਆਲਾਸ ਡਾ. ਕਸ਼ਮੀਰ ਸਿੰਘ, ਸ੍ਰੀ ਗੁਰੂ ਤੇਗ ਬਹਦਾਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬਸ ਡਾ. ਕੁਲਵੰਤ ਕੌਰ, ਪ੍ਰਿੰਸੀਪਲ, ਖਾਲਸਾ ਗਰਲਜ਼ ਕਾਲਜ, ਮੰਜੀ ਸਾਹਿਬ, ਕੋਟਾਸ ਅਵਤਾਰ ਸਿੰਘ, ਸਕੱਤਰ, ਸ਼੍ਰੋ.ਗੁ.ਪ੍ਰੰ.ਕਮੇਟੀਸ ਸਿਮਰਜੀਤ ਸਿੰਘ, ਮੀਤ ਸਕੱਤਰ, ਸ਼੍ਰੋ.ਗੁ.ਪ੍ਰੰ. ਕਮੇਟੀਸ ਪਰਮਜੀਤ ਸਿੰਘ ਸਰੋਆ, ਵਧੀਕ ਸਕੱਤਰ, ਸ਼੍ਰੋ.ਗੁ.ਪ੍ਰੰ. ਕਮੇਟੀਸ ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾਸ ਡਾ. ਗੁਰਨਾਇਬ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾਸ ਗੁਰਦੀਪ ਸਿੰਘ, ਮੈਨੇਜਰ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬਸ ਭਗਵੰਤ ਸਿੰਘ, ਨਿੱਜੀ ਸਹਾਇਕ, ਪ੍ਰਧਾਨ ਸ਼੍ਰੋ.ਗੁ.ਪ੍ਰੰ. ਕਮੇਟੀ ਵੀ ਹਾਜ਼ਰ ਸਨ।