ਕਥਿਤ ਐਸਟੀਐਫ ਰਿਪੋਰਟ ਸਿੱਧੂ ਐਂਡ ਸੰਨਜ਼ ਕੰਪਨੀ ਨੇ ਮੇਰੇ ਨਾਰਾਜ਼ ਰਿਸ਼ਤੇਦਾਰ (ਭਰਾ) ਹਰਪ੍ਰੀਤ ਸਿੱਧੂ ਨਾਲ ਮਿਲ ਕੇ ਘੜੀ ਹੈ: ਬਿਕਰਮ ਮਜੀਠੀਆ
ਚੰਡੀਗੜ•/17 ਮਾਰਚ:ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਕੱਲ• ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋ ਜਾਰੀ ਕੀਤੀ ਕਥਿਤ ਐਸਟੀਐਫ ਰਿਪੋਰਟ ਸਿੱਧੂ ਐਂਡ ਸੰਨਜ਼ ਕੰਪਨੀ ਨੇ ਆਪਣੇ ਰਸੋਈ ਸਹਾਇਕ ਅਤੇ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ, ਜੋ ਕਿ ਸਰਦਾਰ ਮਜੀਠੀਆ ਦੇ ਇੱਕ ਨਾਰਾਜ਼ ਰਿਸ਼ਤੇਦਾਰ (ਭਰਾ) ਵੀ ਹਨ, ਨਾਲ ਮਿਲ ਕੇ ਝੂਠੀ ਘੜੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਸਿੱਧੂ ਅਤੇ ਉਹਨਾਂ ਦੀ ਪਤਨੀ ਨੂੰ 'ਬੰਟੀ-ਬਬਲੀ ਦੀ ਜੋੜੀ' ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਜੋੜੀ ਨੇ ਹਾਈ ਕੋਰਟ ਵੱਲੋਂ ਸੀਲ ਕੀਤੀ ਰਿਪੋਰਟ ਦੀਆਂ ਸੀਲਾਂ ਤੋੜ ਕੇ ਅਦਾਲਤ ਦਾ ਬਹੁਤ ਗੰਭੀਰ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਇਨਸਾਫ ਦੀ ਪ੍ਰਕਿਰਿਆ ਦੇ ਰਾਹ ਵਿਚ ਰੋੜਾ ਅਟਕਾਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਸਿੱਧੂ ਜੋੜੀ ਨੇ ਕੱਲ• ਜਾਣ ਬੁੱਝ ਕੇ ਇਹ ਰਿਪੋਰਟ ਲੀਕ ਕੀਤੀ ਸੀ, ਉਹਨਾਂ ਕਿਹਾ ਕਿ ਇਹ ਸਭ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗੀ ਗਈ ਮੁਆਫੀ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ।
ਅਕਾਲੀ ਆਗੂ ਨੇ ਕਿਹਾ ਕਿ ਕੱਲ• ਇਸ ਰਿਪੋਰਟ ਦਾ ਖੁਲਾਸਾ ਕਰਕੇ ਸਿੱਧੂ ਜੋੜੀ ਨੇ ਐਸਟੀਐਫ ਰਿਪੋਰਟ ਦੇ ਸੱਚ ਦਾ ਪਰਦਾਫਾਸ਼ ਕਰ ਦਿੱਤਾ ਹੈ, ਕਿ ਇਹ ਝੂਠੀ ਰਿਪੋਰਟ ਸੀ, ਜਿਹੜੀ ਐਸਟੀਐਫ ਨੇ ਨਹੀਂ ਸਗੋਂ ਸਿੱਧੂ ਟੀਮ ਵੱਲੋਂ ਤਿਆਰ ਕੀਤੀ ਗਈ ਸੀ। ਉਹਨਾਂ ਕਿਹਾ ਕਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮਾਣਯੋਗ ਹਾਈ ਕੋਰਟ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਦਾ ਉਹਨਾਂ ਨੇ ਖੁਦ ਭਾਂਡਾ ਭੰਨ ਦਿੱਤਾ।
ਇਸ ਸਾਰੇ ਕੇਸ ਦੇ ਮੁੱਖ ਕਰਤਾ-ਧਰਤਾਵਾਂ ਦਾ ਹਵਾਲਾ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ 'ਸਾਹਿਬ, ਬੀਵੀ ਅਤੇ ਵੋਹ' ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਰਿਪੋਰਟ ਕਦੋਂ ਅਤੇ ਕਿੱਥੇ ਤਿਆਰ ਕੀਤੀ ਗਈ ਸੀ, ਇਸ ਦਾ ਲੇਖਕ ਕੌਣ ਸੀ, ਇਸ ਵਿਚ ਕਿਹੜੇ-ਕਿਹੜੇ ਮਸਾਲੇ ਪਾਏ ਗਏ ਸਨ, ਅਤੇ ਉਹਨਾਂ ਦੇ ਨਾਰਾਜ਼ ਰਿਸ਼ਤੇਦਾਰ (ਭਰਾ) ਦੀ ਕੀ ਭੂਮਿਕਾ ਸੀ, ਜਿਸ ਨੇ ਇਸ ਰਿਪੋਰਟ ਦੀ ਸੀਲ ਤੋੜੀ ਸੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਕੋਲੋਂ ਮੰਗੀ ਮੁਆਫੀ ਤੋਂ ਤੁਰੰਤ ਮਗਰੋਂ ਇਸ ਨੂੰ ਲੀਕ ਕੀਤਾ ਸੀ।ਇਹ ਗੱਲ ਵੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਸਿੱਧੂ ਦੀ ਟੀਮ ਵੱਲੋਂ ਝੂਠੀ ਰਿਪੋਰਟ ਦਾ ਇਹ ਕਿਹੜਾ ਪ੍ਰਤੀਰੂਪ ਹੈ,-ਰਿਪੋਰਟ ਦਾਖ਼ਲ ਕਰਨ ਤੋਂ ਪਹਿਲਾਂ ਵਾਲਾ ਜਾਂ ਦਖ਼ਲ ਕੀਤੀ ਰਿਪੋਰਟ ਵਾਲਾ।
ਇਸ ਰਿਪੋਰਟ ਬਾਰੇ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੋ ਕੁੱਝ ਸਿੱਧੂ ਜੋੜੀ ਨੇ ਕਿਹਾ ਸੀ, ਉਹ ਸਾਰੀਆਂ ਪੁਰਾਣੀਆਂ ਅਤੇ ਰੱਦ ਕੀਤੀਆਂ ਗੱਲਾਂ ਹਨ, ਜਿਹੜੀਆਂ ਪਹਿਲਾਂ ਹੀ ਅਦਾਲਤੀ ਕਾਰਵਾਈ ਦਾ ਹਿੱਸਾ ਬਣ ਚੁੱਕੀਆਂ ਹਨ ਅਤੇ ਅਦਾਲਤ ਵੱਲੋਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੌੜੇ ਹਿੱਤਾਂ ਵਾਲੀਆਂ ਸਿਆਸੀ ਧਿਰਾਂ ਵੱਲੋਂ ਕੀਤੀ ਸੀਬੀਆਈ ਰਿਪੋਰਟ ਦੀ ਮੰਗ ਨੂੰ ਮਾਣਯੋਗ ਚੀਫ ਜਸਟਿਸ ਨੇ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇੱਕ ਡਿਵੀਜ਼ਨ ਬੈਂਚ ਦੀਆਂ ਹਦਾਇਤਾਂ ਉੱਤੇ ਬਣਾਈ ਗਈ ਐਸਆਈਟੀ ਵੱਲੋਂ ਆਪਣੀ ਰਿਪੋਰਟ ਬੰਦ ਲਿਫਾਫੇ ਵਿਚ ਅਦਾਲਤ ਵਿਚ ਜਮ•ਾਂ ਕਰਵਾਈ ਗਈ ਸੀ ਅਤੇ ਅਜੇ ਵੀ ਬੰਦ ਪਈ ਹੈ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਆਪ ਨੇ ਮੁਆਫੀ ਮੰਗਣ ਤੋਂ ਪਹਿਲਾਂ ਸੁਣੀਆਂ-ਸੁਣਾਈਆਂ ਗੱਲਾਂ ਅਤੇ ਰੱਦ ਹੋਏ ਦਸਤਾਵੇਜਾਂ ਦੇ ਆਧਾਰ ਉੱਤੇ ਮੇਰੇ ਖ਼ਿਲਾਫ ਹਾਈ ਕੋਰਟ ਵਿਚ ਕੇਸ ਚਲਾਇਆ ਸੀ, ਜਿਹੜਾ ਕਿ ਖਾਰਿਜ ਹੋ ਗਿਆ ਸੀ। ਇਸ ਤੋਂ ਪਹਿਲਾਂ ਜਦੋਂ 2013 ਵਿਚ ਅਕਾਲੀ ਭਾਜਪਾ ਸਰਕਾਰ ਦੁਆਰਾ ਇਹ ਕੇਸ ਦਰਜ ਕੀਤਾ ਗਿਆ ਸੀ ਤਾਂ ਉਸ ਸਮੇਂ ਜਿਹਨਾਂ ਕੇਂਦਰੀ ਏਜੰਸੀਆਂ ਨੇ ਕੇਸ ਦੀ ਜਾਂਚ ਕੀਤੀ ਸੀ, ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੇ ਅਧੀਨ ਸਨ।
ਇਹ ਪੁੱਛਦਿਆਂ ਕਿ ਕੀ ਸਿੱਧੂ ਜੋੜੀ ਹਾਈ ਕੋਰਟ ਤੋਂ ਵੀ ਉੱਤੇ ਹੈ, ਸਾਬਕਾ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਪਰਮਾਤਮਾ ਅਤੇ ਨਿਆਂਪਾਲਿਕਾ ਵਿਚ ਅਟੁੱਟ ਵਿਸ਼ਵਾਸ਼ ਹੈ। ਉਹਨਾਂ ਕਿਹਾ ਕਿ ਸਾਡੀਆਂ ਮਾਣਯੋਗ ਅਦਾਲਤਾਂ ਨੇ ਮੈਨੂੰ ਹਮੇਸ਼ਾ ਇਨਸਾਫ ਦਿੱਤਾ ਹੈ। ਮੈਂ ਕਿਸੇ ਵੀ ਅਜ਼ਾਦ ਅਤੇ ਨਿਰਪੱਖ ਜਾਂਚ ਲਈ ਹਮੇਸ਼ਾਂ ਤਿਆਰ ਰਿਹਾ ਹਾਂ ਅਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਹਮੇਸ਼ਾਂ ਸਾਰੀਆਂ ਜਾਂਚਾਂ ਵਿਚ ਪੂਰਾ ਸਹਿਯੋਗ ਦਿੱਤਾ ਹੈ।
ਇਹ ਟਿੱਪਣੀ ਕਰਦਿਆਂ ਕਿ ਸਿੱਧੂ ਜੋੜੀ ਦੋਗਲੀਆਂ ਗੱਲਾਂ ਕਰਦੀ ਹੈ, ਉਹਨਾਂ ਕਿਹਾ ਕਿ ਇਹ ਦੋਸ਼ ਉਸ ਸਮੇਂ ਨਾਲ ਤਾਅਲੁੱਕ ਰੱਖਦੇ ਹਨ, ਜਦੋਂ ਇਹ ਜੋੜੀ ਰੂਟੀਨ ਵਿਚ ਉਹਨਾਂ ਦੇ ਘਰ ਚੱਕਰ ਮਾਰਦੀ ਸੀ। ਉਹਨਾਂ ਕਿਹਾ ਕਿ ਬੀਬੀ ਨਵਜੋਤ ਸਿੱਧੂ ਮੈਨੂੰ ਆਪਣਾ ਭਰਾ ਕਹਿੰਦੀ ਸੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਇਹ ਗੱਲ ਰਿਕਾਰਡ ਵਿਚ ਪਈ ਹੈ, ਜਦੋਂ ਉਹਨਾਂ ਲੋਕ ਸਭਾ ਸੀਟ ਜਿੱਤਣ ਵਿਚ ਉਹਨਾਂ ਦੀ ਮਦਦ ਕਰਨ ਲਈ ਮੇਰਾ ਧੰਨਵਾਦ ਕੀਤਾ ਸੀ।
ਉਹਨਾਂ ਕਿਹਾ ਕਿ ਇੱਕ ਦੋਸ਼ੀ ਠਹਿਰਾਇਆ ਗਿਆ ਕਾਤਿਲ , ਜਿਸ ਨੇ 2017 ਤਕ ਕਦੇ ਮੇਰੇ ਖ਼ਿਲਾਫ ਮੂੰਹ ਨਹੀਂ ਸੀ ਖੋਲਿ•ਆ, ਹੁਣ ਅਦਾਲਤਾਂ ਦੇ ਫੈਸਲਿਆਂ ਉੱਤੇ ਆਪਣੇ ਫੈਸਲੇ ਸੁਣਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਸਿੱਧੂ ਨੂੰ ਚੁਣੌਤੀ ਦਿੰਦਾ ਹਾਂ ਕਿ ਜਿਹੜੀ ਉਸ ਨੇ ਇਹ ਖਿਚੜੀ ਪਕਾਈ ਹੈ, ਇਸ ਨੂੰ ਅਦਾਲਤ ਵਿਚ ਲੈ ਕੇ ਜਾਵੇ ,ਫਿਰ ਉਸ ਨੂੰ ਪਤਾ ਲੱਗੇਗਾ ਕਿ ਸੀਲਾਂ ਤੋੜਣ ਉੱਤੇ ਕਿਵੇਂ ਮਾਣਹਾਨੀ ਦੀਆਂ ਕਾਰਵਾਈਆਂ ਸ਼ੁਰੂ ਹੁੰਦੀਆਂ ਹਨ.