ਪੰਜਾਬ ਦੇ ਕੈਬਿਨੇਟ ਵਜ਼ੀਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਦੇ ਐਸ ਸੀ / ਬੀ ਸੀ ਵਿਧਾਇਕਾਂ ਦਾ ਵਫਦ ਦਿੱਲੀ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ -25 ਅਪ੍ਰੈਲ , 2018
ਵਜ਼ਾਰਤੀ ਵਾਧੇ ਬਾਰੇ ਪੰਜਾਬ ਦੇ ਵਿਧਾਇਕਾਂ ਦੀ ਨਾਰਾਜ਼ਗੀ ਪੁੱਜੀ ਰਾਹੁਲ ਦਰਬਾਰ - ਚੰਨੀ ਦੀ ਅਗਵਾਈ ਹੇਠ ਵਫ਼ਦ ਰਾਹੁਲ ਨੂੰ ਮਿਲਿਆ -ਪ੍ਰਿਅੰਕਾ ਗਾਂਧੀ ਵੀ ਰਹੀ ਮੀਟਿੰਗ 'ਚ ਮੌਜੂਦ
ਨਵੀਂ ਦਿੱਲੀ , 25 ਅਪ੍ਰੈਲ , 2018 : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਜ਼ਾਰਤੀ ਵਾਧੇ ਸਮੇਂ ਦਲਿਤਾਂ , ਪਿਛੜੀਆਂ ਸ਼੍ਰੇਣੀਆਂ ਅਤੇ ਕੁਝ ਸੀਨੀਅਰ ਵਿਧਾਇਕਾਂ ਨੂੰ ਬਾਹਰ ਰੱਖੇ ਜਾਣ ਦੇ ਮਾਮਲੇ ਤੇ ਵਿਧਾਇਕਾਂ ਦੇ ਇੱਕ ਹਿੱਸੇ ਦੀ ਨਾਰਾਜ਼ਗੀ ਠੰਢੀ ਹੁੰਦੀ ਨਹੀਂ ਜਾਪਦੀ .ਹੁਣ ਇਹ ਨਾਰਾਜ਼ਗੀ ਸਿੱਧੂ ਰਾਹੁਲ ਦਰਬਾਰ ਪੁੱਜ ਗਈ ਹੈ .ਦਲਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਨੁਮਾਇੰਦੇ ਸਮਝੇ ਜਾਂਦੇ ਸੀਨੀਅਰ ਵਿਧਾਇਕਾਂ ਨੇ 'ਇਨਸਾਫ਼ ' ਲਈ ਹਾਈ ਕਮਾਂਡ ਦੇ ਦਰਵਾਜ਼ੇ ਜਾ ਖੜਕਾਏ ਹਨ . ਬੁੱਧਵਾਰ ਨੂੰ ਪੰਜਾਬ ਦੇ ਤਕਨੀਕੀ ਸਿੱਖਿਆ ਵਜ਼ੀਰ ਚਰਨਜੀਤ ਚੰਨੀ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਵਫ਼ਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਿਆ .ਵਫ਼ਦ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਨਾਰਾਜ਼ ਅਤੇ ਗ਼ੁੱਸੇ ਭਰੇ ਕਾਂਗਰਸੀ ਵਿਧਾਇਕ ਸੰਗਤ ਸਿੰਘ ਗਿਲ੍ਜ਼ੀਆਂ ਵੀ ਸ਼ਾਮਲ ਸਨ .
ਦਿਲਚਸਪ ਅਤੇ ਨਵੀਂ ਗੱਲ ਇਹ ਹੈ ਕਿ ਇਸ ਮੀਟਿੰਗ ਵਿਚ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ . ਉਨ੍ਹਾਂ ਨੇ ਵੀ ਵਫ਼ਦ ਨੂੰ ਧਿਆਨ ਨਾਲ ਸੁਣਿਆ . ਬਾਬੂਸ਼ਾਹੀ ਡਾਟ ਕਾਮ ਦੀ ਖ਼ਬਰ ਹੈ ਕਿ ਇਹ ਮੀਟਿੰਗ ਘੰਟਾ ਭਰ ਚੱਲੀ . ਇਸ ਵਿਚ ਪੰਜਾਬ ਵਿਚ ਦਲਿਤ ਅਤੇ ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹੋ ਰਹੇ ਵਿਤਕਰੇ ਅਤੇ ਇਨ੍ਹਾਂ ਨੂੰ ਦੂਰ ਕਰਨ ਕਈ ਅਹਿਮ ਮੁੱਦੇ ਵਫ਼ਦ ਨੇ ਰਾਹੁਲ ਗਾਂਧੀ ਕੋਲ ਉਠਾਏ। ਇਨ੍ਹਾਂ ਵਿਚੋਂ ਅਹਿਮ ਮੁੱਦਾ ਵਜ਼ਾਰਤੀ ਵਾਧੇ ਸਮੇਂ ਇਨ੍ਹਾਂ ਵਰਗਾਂ ਨਾਲ ਸਬੰਧਿਤ ਸੀਨੀਅਰ ਵਿਧਾਇਕਾਂ ਨੂੰ ਨਜ਼ਰ ਕੀਤੇ ਜਾਣ ਦਾ ਬਣਿਆ .ਇਹ ਵੀ ਪਤਾ ਲੱਗਾ ਹੈ ਕਿ ਦਲਿਤ ਆਬਾਦੀ ਦੀ ਬਹੁਗਿਣਤੀ ਵਾਲੇ ਦੋਆਬੇ ਨੂੰ ਵੀ ਨਜ਼ਰ ਅੰਦਾਜ਼ ਕੀਤੇ ਜਾਣ ਦਾ ਮਸਲਾ ਵੀ ਚੁੱਕਿਆ ਗਿਆ .
ਇਹ ਜਾਣਕਾਰੀ ਮਿਲੀ ਹੈ ਕਿ ਵਫ਼ਦ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਵਜ਼ਾਰਤੀ ਵਾਧੇ ਵਾਂਗ ਦੀਆਂ ਚੇਅਰਮੈਨੀਆਂ ਅਤੇ ਹੋਰ ਸਿਆਸੀ ਅਹੁਦਿਆਂ ਵਿਚ ਵੀ ਇਨ੍ਹਾਂ ਵਰਗਾਂ ਨਾਲ ਵਿਤਕਰਾ ਹੋ ਸਕਦਾ ਹੈ . ਇਹ ਮੰਗ ਰੱਖੀ ਗਈ ਇਨ੍ਹਾਂ ਸਾਰੇ ਅਹੁਦਿਆਂ ਵਿਚ ਵੀ ਘੱਟੋ ਘੱਟ ਇੱਕ ਤਿਹਾਈ ਹਿੱਸਾ ਦਲਿਤ ਵਰਗ ਨੂੰ ਅਤੇ ਪਿਛੜੇ ਵਰਗਾਂ ਨੂੰ ਬਣਦਾ ਹਿੱਸਾ ਦਿੱਤਾ ਜਾਵੇ .ਇਹ ਵੀ ਪਤਾ ਲੱਗਾ ਹੈ ਕਿ ਰਾਹੁਲ ਨੇ ਵਫ਼ਦ ਨੌਂ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਤੇ ਪੂਰੀ ਗ਼ੌਰ ਕਰ ਕੇ ਲੋੜੀਂਦੀ ਕਾਰਵਾਈ ਕਰਨਗੇ .
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਕਹਿਣ ਤੇ ਹੀ ਚੰਨੀ ਅਤੇ ਰਾਜ ਕੁਮਾਰ ਵੇਰਕਾ ਸਮੇਤ 6 ਵਿਧਾਇਕਾਂ ਨੇ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰ ਕੇ ਆਪਣਾ ਸਾਰਾ ਪੱਖ ਰੱਖਿਆ ਸੀ .ਅੱਜ ਦੀ ਮੀਟਿੰਗ ਉਸੇ ਲੜੀ ਦੀ ਹੀ ਅਗਲੀ ਕੜੀ ਸੀ .