ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏ ਕੀਤੇ ਡੀਪੋਰਟ
ਕੰਵਲਜੀਤ ਸਿੰਘ ਕੰਵਲ
ਟਰਾਂਟੋ, 22 ਜੁਲਾਈ , 2018 : ਪੰਜਾਬ ਵਿਚਲੇ ਆਮ ਆਦਮੀ ਪਾਰਟੀ ਦੇ ਦੋ ਐਮ ਐੱਲ ਏਜ਼ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਦੇ ਇੰਟਰਨੈਸ਼ਨਲ ਏਅਰ ਪੋਰਟ ਤੋਂ ਵਾਪਸ ਡੀਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਤਾਰ ਸਿੰਘ ਐਮ ਐਲ ਏ ਕੋਟ ਕਪੂਰਾ ਅਤੇ ਅਮਰਜੀਤ ਸਿੰਘ ਸੰਡੋਆ ਐਮ ਐਲ ਏ ਰੋਪੜ (ਦੋਵੇਂ ਆਮ ਆਦਮੀ ਪਾਰਟੀ) ਆਪਣੇ ਨਿੱਜੀ ਦੌਰੇ ਤੇ ਔਟਵਾ ਏਅਰ ਪੋਰਟ ਤੇ ਪੁੱਜੇ, ਸੂਤਰਾਂ ਅਨੁਸਾਰ ਉਹਨਾਂ ਦੋਵਾਂ ਨੂੰ ਕੈਨੇਡਾ ਇੰਮੀਗਰੇਸ਼ਨ ਅਧਿਕਾਰੀਆਂ ਵੱਲੋਂ ਵੱਖ ਵੱਖ ਤਰਾਂ੍ਹ ਦੇ ਸਵਾਲਾਂ ਰਾਹੀਂ ਪੁੱਛ ਗਿੱਛ ਕੀਤੀ ਗਈ। ਕੈਨੇਡੀਅਨ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਕੀਤੇ ਸਵਾਲਾਂ ਦੇ ਚਕਰਵਿਊ ਦਾ ਸਹੀ ਜੁਆਬ ਨਾਂ ਦਿੱਤੇ ਜਾਣ ਕਰਕੇ ਦੋਹਾਂ ਪੰਜਾਬ ਦੇ ਐਮ ਐਲ ਏਜ਼ ਨੂੰ ਔਟਵਾ ਏਅਰ ਪੋਰਟ ਇੰਮੀਗਰੇਸ਼ਨ ਅਧਿਕਾਰੀਆਂ ਨੇ ਕੈਨੇਡਾ ਵਿੱਚ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹਨਾਂ ਦੋਹਾਂ ਵਿੱਚੋਂ ਕਿਸੇ ਇਕ ਐਮ ਐਲ ਏ ਦੀ ਭੈਣ ਔਟਵਾ ਵਿੱਚ ਰਹਿੰਦੀ ਹੈ ਇਹ ਦੋਵੇਂ ਉਸ ਕੋਲ ਆਏ ਸਨ ਪਰ ਕੈਨੇਡਾ ਵਿੱਚ ਐਂਟਰੀ ਨਾਂ ਮਿਲਣ ਕਰਕੇ ਵਾਪਸ ਜਾਣਾ ਪਿਆ ਭਾਵੇਂ ਕਿ ਉਹਨਾਂ ਦੀ ਭੈਣ ਨੇ ਬਰੈਂਪਟਨ ਤੋਂ ਇਕ ਮਹਿਲਾ ਮੈਂਬਰ ਪਾਰਲੀਮੈਂਟ ਅਤੇ ਮਿਸੀਸਾਗਾ ਦੇ ਇਕ ਐਮ ਪੀ ਪੀ ਕੋਲ ਵੀ ਮਦਦ ਦੀ ਗੁਹਾਰ ਲਗਾਈ ਪਰ ਕੁਝ ਵੀ ਕਾਰਗਰ ਸਾਬਤ ਨਾਂ ਹੋਇਆ। ਖਬਰ ਲਿਖੇ ਜਾਣ ਤੱਕ ਦੋਵੇਂ ਐਮ ਐਲ ਏ ਭਾਰਤ ਦੇ ਰਸਤੇ ਵੱਲ ਹਨ।
ਬਾਬੂਸ਼ਾਹੀ ਦੇ ਚੰਡੀਗੜ੍ਹ ਬਿਊਰੋ ਵੱਲੋਂ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਕੋ-ਪ੍ਰਧਾਨ ਡਾਕਟਰ ਬਲਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ . ਉਨ੍ਹਾਂ ਕਿਹਾ ਕਿ ਸਿਰਫ਼ ਮੀਡੀਆ ਰਿਪੋਰਟਸ ਤੋਂ ਹੀ ਇਹ ਜਾਣਕਾਰੀ ਮਿਲੀ ਸੀ . ਅਤੇ ਅਜੇ ਤੱਕ ਨਾ ਤਾਂ ਉਹ ਦੋਵੇਂ ਐਮ ਐਲ ਏ ਸਮਪਰਕ ਵਿਚ ਆਏ ਹਨ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਸੰਦੇਸ਼ ਆਇਆ ਹੈ . ਡਾਕਟਰ ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਉਹ ਦੋਵੇਂ ਆਪਣੇ ਨਿੱਜੀ ਦੌਰੇ ਤੇ ਕੈਨੇਡਾ ਗਏ ਸਨ . ਉਨ੍ਹਾਂ ਨਾਲ ਸਮਪਰਕ ਹੋਣ ਤੋਂ ਬਾਅਦ ਹੀ ਇਸ ਬਾਰੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ .