ਜਥੇਦਾਰ ਅਕਾਲ ਤਖ਼ਤ ਦੇ ਅਸਤੀਫ਼ੇ ਦਾ ਕੀਤਾ ਸਵਾਗਤ -ਕਿਹਾ ਦੇਰ ਆਏ ਦਰੁਸਤ ਆਏ
ਚੰਡੀਗੜ੍ਹ , 19 ਅਕਤੂਬਰ , 2018 : ਸੁਖਬੀਰ ਬਾਦਲ ਦੀ ਲੀਡਰਸ਼ਿਪ ਤੋਂ ਨਾਬਰ ਹੋਏ ਮਾਝੇ ਦੇ ਸੀਨੀਅਰ ਅਕਾਲੀ ਨੇਤਾ ਅਤੇ ਸ਼ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ ਨੇ ਐਸ ਜੀ ਪੀ ਸੀ ਦੀ ਲੀਡਰਸ਼ਿਪ ਨੂੰ ਸੁਝਾਅ ਦਿੱਤਾ ਹੈ ਕਿ ਉਹ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੀ ਚੋਣ ਸਿਰਫ਼ ਐਗਜ਼ੈਕਟਿਵ ਦੀ ਮੀਟਿੰਗ ਬੁਲਾਕੇ ਕਰਨ ਦੀ ਥਾਂ ਪੰਥਕ ਇਸ ਮੰਤਵ ਲਈ ਰਵਾਇਤਾਂ ਦਾ ਪਾਲਣ ਕਰਨ . ਉਨ੍ਹਾਂ ਕਿਹਾ ਕਿ 1920 ਵਿਚ ਐਸ ਜੀ ਪੀ ਐਕਟ ਦੀ ਹੋਂਦ ਵਿਚ ਆਉਣ ਤੋਂ ਬਾਅਦ ਲੰਮਾ ਸਮਾਂ ਇਹ ਰਵਾਇਤ ਰਹੀ ਕਿ ਕਮੇਟੀ ਚੋਣ ਤੋਂ ਪਹਿਲਾਂ ਸਿੰਘ ਸਭਾਵਾਂ , ਪੰਥਕ ਜਥੇਬੰਦੀਆਂ ਅਤੇ ਅਹਿਮ ਸਿੱਖ ਸੰਪਰਦਾਵਾਂ ਦੀ ਰਾਇ ਲਿਖਤੀ ਰੂਪ ਵਿਚ ਲੈਂਦੀ ਸੀ . ਐਗਜ਼ੈਕਟਿਵ ਕਮੇਟੀ ਵੱਲੋਂ ਇਨ੍ਹਾਂ ਸਭ ਨੂੰ ਚਿੱਠੀਆਂ ਭੇਜ ਕੇ ਇਨ੍ਹਾਂ ਤੋਂ ਜਥੇਦਾਰ ਦੀ ਚੋਣ ਲਈ ਪੈਨਲ ਮੰਗੇ ਜਾਂਦੇ ਸਨ .ਇਸ ਵਿਧੀ ਰਾਹੀਂ ਆਏ ਸੁਝਾਵਾਂ ਅਤੇ ਨਾਵਾਂ ਦੀ ਸੂਚੀ ਵਿਚੋਂ ਚੋਣਵੇਂ ਨਾਮ ਵਿਚਾਰੇ ਜਾਂਦੇ ਸਨ ਅਤੇ ਉਨ੍ਹਾਂ ਵਿਚੋਂ ਜਥੇਦਾਰ ਦੀ ਚੋਣ ਕੀਤੀ ਜਾਂਦੀ ਸੀ .
ਅੱਜ ਇੱਥੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸੇਖਵਾਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਹੋਰਨਾਂ ਕਈ ਪੰਥਕ ਰਵਾਇਤਾਂ ਵਾਂਗ ਇਹ ਰਵਾਇਤ ਛੱਡ ਦਿੱਤੀ ਗਈ ਹੈ ਸਿੱਟੇ ਵਜੋਂ ਜਥੇਦਾਰ ਦੀ ਚੋਣ ਤੇ ਸਿੱਖਾਂ ਦੇ ਕਈ ਹਿੱਸਿਆਂ ਵਿਚੋਂ ਕਿੰਤੂ ਪ੍ਰੰਤੂ ਲਗਦੇ ਰਹਿੰਦੇ ਹਨ .ਉਨ੍ਹਾਂ ਕਿਹਾ ਕਿ ਬੇਸ਼ੱਕ ਜਥੇਦਾਰ ਦੀ ਨਿਯੁਕਤੀ ਐਸ ਜੀ ਪੀ ਸੀ ਦੀ ਐਗਜ਼ੈਕਟਿਵ ਨੇ ਕਰਨੀ ਹੁੰਦੀ ਹੈ ਪਰ ਇਸ ਚੋਣ ਲਈ ਸਿੱਖ ਪੰਥ ਦੀ ਆਮ ਸਹਿਮਤੀ ਲੈਣ ਦੀ ਵਿਧੀ ਅਪਣਾਉਣੀ ਚਾਹੀਦੀ ਹੈ .
ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਤੇ ਟਿੱਪਣੀ ਕਰਦੇ ਹੋਏ ਸੇਵਾ ਸਿੰਘ ਸੇਖਵਾਂ ਨੇ ਅਸਤੀਫ਼ੇ ਦਾ ਸਵਾਗਤ ਕੀਤਾ ਪਰ ਕਿਹਾ ਉਨ੍ਹਾਂ ਨੂੰ ਇਹ ਅਸਤੀਫ਼ਾ ਪਹਿਲਾਂ ਦੇਣਾ ਚਾਹੀਦਾ ਸੀ . ਜਦੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਉਸ ਵੇਲੇ ਉਹ ਸਟੈਂਡ ਲੈਂਦੇ ਤਾਂ ਸਿੱਖ ਜਗਤ ਦੇ ਨਾਇਕ ਹੁੰਦੇ ਅਤੇ ਜੋ ਦਾਗ਼ ਅਕਾਲ ਤਖ਼ਤ ਦੀ ਇਹ ਮਹਾਨ ਪਦਵੀ ਤੇ ਲੱਗਾ ਅਤੇ ਗਿਆਨੀ ਗੁਰਬਚਨ ਸਿੰਘ ਦੇ ਅਕਸ ਤੇ ਲੱਗਾ , ਇਹ ਨਹੀਂ ਸੀ ਹੋਣਾ . ਫਿਰ ਵੀ ਚਲੋ ਦੇਰ ਆਏ ਦਰੁਸਤ ਆਏ .