ਚੰਡੀਗੜ੍ਹ, 11 ਜਨਵਰੀ 2019 - ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਅੱਜ ਕੋਰਟ ਨੇ ਇੱਕ ਹੋਰ ਝਟਕਾ ਦੇ ਦਿੱਤਾ। ਡੇਰਾ ਮੁਖੀ ਨੂੰ ਅਦਾਲਤ ਨੇ ਪੱਤਰਕਾਰ ਛੱਤਰਪਤੀ ਕਤਲ ਮਾਮਲੇ 'ਚ ਵੀ ਮੁਜਰਮ ਕਰਾਰ ਦਿੱਤਾ ਗਿਆ ਹੈ। ਰਾਮ ਰਹੀਮ ਦੇ ਨਾਲ ਤਿੰਨ ਹੋਰਨਾਂ ਕੁਲਦੀਪ ਸਿੰਘ, ਨਿਰਮਲ ਸਿੰਘ ਤੇ ਕ੍ਰਿਸ਼ਨ ਲਾਲ ਨੂੰ ਵੀ ਮੁਜਰਮ ਕਰਾਰ ਦਿੱਤਾ ਗਿਆ ਹੈ। 17 ਜਨਵਰੀ ਨੂੰ ਰਾਮ ਰਹੀਮ ਦੀ ਸਜ਼ਾ ਦਾ ਐਲਾਨ ਹੋਵੇਗਾ।
ਇਸ ਤੋਂ ਪਹਿਲਾਂ ਸਾਲ 2017 ਵਿੱਚ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਫ਼ੀ ਹਿੰਸਾ ਭੜਕ ਗਈ ਸੀ। ਇਸ ਵਾਰ ਅਜਿਹੇ ਹਾਲਾਤ ਨਾ ਬਣਨ , ਇਸ ਲਈ ਸਾਵਧਾਨੀ ਵਰਤੀ ਗਈ ਹੈ। ਜਿਸਦੇ ਮੱਦੇਨਜ਼ਰ ਅੱਜ ਦੀ ਸੁਣਵਾਈ ਵੀਡੀੳ ਕਾਨਰੰਸਿੰਗ ਰਾਹੀਂ ਹੀ ਕੀਤੀ ਗਈ।
ਕੀ ਸੀ ਪੂਰਾ ਮਾਮਲਾ ?
ਮਾਮਲਾ 2002 ਦਾ ਹੈ ਜਦੋਂ ਡੇਰੇ ਦੇ ਕਾਰਕੁਨਾਂ ਵੱਲੋਂ ‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛੱਤਰਪਤੀ ਦਾ ਉਸ ਦੇ ਘਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਡੇਰਾ ਮੁਖੀ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਸੀਬੀਆਈ ਦੀ ਅਦਾਲਤ ਵੱਲੋਂ ਫੈਸਲਾ ਸੁਣਾਇਆ ਹੈ।
ਸਾਲ 2017 'ਚ ਭੜਕੀ ਸੀ ਪੰਚਕੂਲਾ 'ਚ ਹਿੰਸਾ
ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਤੇ ਫੈਸਲੇ ਤੋਂ ਪਹਿਲਾਂ 25 ਅਗਸਤ 2017 ਨੂੰ ਰਾਮ ਰਹੀਮ ਦੇ ਸੀਬੀਆਈ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਰਾਮ ਰਹੀਮ ਦੇ ਸਮਰਥਕ ਸੜਕਾਂ 'ਤੇ ਡੇਰਾ ਲਗਾ ਕੇ ਬੈਠ ਗਏ ਸਨ। ਸਿਰਸਾ ਤੋਂ ਗੱਡੀਆਂ ਦੇ ਕਾਫ਼ਲੇ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸੜਕ ਮਾਰਗ ਰਾਹੀਂ ਆਪਣੀ ਪੇਸ਼ੀ ਲਈ ਪੰਚਕੂਲਾ ਪਹੁੰਚੇ। ਦੇਸ-ਵਿਦੇਸ਼ ਦਾ ਮੀਡੀਆ ਮਾਮਲੇ ਦੀ ਕਵਰੇਜ ਲਈ ਪਹਿਲਾਂ ਹੀ ਥਾਂ-ਥਾਂ ਉੱਤੇ ਡਟਿਆ ਹੋਇਆ ਸੀ।
28 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੇਪ ਦੇ ਦੋ ਮਾਮਲਿਆਂ ਵਿੱਚ ਵੀਹ ਸਾਲ (10-10 ਸਾਲ) ਦੀ ਸਜ਼ਾ ਸੁਣਾਈ ਗਈ। ਦੁਪਹਿਰ ਸਮੇਂ ਜਿਵੇਂ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਐਲਾਨਿਆ ਤਾਂ ਉਸੇ ਵੇਲੇ ਪੰਚਕੂਲਾ ਦੀਆਂ ਸੜ੍ਹਕਾਂ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਕੁਝ ਦੇਰ ਬਾਅਦ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ। ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਜੋ ਕੁਝ ਵੀ ਆਇਆ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਕਈ ਗੱਡੀਆਂ ਵੀ ਇਸ ਦੀ ਲਪੇਟ ਵਿਚ ਆ ਗਈਆਂ।
ਹਾਲਾਤ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਪੁਲਿਸ ਵੱਲੋਂ ਪਹਿਲਾਂ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਕਈਆਂ ਦੀ ਮੌਤ ਹੋ ਗਈ। ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੁਲਾ ਦੀਆਂ ਸੜ੍ਹਕਾਂ ਤੇ ਹਿੰਸਾ ਸ਼ੁਰੂ ਹੋ ਗਈ। ਸਜ਼ਾ ਦੇ ਐਲਾਨ ਤੋਂ ਬਾਅਦ ਹੀ ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਆਪਣੀ ਸਜਾ ਕੱਟ ਰਿਹਾ ਹੈ।