ਲੁਧਿਆਣਾ : 16 ਸਤੰਬਰ 2019 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕੈਨੇਡਾ ਵੱਸਦੇ ਸਰਪ੍ਰਸਤਾਂ ਤੇ ਲੇਖਕ ਮੈਂਬਰਾਂ ਦੇ ਸਹਿਯੋਗ ਨਾਲ ਵੈਨਕੁਵਰ ਵਿਚਾਰ ਮੰਚ ਵੱਲੋਂ ਸਰੀ (ਕੈਨੇਡਾ) ਸਥਿਤ ਪੰਜਾਬ ਭਵਨ ਵਿਚ ਬੀਤੀ ਸ਼ਾਮ ਚੰਡੀਗੜ੍ਹ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਐਡਵੋਕੇਟ ਸ. ਗੁਰਚਰਨ ਸਿੰਘ ਧਾਲੀਵਾਲ ਦਾ ਪਲੇਠਾ ਕਾਵਿ ਸੰਗ੍ਰਹਿ ‘ਕਾਗ਼ਜ਼ ਦੀ ਦਹਿਲੀਜ਼ ਤੇੇ’ ਲੋਕ ਅਰਪਣ ਕਰਦਿਆਂ ਉੱਘੇ ਸਨਮਾਨਿਤ ਬਜ਼ੁਰਗ ਲੇਖਕ ਸ. ਜਰਨੈਲ ਸਿੰਘ ਸੇਖਾ ਨੇ ਕਿਹਾ ਹੈ ਕਿ ਸਾਹਿਤ ਨੂੰ ਹਮੇਸ਼ਾ ਵੰਨ ਸੁਵੰਨੇ ਖੇਤਰਾਂ ’ਚ ਕੰਮ ਕਰਦੇ ਸਿਰਜਕਾਂ ਨੇ ਅਮੀਰ ਕੀਤਾ ਹੈ। ਵਿਗਿਆਨ, ਕਾਨੂੰਨ, ਮਨੋਵਿਗਿਆਨ, ਇੰਜਨੀਅਰਿੰਗ ਤੇ ਹੋਰ ਖੇਤਰਾਂ ਦੇ ਪ੍ਰਮੁੱਖ ਵਿਅਕਤੀਆਂ ਨੇ ਸਾਹਿਤ ਨੂੰ ਹਮੇਸ਼ਾ ਨਵਾਂ ਸ਼ਬਦ ਭੰਡਾਰ ਤੇ ਅਨੁਭਵ ਦਿੱਤਾ ਹੈ।
ਚੰਗੀ ਗੱਲ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਜੰਮਪਲ ਉੱਘੇ ਕਾਨੂੰਨਦਾਨ ਗੁਰਚਰਨ ਸਿੰਘ ਧਾਲੀਵਾਲ ਨੇ ਆਪਣੀ ਲਗਪਗ 40 ਸਾਲ ਲੰਮੀ ਸ਼ਾਇਰੀ-ਸਾਧਨਾਂ ਨੂੰ ਇਕ ਪੁਸਤਕ ਵਿਚ ਸੰਭਾਲਿਆ ਹੈ। ਇਹ ਸਾਡਾ ਸੁਭਾਗ ਹੈ ਕਿ ਪੰਜਾਬ ਭਵਨ ਅਤੇ ਵੈਨਕੁਵਰ ਵਿਚਾਰ ਮੰਚ ਨੇ ਪੰਜਾਬ ਵੱਸਦੇ ਪੰਜਾਬੀ ਕਵੀ ਦੀ ਕਿਤਾਬ ਨੂੰ ਕੈਨੇਡਾ ’ਚ ਲੋਕ ਅਰਪਨ ਕੀਤਾ ਹੈ। ਉਨ੍ਹਾਂ
ਕਿਹਾ ਕਿ ਅੱਜ ਸ. ਧਾਲੀਵਾਲ ਨੂੰ ਮਿਲਕੇ ਇੰਜ ਮਹਿਸੂਸ ਹੋ ਰਿਹਾ ਹੈ ਕਿ ਦਹਾਕਿਆਂ ਤੋਂ ਜਾਣਦੇ ਪਛਾਣਦੇ ਹਾਂ।
ਪੰਜਾਬ ਭਵਨ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਤਿੰਨ ਸਾਲਾਂ ਦੇ ਸਫ਼ਰ ਦੌਰਾਨ ਪੰਜਾਬ ਭਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਕਿ ਵਿਸ਼ਵ ’ਚ ਵੱਸਦਾ ਹਰ ਲੇਖਕ ਇਸ
ਨੂੰ ਆਪਣਾ ਘਰ ਮਹਿਸੂਸ ਕਰਦਾ ਹੈ ਅਤੇ ਕੈਨੇਡਾ ਫੇਰੀ ਦੌਰਾਨ ਏਥੇ ਆਉਣਾ ਨਹੀਂ ਭੁੱਲਦਾ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਧਾਲੀਵਾਲ ਦੀ ਲਿਖਤ ’ਚ ਪੰਜਾਬ ਬੋਲਦਾ ਹੈ। ਜਿਸ ਦੀ
ਸ਼ਾਇਰੀ ਨੂੰ ਅੰਮਿ੍ਰਤਾ ਪ੍ਰੀਤਮ, ਡਾ. ਜਗਤਾਰ, ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰੋ.ਗੁਰਭਜਨ ਸਿੰਘ ਗਿੱਲ ਤੇ ਤ੍ਰੈਲੋਚਨ ਲੋਚੀ ਦਾ ਸਨੇਹ ਪ੍ਰਾਪਤ ਹੋਵੇ, ਉਸ ਨੂੰ ਕਿਸੇ ਹੋਰ
ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੇਰੀ ਤਾਂ ਇੱਛਾ ਸੀ ਕਿ ਪੰਜਾਬ ਭਵਨ ਵਿਚ 21, 22 ਸਤੰਬਰ ਨੂੰ ਹੋ ਰਹੀ ਵਿਸ਼ਵ ਕਾਨਫ਼ਰੰਸ ’ਚ ਸ. ਗੁਰਚਰਨ ਸਿੰਘ ਧਾਲੀਵਾਲ ਸ਼ਾਮਲ ਹੁੰਦੇ, ਪਰ ਇਨ੍ਹਾਂ ਦੇ ਨਿਸ਼ਚਤ ਰੁਝੇਵਿਆਂ ਕਾਰਨ ਉਹ ਵਾਪਸ ਪੰਜਾਬ ਪਰਤ ਰਹੇ ਹਨ। ਵੈਨਕੁਵਰ ਵਿਚਾਰ ਮੰਚ ਦੇ ਪ੍ਰਧਾਨ ਅੰਗਰੇਜ਼ ਸਿੰਘ ਬਰਾੜ ਨੇ ਗੁਰਚਰਨ ਸਿੰਘ ਧਾਲੀਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਧਰਤੀ ਦੀ ਜ਼ਬਾਨ ਵਰਤਦੇ ਸ਼ਾਇਰ ਦੋਸਤ ਦੀ ਕਿਤਾਬ ਲੋਕ ਅਰਪਣ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ।
ਪੁਸਤਕ ਦੀ ਜਾਣ-ਪਛਾਣ ਵੈਨਕੁਵਰ ਵਿਚਾਰ ਮੰਚ ਦੇ ਮੁੱਖ ਸਲਾਹਕਾਰ ਤੇ ਪੰਜਾਬੀ ਕਵੀ ਮੋਹਨ ਗਿੱਲ ਨੇ ਕਿਹਾ ਕਿ ਕਾਗ਼ਜ਼ ਦੀ ਦਹਿਲੀਜ਼ ਤੇ ਕਾਵਿ ਸੰਗ੍ਰਹਿ ਸਾਨੂੰ ਪੰਜਾਬ, ਪੰਜਾਬੀ,
ਪੰਜਾਬੀਅਤ ਤੇ ਰਿਸ਼ਤਾ ਨਾਤਾ ਪ੍ਰਬੰਧ ਦੀ ਸ਼ਕਤੀ ਨਾਲ ਜੋੜਦਾ ਹੈ। ਇਹ ਪੁਸਤਕ ਸਿਰਫ਼ ਕਾਵਿ ਸੰਗ੍ਰਹਿ ਨਹੀਂ ਸਗੋਂ ਸਹਿਜ, ਸਬਰ ਸੰਤੋਖ ਨਾਲ ਕੀਤੀ ਕਾਵਿ-ਘਾਲਣਾ ਦਾ ਅਰਕ ਹੈ। ਉਸ ਲਈ ਕਵਿਤਾ ਲਿਖਣਾ ਮਜਬੂਰੀ ਨਹੀਂ ਸਗੋਂ ਸ੍ਵੈ-ਪ੍ਰਗਟਾਵੇ ਦਾ ਹਥਿਆਰ ਹੈ। ਗੁਰਚਰਨ ਸਿੰਘ ਧਾਲੀਵਾਲ ਨੇ ਇਸ ਪੁਸਤਕ ਰਾਹੀਂ ਅੰਮਿ੍ਰਤਾ ਪ੍ਰੀਤਮ ਤੇ ਡਾ. ਜਗਤਾਰ ਵੱਲੋਂ ਪ੍ਰਗਟਾਏ
ਵਿਸ਼ਵਾਸ ਨੂੰ ਪੁਗਾਇਆ ਹੈ। ਇਸ ਕਿਤਾਬ ਦਾ ਮੁੱਖ ਬੰਦ ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਦਿਆਂ ਗੁਰਬਚਨ ਸਿੰਘ ਧਾਲੀਵਾਲ ਦੀ ਸ਼ਬਦ ਸ਼ਕਤੀ ਨੂੰ
ਸਤਿਕਾਰਿਆ ਹੈ।
ਸਮਾਗਮ ਵਿਚ ਬੋਲਦਿਆਂ ਵਿਸ਼ਵ ਪ੍ਰਸਿੱਧ ਚਿਤਰਕਾਰ ਤੇ ਲੇਖਕ ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਗੁਰਚਰਨ ਸਿੰਘ ਧਾਲੀਵਾਲ ਦੀਂਆਂ ਕੁਝ ਕਵਿਤਾਵਾਂ ਤਾਂ ਲੋਕ ਚਿਤਰਕਾਰੀ ਵਰਗੀਆਂ ਹਨ।
ਧੰਨਵਾਦ ਦੇ ਸ਼ਬਦ ਬੋਲਦਿਆਂ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਵਨ ਪਰਦੇਸਾਂ ਚ ਸਰਬ ਸਾਂਝਾ ਘਰ ਹੈ ਜਿੱਥੇ ਹਰ ਪੰਜਾਬੀ ਲੇਖਕ ਹੀ ਨਹੀਂ ਸਗੋਂ ਸਮੂਹ ਪੰਜਾਬੀ ਪਹੁੰਚ ਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ਾਇਰੀ ਜ਼ਰੂਰ ਕਰਦਾ ਹਾਂ ਪਰ ਇਸ ਵੱਲ ਜ਼ਿੰਮੇਵਾਰ ਰਿਸ਼ਤਾ ਨਹੀਂ ਨਿਭਾ ਸਕਿਆ। ਹੁਣ ਵੀ ਮੈਂ ਉਨ੍ਹਾਂ ਸਭ ਸੱਜਣਾਂ ਤੇ ਲੋਕ ਗੀਤ ਪ੍ਰਕਾਸ਼ਨ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੈਨੂੰ ਲੇਖਕਾਂ ਵਿੱਚ ਬਹਿਣ ਖਲੋਣ ਜੋਗਾ ਕੀਤਾ ਹੈ। ਪੰਜਾਬ ਭਵਨ ਵੱਲੋਂ ਗੁਰਚਰਨ ਸਿੰਘ ਧਾਲੀਵਾਲ ਨੂੰ ਸੁਖੀ ਬਾਠ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ ਤੇ ਕੁਝ ਹੋਰ ਸੱਜਣਾਂ ਨੇ ਸਨਮਾਨਿਤ ਕੀਤਾ।
ਇਸ ਮੌਕੇ ਰਣਧੀਰ ਸਿੰਘ ਢਿੱਲੋਂ ਤੇ ਹਰਦਮ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਪਰਮਜੀਤ ਸਿੰਘ ਬਾਜਵਾ ਕਪੂਰਥਲਾ, ਪਿ੍ਰੰਸੀਪਲ ਗੁਰਬਚਨ ਸਿੰਘ ਗਰੇਵਾਲ ਲੁਧਿਆਣਾ, ਗੁਰਜੰਟ ਸਿੰਘ ਬਰਾੜ ਤੇ ਜੱਗਾ ਸਿੰਘ ਗਿੱਲ ਐਬਟਸਫੋਰਡ (ਕੈਨੇਡਾ) ਹਰਿੰਦਰਜੀਤ ਕੌਰ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸਾਹਿੱਤਕ, ਸਭਿਆਚਾਰਕ ਤੇ ਸਮਾਜਿਕ ਹਸਤੀਆਂ ਸ਼ਾਮਲ ਸਨ।