ਭੋਪਾਲ, 2 ਅਕਤੂਬਰ, 2019: ਰਾਜਿੰਦਰ ਕੁਮਾਰ ਨੂੰ ਹਨੀ ਟ੍ਰੈਪ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
ਕੁਮਾਰ ਨੇ ਸੰਜੀਵ ਸ਼ਮੀ ਦੀ ਥਾਂ ਲੈ ਲਈ ਹੈ ਜੋ ਪਹਿਲਾਂ ਇਸ ਕੇਸ ਵਿੱਚ ਐਸ.ਆਈ.ਟੀ ਮੁਖੀ ਵਜੋਂ ਜਾਂਚ ਕਰ ਰਹੇ ਸੀ। ਤਾਜ਼ਾ ਨਿਯੁਕਤੀ ਤੋਂ ਇਲਾਵਾ 15 ਆਈ.ਪੀ.ਐਸ ਅਧਿਕਾਰੀਆਂ ਦਾ ਤਬਾਦਲਾ ਵੀ ਕੀਤਾ ਗਿਆ ਹੈ। ਹਨੀ ਟਰੈਪ ਕੇਸ ਵਿੱਚ ਪੰਜ ਔਰਤਾਂ ਅਤੇ ਇੱਕ ਆਦਮੀ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਕਿਵੇਂ ਹੋਇਆ ਖੁਲਾਸਾ ?
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਕੁਝ ਦਿਨ ਪਹਿਲਾਂ ਇੰਦੌਰ ਮਿਊਂਸਪਲ ਕਾਰਪੋਰੇਸ਼ਨ (ਆਈ.ਐਮ.ਸੀ) ਦੇ ਇਕ ਇੰਜੀਨੀਅਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋ ਔਰਤਾਂ ਕੁਝ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰ ਰਹੀਆਂ ਸਨ। ਬਾਅਦ ਵਿੱਚ ਆਈ.ਐਮ.ਸੀ ਨੇ ਇੰਜੀਨੀਅਰ ਨੂੰ ਸੇਵਾ ਤੋਂ ਮੁਅੱਤਲ ਕਰ ਦਿੱਤਾ ਸੀ। ਇੰਦੌਰ ਪੁਲਿਸ ਨੇ 2 ਔਰਤਾਂ ਤੇ ਉਨ੍ਹਾਂ ਦੇ ਵਾਹਨ ਚਾਲਕ ਨੂੰ ਗ੍ਰਿਫਤਾਰ ਕੀਤਾ ਸੀ। ਇਹ ਔਰਤਾਂ ਉਕਤ ਇੰਜੀਨੀਅਰ ਦਾ ਵੀਡੀਓ ਬਣਾਉਣ ਦੇ ਬਾਅਦ ਉਸ ਨੂੰ ਬਲੈਕਮੇਲ ਕਰ ਕੇ ਉਸ ਤੋਂ 3 ਕਰੋੜ ਰੁਪਏ ਮੰਗ ਰਹੀਆਂ ਸਨ।
ਰਕਮ ਦੀ ਪਹਿਲੀ ਕਿਸ਼ਤ ਦੇ ਤੌਰ ’ਤੇ 50 ਲੱਖ ਰੁਪਏ ਉਹ ਲੈਣ ਆਈ ਤਾਂ ਫੜੀ ਗਈ। ਬੀਤੇ 10 ਦਿਨਾਂ ’ਚ ਇਸ ਕਾਂਡ ਨਾਲ ਜੁ਼ੜੀਆਂ ਜੋ ਫੋਟੋਆਂ ਸਾਹਮਣੇ ਆ ਰਹੀਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ। ਨਾਲ ਹੀ ਇਸ ਗੱਲ ਦਾ ਅਹਿਸਾਸ ਕਰਾ ਰਹੀਆਂ ਹਨ ਕਿ ਸੂਬੇ ’ਚ ਬੀਤੇ ਕਈ ਸਾਲਾਂ ’ਚ ਕਰੋੜਾਂ ਦੇ ਠੇਕੇ ਉਨ੍ਹਾਂ ਦੇ ਹੱਥ ਲੱਗ ਗਏ, ਜਿਨ੍ਹਾਂ ਨੇ ਔਰਤਾਂ ਦਾ ਭਰਪੂਰ ਇਸਤੇਮਾਲ ਕੀਤਾ।
ਸ਼ਵੇਤਾ ਸਵਪਨਲ ਜੈਨ ਨੂੰ ਇਸ ਕੇਸ ਦੀ ਮੁੱਖ ਸਾਜ਼ਿਸ਼ਕਰਤਾ ਮੰਨਿਆ ਗਿਆ ਹੈ ਅਤੇ ਉਸਦੀ ਗ੍ਰਿਫਤਾਰ ਹੋ ਚੁੱਕੀ ਹੈ। ਸਪਨਾ ਦੇ ਕਈ ਨੇਤਾਵਾਂ ਨਾਲ ਮੰਚ ਸਾਂਝਾ ਕਰਨ ਦੀਆਂ ਫੋਟੋਆਂ ਵਾਇਰਲ ਹੋਈਆਂ ਹਨ। ਹਾਲਾਂਕਿ ਰਾਜ ਸਰਕਾਰ ਨੇ ਪੂਰਾ ਮਾਮਲਾ ਐੱਸ. ਆਈ. ਟੀ. ਨੂੰ ਸੌਂਪ ਦਿੱਤਾ ਹੈ ਪਰ ਭਾਜਪਾ ਨੇਤਾਵਾਂ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਬਾਲੀਵੁੱਡ ਦੀਆਂ ਬੀ-ਗ੍ਰੇਡ ਐਕਟ੍ਰੈਸ ਵੀ ਹਨੀ ਟ੍ਰੈਪ ਮਾਮਲੇ ’ਚ ਸ਼ਾਮਲ
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਬਾਲੀਵੁੱਡ ਦੀਆਂ ਕਈ ਬੀ-ਗ੍ਰੇਡ ਐਕਟ੍ਰੈਸ ਵੀ ਹਨੀ ਟ੍ਰੈਪ ਮਾਮਲੇ ’ਚ ਸ਼ਾਮਲ ਹਨ। ਮੁੱਖ ਦੋਸ਼ੀ ਦੇ ਤੌਰ ’ਤੇ ਸ਼ਵੇਤਾ ਸਵਪਨਲ ਜੈਨ ਦਾ ਨਾਂਅ ਸਾਹਮਣੇ ਆਇਆ ਹੈ। ਕਲੱਬ ’ਚ ਆਉਣ ਵਾਲੇ ਨੇਤਾਵਾਂ, ਅਫਸਰਾਂ ਨਾਲ ਸ਼ਵੇਤਾ ਦੋਸਤੀ ਕਰ ਲੈਂਦੀ ਸੀ। ਫਿਰ ਫੋਨ ’ਤੇ ਗੱਲਾਂ ਹੁੰਦੀਆਂ ਸਨ ਜਿਨ੍ਹਾਂ ’ਚ ਵੱਡੇ ਲੋਕਾਂ ਨੂੰ ਸੈਕਸ ਆਫਰ ਕੀਤਾ ਜਾਂਦਾ ਸੀ।
ਉਨ੍ਹਾਂ ਨੂੰ ਕਿਸੇ ਵੱਡੇ ਹੋਟਲ ਦੇ ਕਮਰੇ ’ਚ ਬੁਲਾਇਆ ਜਾਂਦਾ ਸੀ। ਗਿਰੋਹ ’ਚ 40 ਤੋਂ ਵੱਧ ਕਾਲ ਗਰਲਸ ਅਤੇ ਐਕਟ੍ਰੈੱਸ ਸਨ। ਸ਼ੁਰੂਆਤ ’ਚ ਤਿੰਨ-ਚਾਰ ਵਾਰ ਹੋਟਲ ਜਾਣ ਤੋਂ ਬਾਅਦ ਨੇਤਾਵਾਂ ਨੂੰ ਸ਼ਵੇਤਾ ’ਤੇ ਭਰੋਸਾ ਹੋ ਜਾਂਦਾ ਸੀ। ਇਨ੍ਹਾਂ ’ਚੋਂ ਕਈ ਸ਼ਵੇਤਾ ਨਾਲ ਵਟਸਐਪ ’ਤੇ ਮੈਸੇਜ ਆਡੀਓ ਚੈਟਿੰਗ ਕਰਦੇ ਸਨ।
ਸੈਕਸ ਚੈਟ ਦੇ ਕਈ ਸਕ੍ਰੀਨਸ਼ਾਟ ਪੁਲਸ ਨੂੰ ਮਿਲੇ ਹਨ। ਬਰਾਮਦ ਵੀਡੀਓ 'ਚ 92 ਹਾਈ ਕੁਆਲਟੀ ਦੇ ਵੀਡੀਓ ਹਨ। ਪੁਲਸ ਨੂੰ ਜ਼ਬਤ ਕੀਤੇ ਗਏ ਲੈਪਟਾਪ, ਮੋਬਾਇਲ ਫੋਨ ’ਚ 4000 ਤੋਂ ਵੱਧ ਫਾਈਲਾਂ ਮਿਲੀਆਂ ਹਨ। ਇਨ੍ਹਾਂ ’ਚ ਕਈ ਨੇਤਾ/ਅਫਸਰਾਂ ਦੇ ਇਤਰਾਜ਼ਯੋਗ ਹਾਲਤ ’ਚ ਫੋਟੋ ਤੇ ਵੀਡੀਓ ਹਨ।