ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ 17 ਦਸਬੰਰ 2019 - ਦਿੱਲੀ 'ਚ ਐਨ.ਸੀ.ਆਰ.ਤੇ ਸੀ.ਏ.ਬੀ. ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਖਿਲਾਫ ਪੁਲਿਸ ਕਾਰਵਾਈ ਦੇ ਵਿਰੋਧ 'ਚ ਅੱਜ ਇਥੇ ਮੁਸਲਮਾਨ ਭਾਈਚਾਰੇ ਵਲੋਂ ਵਿਰੋਧ ਕਰਦਿਆਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।
ਵੱਡੀ ਤਾਦਾਦ 'ਚ ਇਥੇ ਹਾਲ ਗੇਟ ਵਿਖੇ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਜਿਹੜਾ ਬਿੱਲ ਲੋਕਾਂ ਨੂੰ ਮਨਜੂਰ ਨਹੀਂ, ਉਹ ਰੱਦ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ 'ਚ ਸਾਰੇ ਭਾਈਚਾਰਿਆਂ ਦਾ ਯੋਗਦਾਨ ਹੈ ਤੇ ਫਿਰ ਕਿਸੇ ਇਕ ਫਿਰਕੇ ਨੂੰ ਕਿਉਂ ਖੁਸ਼ ਕਰਨ ਲਈ ਇਹ ਬਿੱਲ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੋ ਜਾਂਦਾ।
ਇਸ ਮੌਕੇ ਆਗੂ ਮੁਹੰਮਦ ਯੂਸਫ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕੇਵਲ ਮੁਸਲਿਮਾਂ ਨਾਲ ਹੀ ਧੱਕੇਸ਼ਾਹੀ ਕਰ ਰਹੀ ਹੈ ਤੇ ਆਉਂਦੇ ਦਿਨ ਅਜਿਹੇ ਬਿੱਲ ਲਿਆਂਦੇ ਜਾ ਰਹੇ ਹਨ ਜਿਸ ਨਾਲ ਉਨ੍ਹਾਂ 'ਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦੇ ਪੜਦਾਦੇ ਹਿੰਦੁਸਤਾਨ 'ਚ ਰਹੇ ਹਨ ਤੇ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ ਉਨ੍ਹਾਂ ਨੂੰ ਵਿਤਕਰਾ ਸਹਿਣਾ ਪੈ ਰਿਹਾ ਹੋਵੇ । ਨਵੇਂ ਕਾਨੂੰਨ ਨਾਲ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਪਾਸੇ ਕਰਕੇ ਕੇਵਲ ਮੁਸਲਮਾਨਾਂ ਨੂੰ ਹੀ ਨਿਸ਼ਾਨ ਬਣਾਇਆ ਜਾ ਰਿਹਾ ਹੈ ।