ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਜਿੰਦਗੀ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ” ਨਾਲ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 22 ਨਵੰਬਰ 2024 ( ) ਹੰਸ ਰਾਜ ਕਾਲਜ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਵਿਖੇ ਹਿੰਦੂਸਤਾਨ ਐਗਰੀਕਲਚਰ ਰਿਸਰਚ ਵੈਲਫੇਅਰ ਸੁਸਾਇਟੀ ਵੱਲੋਂ ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ,ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਨਸੀ,ਇੰਡੀਅਨ ਸੋਸਾਇਟੀ ਆਫ ਅਗਰੋਨੋਮੀ ਸਮੇਤ 8 ਹੋਰ ਸਰਵਉੱਚ ਖੇਤੀਬਾੜੀ ਸੰਸਥਾਵਾਂ ਦੇ ਸਹਿਯੋਗ ਨਾਲ ਮਿਤੀ 3-5 ਨਵੰਬਰ 2024 ਦੌਰਾਨ “ਕੁਦਰਤੀ ਖੇਤੀ ਨਵੀਨਤਾਵਾਂ : "ਭਵਿਖ ਦੀ ਹਰੀ ਖੇਤੀਬਾੜੀ ਲਈ ਬਨਾਵਟੀ ਗਿਆਨ ਅਤੇ ਡਰੋਨ ਤਕਨਾਲੋਜੀ ਨਾਲ ਮਿੱਟੀ ਦੀ ਸਿਹਤ ਅਤੇ ਬੀਜ ਦੀ ਗੁਣਵਤਾ ਵਿਚ ਵਾਧਾ" ਦੇ ਵਿਸ਼ੇ ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ 2024 ਕਰਵਾਈ ਗਈ। ਇਸ ਕਾਨਫਰੰਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ.ਅਮਰੀਕ ਸਿੰਘ ਨੂੰ ਫ਼ਸਲ ਵਿਗਿਆਨ ਦੇ ਖੇਤਰ ਵਿੱਚ ਨਿਭਾਈਆ ਜਾ ਰਹੀਆ ਬੇਹਤਰੀਨ ਸੇਵਾਵਾਂ ਲਈ “ਲਾਈਫਟਾਈਮ ਅਚੀਵਮੈਂਟ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਤਿੰਨ ਰੋਜਾ ਕਾਨਫਰੰਸ ਦੇ ਮੁੱਖ ਮਹਿਮਾਨ ਰਾਜਪਾਲ ਗੁਜਰਾਤ ਸ੍ਰੀ ਅਚਾਰੀਆ ਦੇਵਰਤ ਸਨ।
ਡਾ.ਅਮਰੀਕ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਕਮਿਸ਼ਨਰ ਖੇਤੀਬਾੜੀ ਪੰਜਾਬ ਸ੍ਰੀਮਤੀ ਨੀਲਿਮਾ, ,ਡਾ. ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ (ਸਾਬਕਾ) ਪੀ ਏ ਯੂ ਲੁਧਿਆਣਾ ,ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਵੰਤ ਸਿੰਘ,ਸ੍ਰੀ ਰਾਮਵੀਰ ਆਈ ਏ ਐਸ, ਡਾ. ਅਭਿਨਵ ਤ੍ਰਿਖਾ ਆਈ ਏ ਐਸ , ਡਾਕਟਰ ਬਲਵਿੰਦਰ ਸਿੰਘ ਸਿੱਧੂ ਕਮਿਸ਼ਨਰ ਖੇਤੀਬਾੜੀ ,ਪੰਜਾਬ (ਸਾਬਕਾ)ਅਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਟੀ. ਏ.) ਫਰੀਦਕੋਟ ਵੀ ਹਾਜ਼ਰ ਸਨ।
ਡਾ. ਅਮਰੀਕ ਸਿੰਘ ਬਤੌਰ ਮੁੱਖ ਖੇਤੀਬਾੜੀ ਅਫਸਰ, ਫਰੀਦੋਕਟ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਵੱਲੋਂ ਪੰਜਾਬ ਦੀ ਖੇਤੀਬਾੜੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੇ ਵਿਭਾਗ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਹੁਣ ਤੱਕ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਡਾ. ਅਮਰੀਕ ਸਿੰਘ ਵੱਲੋਂ ਉੱਤਰੀ ਭਾਰਤ ਦੇ ਕਿਸਾਨਾਂ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਪਸਾਰ ਸੇਵਾਵਾਂ ਲਈ ਕੀਤੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਾਲ 2017 ਦੌਰਾਨ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿੰਨ ਵਾਰ ਬੇਹਤਰੀਨ ਪਸਾਰ ਕਾਮੇ ਵੱਜੋਂ,ਗੁਜਰਾਤ ਸਰਕਾਰ ਵੱਲੋਂ ਸਾਲ 2023 ਵਿੱਚ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਮੌਕੇ ਪਸਾਰ ਸੇਵਾਵਾਂ ਵਿੱਚ ਉਤਮਤਾ ਪੁਰਸਕਾਰ,ਆਸਥਾ ਫਾਉਂਡੇਸ਼ਨ ਮੇਰਠ(ਯੂ.ਪੀ.) ਅਤੇ ਜ਼ਿਲਾ ਪ੍ਰਸ਼ਾਸ਼ਨ ਗੁਰਦਾਸਪੁਰ ਅਤੇ ਪਠਾਨਕੋਟ ਵੱਲੋਂ ਪਸਾਰ ਸੇਵਾਵਾਂ ਵਿੱਚ ਉਤਮਤਾ ਪੁਰਸਕਾਰ ਵੱਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਵੱਲੋਂ ਕਿਸਾਨੀ ਹਿੱਤ ਵਿੱਚ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਵਲੋਂ ਜ਼ਿਲਾ ਫਰੀਦਕੋਟ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਈ ਕੇ ਵਾਈ ਸੀ ਮੁਕੰਮਲ ਕਰਨ ਲਈ ਚਲਾਈ ਜਾ ਰਹੀ ਯੋਜਨਾਬੱਧ ਮੁਹਿੰਮ ਕਾਰਨ ਈ ਕੇ ਵਾਈ ਸੀ ਦਾ 82 ਫੀਸਦੀ ਕੰਮ ਮੁਕੰਮਲ ਕਰਕੇ ਜ਼ਿਲਾ ਫਰੀਦਕੋਟ ਪੰਜਾਬ ਵਿੱਚ ਪਹਿਲੇ ਸਥਾਨ ਤੇ ਚੱਲ ਰਿਹਾ ਹੈ। ਉਨਾਂ ਵੱਲੋਂ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਖੇਤੀ ਨਾਲ ਜੋੜਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਨੌਜਵਾਨ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਨਾਲ ਜੋੜਨ, ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੇ ਬਚਾਅ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂ ਰਹੀ ਹੈ। ਡਾ. ਅਮਰੀਕ ਸਿੰਘ ਵੱਲੋਂ “ਉੱਤਮ ਖੇਤੀ ਪੰਜਾਬ” ਨਾਮਕ ਯੂ ਟਿਊਬ ਚੈਨਲ ਵੀ ਚਲਾਇਆ ਜਾ ਰਿਹਾ ਹੈ ਜਿਸ ਦੇ 8357 ਨੌਜਵਾਨ ਕਿਸਾਨ ਮੈਂਬਰ ਹਨ ਅਤੇ ਇਸ ਚੈਨਲ ਨੂੰ ਨੌਜਵਾਨ ਕਿਸਾਨਾਂ ਵੱਲੋਂ 26 ਲੱਖ 97 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਇਹ ਪੁਰਸਕਾਰ ਮੇਰੇ ਮਾਤਾ ਪਿਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਸਮਰਪਿਤ ਹੈ ਅਤੇ ਇਸ ਨਾਲ ਪੰਜਾਬ ਦੀ ਕਿਸਾਨੀ ਦੀ ਸੇਵਾ ਕਰਨ ਲਈ ਹੋਰ ਉਤਸ਼ਾਹ ਮਿਲਿਆ ਹੈ । ਉਨਾਂ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਸਮੁੱਚੀ ਪੰਜਾਬ ਦੀ ਕਿਸਾਨੀ ਦਾ ਸਨਮਾਨ ਹੈ ,ਜਿਨ੍ਹਾਂ ਹਰ ਕੰਮ ਵਿਚ ਭਰਪੂਰ ਸਹਿਯੋਗ ਦਿੱਤਾ ਹੈ ।