ਫਾਂਸੀ ਤੋਂ ਪਹਿਲਾਂ ਸਵੇਰੇ 2.30 ਵਜੇ ਸੁਪਰੀਮ ਕੋਰਟ 'ਚ ਹੋਈ ਨਿਰਭਿਆ ਕੇਸ ਦੀ ਸੁਣਵਾਈ
ਨਵੀਂ ਦਿੱਲੀ, 20 ਮਾਰਚ, 2020 : ਬਹੁ ਚਰਚਿਤ ਨਿਰਭਿਆ ਗੈਂਗਰੇਪ ਤੇ ਕਤਲ ਕੇਸ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਲਾਉਣ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ 2.30 ਵਜੇ ਇਸ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਅਸਲ ਵਿਚ ਇਕ ਦੋਸ਼ੀ ਅਕਸ਼ੇ ਠਾਕੁਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਆਪਣੀ ਰਹਿਮ ਦੀ ਅਪੀਲ ਰੱਦ ਹੋਣ ਵਿਰੁੱਧ ਪਟੀਸ਼ਨ ਪਾਈ ਸੀ ਜਿਸਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਹੇਠਲੀ ਅਦਾਲਤ ਨੇਵੀ ਫਾਂਸੀ ਰੋਕਣ ਤੋਂ ਨਾਂਹ ਕਰ ਦਿੱਤੀ। ਇਸ ਉਪਰੰਤ ਦੋਸ਼ੀ ਵੀਰਵਾਰ ਸ਼ਾਮ ਨੂੰ ਦਿੱਲੀ ਹਾਈ ਕੋਰਟ ਪਹੁੰਚ ਗਏ ਤੇ ਹਾਈ ਕੋਰਟ ਨੇ ਵੀ ਫਾਂਸੀ ਰੋਕਣ ਤੋਂ ਨਾਂਹ ਕਰ ਦਿੱਤੀ। ਇਸ ਉਪਰੰਤ ਦੋਸ਼ੀਆਂ ਦਾ ਵਕੀਲ ਅੱਧੀ ਰਾਤ ਮਗਰੋਂ ਸੁਪਰੀਮ ਕੋਰਟ ਪਹੁੰਚ ਗਿਆ।
ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਸ਼ੁੱਕਰਵਾਰ ਵੱਡੇ ਤੜਕੇ 2.30 ਵਜੇ ਇਸ ਮਾਮਲੇ 'ਤੇ ਸੁਣਵਾਈ ਕੀਤੀ। ਇਕ ਘੰਟੇ ਦੀ ਸੁਣਵਾਈ ਤੋਂ ਬਾਅਦ ਜਸਟਿਸ ਆਰ ਭਾਨੁਮਤੀ, ਅਸ਼ੋਕ ਭੂਸ਼ਣ ਤੇ ਜਸਟਿਸ ਜੇ ਏ ਐਸ ਬੋਪਾਨਾ ਨੇ ਪਟੀਸ਼ਨ ਰੱਦ ਕਰਦਿਆਂ ਆਖਿਆ ਕਿ ਜੋ ਦਲੀਲਾਂ ਦੋਸ਼ੀਆਂ ਦੇ ਵਕੀਲ ਵੱਲੋਂ ਦਿੱਤੀਆਂ ਗਈਆਂ ਹਨ, ਉਹ ਪਹਿਲਾਂ ਵੀ ਅਦਾਲਤਾਂ ਵਿਚ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਇਸ ਵਿਚ ਰਾਸ਼ਟਰਪਤੀ ਵੱਲੋਂ ਰਹਿਮ ਦੀ ਅਪੀਲ ਖਾਰਜ ਨੂੰ ਚੁਣੌਤੀ ਦੇਣ ਦੀ ਮੈਰਿਟ ਨਹੀਂ ਹੈ।
ਯਾਦ ਰਹੇ ਕਿ 23 ਸਾਲਾ ਪੈਰਾਮੈਡੀਕਲ ਸਟੂਡੈਂਟ ਨਾਲ ਚਲਦੀ ਬੱਸ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਉਸਦੀ ਕੁੱਟਮਾਰ ਕੀਤੀ ਗਈ ਤੇ ਚਲਦੀ ਬੱਸ ਵਿਚੋਂ ਸੁੱਟ ਦਿੱਤਾ ਗਿਆ ਸੀ ਜਿਸਦੀ ਹਸਪਤਾਲ ਵਿਚ ਮੌਤ ਹੋ ਗਈ ਸੀ।
ਅੱਜ ਫਾਂਸੀ ਦੇਣ ਦੇ ਸਮੇਂ ਸਵੇਰੇ 5.30 ਵਜੇ ਵੱਡੀ ਗਿਣਤੀ ਵਿਚ ਲੋਕ ਤਿਹਾੜ ਜੇਲ ਦੇ ਬਾਹਰ ਇਕੱਤਰ ਹੋ ਗਏ। ਲੋਕ ਫਾਂਸੀ 'ਤੇ ਖੁਸ਼ੀ ਮਨਾ ਰਹੇ ਹਨ।