ਕਾਂਗਰਸੀ ਸਿਆਸਤ 'ਚ ਧਮਾਕੇ -ਮੰਤਰੀ ਤੇ ਐਮ ਪੀ ਤੇ ਕਈ ਐਮ ਐਲ ਏਜ਼ ਵੱਲੋਂ ਸ਼ਰਾਬ ਕਾਰੋਬਾਰ ਜਾਂਚ ਦੀ ਮੰਗ ਡਾ ਅਸਲ ਟਾਰਗੈਟ ਕੌਣ ?
ਚੰਡੀਗੜ੍ਹ, 13 ਮਈ 2020 - ਪੰਜਾਬ ਸਰਕਾਰ ਦੇ ਵਜ਼ੀਰਾਂ ਤੇ ਚੀਫ਼਼ ਸਕੱਤਰ ਵਿਚਾਲੇ ਪਿਆ ਰੇੜਕਾ ਹੁਣ ਇੱਕ ਨਵਾਂ ਰੂਪ ਲੈ ਕੇ ਪੰਜਾਬ ਦੀ ਕਾਂਗਰਸੀ ਰਾਜਨੀਤੀ ਵਿਚ ਕਿਸੇ ਵੱਡੇ ਧਮਾਕੇ ਦੀ ਕਨਸੋਆਂ ਦੇ ਰਿਹਾ ਲਗਦੈ. ਪੰਜਾਬ ਦੇ ਇੱਕ ਵਜ਼ੀਰ , ਇੱਕ ਐਮ ਪੀ ਅਤੇ ਅੱਧੀ ਦਰਜਨ ਐਮ ਐਲ ਏਜ਼ ਵੱਲੋਂ ਖੁੱਲ੍ਹੇ ਆਮ ਮੁੱਖ ਸਕੱਤਰ ਕਰਨ ਏ ਸਿੰਘ ਅਤੇ ਸ਼ਰਾਬ ਦੀ ਵਿੱਕਰੀ ਬਾਰੇ ਜਾਂਚ ਦੀ ਮੰਗ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਸੂਤੀ ਹਾਲਤ ਵਿਚ ਫਸਾ ਦਿੱਤਾ ਹੈ .ਥੋਂ ਤੱਕ ਮੁੱਖ ਮੰਤਰੀ ਨੇ ਐਕਸਾਈਜ਼ ਦਾ ਮਹਿਕਮਾ ਵੀ ਕਰ ਏ ਸਿੰਘ ਕੋਲੋਂ ਵਾਪਸ ਲੈ ਲਿਆ ਹੈ ਪਰ ਇਸ ਦੇ ਬਾਵਜੂਦ ਮਸਲਾ ਠੰਢਾ ਨਹੀਂ ਹੋਇਆ ਸਗੋਂ ਹੋਰ ਨਵੇਂ ਰੁੱਖ ਫੜ ਫੜ ਗਿਆ ਹੈ . ਇਨ੍ਹਾਂ ਸਭ ਨੇ ਕਰਨ ਏ ਸਿੰਘ ਨੂੰ ਲਾਂਭੇ ਕਰਕੇ ਉਨ੍ਹਾਂ ਦੇ ਸ਼ਰਾਬ ਕਾਰੋਬਾਰ ਨਾਲ ਸਬੰਧਾਂ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਐਕਸਾਈਜ਼ ਮਹਿਕਮੇ ਦੀ ਕਾਰਗੁਜ਼ਾਰੀ ਦੀ ਮੰਗ ਕੀਤੀ ਹੈ .
ਇਸ ਦੀ ਸ਼ੁਰੂਆਤ ਭਾਵੇਂ ਕਾਂਗਰਸੀ ਐਮ ਐਲ ਏ ਰਾਜਾ ਵੜਿੰਗ ਨੇ ਕੀਤੀ ਪਰ ਇਸ ਤੋਂ ਬਾਅਦ ਕੈਬਿਨੇਟ ਵਜ਼ੀਰ ਸੁਖਜਿੰਦਰ ਰੰਧਾਵਾ ਦੇ ਉਹਦੀ ਹਿਮਾਇਤ ਕਰਨ ਨਾਲ ਸੀਨ ਹੀ ਬਦਲ ਗਿਆ .ਐਮ ਪੀ ਪ੍ਰਤਾਪ ਸਿੰਘ ਬਾਜਵਾ ਤਾਂ ਪਹਿਲਾਂ ਹੀ ਅਜਿਹਾ ਮੌਕਾ ਭਾਲਦੇ ਰਹਿੰਦੇ ਨੇ . ਉਨ੍ਹਾਂ ਦੀ ਤਾਂ ਅਮਰਿੰਦਰ ਸਿੰਘ ਨਾਲ ਪੱਕੀ ਸਿਆਸੀ ਦੁਸ਼ਮਣੀ ਹੈ .ਰਾਜੇ ਤੇ ਰੰਧਾਵੇ ਦੀ ਮੰਗ ਦੇ ਹੱਕ ਵਿਚ ਕਾਂਗਰਸੀ ਵਿਧਾਇਕਾਂ ਸੰਗਤ ਸਿੰਘ ਗਿਲਜੀਆਂ , ਰਾਜ ਕੁਮਾਰ ਵੇਰਕਾ , ਕੁਲਬੀਰ ਜ਼ੀਰਾ ,ਜੋਗਿੰਦਰ ਪਾਲ ਅਤੇ ਪਾਹੜਾ ਦਾ ਖੁੱਲ੍ਹ ਕੇ ਸਾਹਮਣੇ ਆਉਣਾ ਆਪਣੇ ਆਪ ਵਿਚ ਲੀਡਰਸ਼ਿਪ ਖ਼ਿਲਾਫ਼ ਇੱਕ ਨਵੀਂ ਸਿਆਸੀ ਬਗ਼ਾਵਤ ਦਾ ਸੰਕੇਤ ਦੇ ਰਿਹਾ ਹੈ .
ਐਕਸਾਈਜ਼ ਮਹਿਕਮਾ ਸੀ ਐਮ ਕੋਲ ਹੀ ਰਿਹਾਈ ਸ਼ੁਰੂ ਤੋਂ . ਮੁੱਖ ਸਕੱਤਰ ਕੋਲ ਤਾਂ ਇਹ ਮਹਿਮਾ ਪਿਛਲੇ ਤਿੰਨ ਕੁ ਮਹੀਨੇ ਤੋਂ ਹੀ ਆਇਆ ਸੀ .ਪਿਛਲੇ ਤਿੰਨ ਸਾਲ ਤਾਂ ਐਕਸਾਈਜ਼ ਮਹਿਕਮੇ ਦਾ ਚਾਰਜ ਹੋਰਨਾਂ ਅਫ਼ਸਰਾਂ ਕੋਲ ਹੀ ਰਿਹਾ ਜਿਸ ਚੋਂ ਬਹੁਤਾ ਸਮਾਂ ਸੇਵਾ ਮੁਕਤ ਹੋ ਚੁੱਕੇ ਆਈ ਏ ਐਸ ਐਮ ਪੀ ਸਿੰਘ ਕੋਲ ਰਿਹਾ ਜਿਨ੍ਹਾਂ ਦੀ ਇਮਾਨਦਾਰੀ ਤੇ ਦਿਆਨਤਦਾਰੀ ਤੇ ਕਦੇ ਸਵਾਲ ਨਹੀਂ ਉੱਠੇ .ਕੀ ਕਰਨ ਏ ਸਿੰਘ ਦੇ ਬਹਾਨੇ ਨਿਸ਼ਾਨਾ ਕੋਈ ਹੋਰ ਤਾਂ ਨਹੀਂ ? ਇਸ ਮਾਮਲੇ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਵੀ ਖੁੱਲ੍ਹ ਕੇ ਵਜ਼ੀਰਾਂ ਦੀ ਹਿਮਾਇਤ ਕਰਨਾ ਅਰਥ-ਭਰਪੂਰ ਹੈ .
ਇੰਝ ਲਗਦੈ ਜਿਵੇਂ ਚੀਫ਼ ਸਕੱਤਰ ਦੇ ਬਹਾਨੇ ਇਹ ਵਜ਼ੀਰ ਅਤੇ ਐਮ ਐਲ ਏ ਖੁਦ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹੋਣ .ਕੀ ਵਜ਼ੀਰਾਂ ਅਤੇ ਵਿਧਾਇਕਾਂ ਦੇ ਤਾਜ਼ਾ ਹੱਲੇ ਪਿੱਛੇ ਕੋਈ ਹੋਰ ਡੂੰਘੀ ਸਿਆਸੀ ਚਾਲ ਤਾਂ ਨਹੀਂ .
ਦੇਖੋ , ਇਹ ਮੁੱਦਾ ਚੁੱਕਣ ਵਾਲੇ ਕੋਈ ਨਿਆਣੇ ਤਾਂ ਹੈ ਨੀ , ਸਾਰੇ ਸਿਆਸੀ ਖਿਲਾੜੀ ਨੇ
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਤਾਕਤਵਰ , ਮਾਹਿਰ ਅਤੇ ਹੰਢੇ ਵਰਤੇ ਸਿਆਸਤਦਾਨ ਹਨ . ਉਨ੍ਹਾਂ ਨੇ ਅਜਿਹੇ ਬਹੁਤ ਉਤਰਾਅ-ਚੜ੍ਹਾ ਦੇਖੇ ਨੇ , ਆਪਣੇ ਖ਼ਿਲਾਫ਼ ਹੁੰਦੀਆਂ ਤਰ੍ਹਾਂ-ਤਰ੍ਹਾਂ ਦੀਆਂ ਬਗ਼ਾਵਤਾਂ ਦਾ ਮੁਕਾਬਲਾ ਕੀਤਾ ਹੈ . ਇਸ ਵੇਲੇ ਪੰਜਾਬ ਕਾਂਗਰਸ 'ਚ ਉਨ੍ਹਾਂ ਦੇ ਕੱਦ ਦਾ ਨੇਤਾ ਵੀ ਕੋਈ ਨਹੀਂ .ਪਾਰਟੀ ਹਾਈ ਕਮਾਂਡ 'ਚ ਵੀ ਅਮਰਿੰਦਰ ਸਿੰਘ ਦੀਆਂ ਜੜ੍ਹਾਂ ਡੂੰਘੀਆਂ ਹਨ .ਉਹ ਛੇਤੀ ਕੀਤੇ ਸਿਆਸੀ ਮਾਰ ਨਹੀਂ ਖਾਂਦੇ . ਨਵਜੋਤ ਸਿੱਧੂ ਦੇ ਮਾਮਲੇ ਵਿਚ ਵੀ ਅਸੀਂ ਦੇਖ ਹੀ ਲਿਆ ਹੈ ,ਇਹ ਵੱਖਰੀ ਗੱਲ ਹੈ ਸਿੱਧੂ ਨੇ ਮੌਜੂਦਾ ਮੌਕਾਪ੍ਰਸਤ ਅਤੇ ਹਲਕੀ ਰਾਜਨੀਤੀ 'ਚ ਸਫਲ ਰਾਹੀਂ ਲਈ ਲਚਕਦਾਰ ਪੈਂਤੜੇ ਵਰਤਣ ਦੀ ਥਾਂ ਸਿਆਸੀ ਅਨਾੜੀ ਪੁਣੇ ਵਾਲੇ ਬੇਵਕਤੇ ਕਦਮ ਵੀ ਕਈ ਅਜਿਹੇ ਚੁੱਕੇ ਜਿਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਲਈ ਉਨ੍ਹਾਂ ਨੂੰ ਵਕਤੀ ਮਾਤ ਦੇਣਾ ਬਹੁਤ ਸੁਖਾਲਾ ਹੋ ਗਿਆ .
ਰਾਜਾ ਵੜਿੰਗ ਨੇ ਆਪਣੇ ਟਵੀਟ 'ਚ ਕੈਪਟਨ ਅਮਰਿੰਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਖ਼ਿਲਾਫ਼ ਸ਼ਰਾਬ ਮਾਮਲੇ ਵਿਚ 600 ਕਰੋੜ ਰੁਪਏ ਦੇ ਘਾਟੇ ਸੰਬੰਧੀ ਜਾਂਚ ਦੇ ਹੁਕਮ ਵੀ ਦੇਣ। ਨਾਲ ਹੀ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਵੀ ਮੰਗ ਕੀਤੀ।
ਰਾਜਾ ਵੜਿੰਗ ਦੀ ਹਾਂ 'ਚ ਹਾਂ ਪਾਉਂਦਿਆਂ ਸਰਕਾਰ ਦੇ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਵੀ ਏਸ ਰੇੜਕੇ 'ਚ ਕੁੱਦ ਪਏ। ਉਨ੍ਹਾਂ ਨੇ ਰਾਜਾ ਵੜਿੰਗ ਦੇ ਟਵੀਟ ਨੂੰ ਰੀਪੀਟ ਕਰਦਿਆਂ ਕਿਹਾ ਕਿ ਉਹ ਰਾਜਾ ਵੜਿੰਗ ਦੀ ਗੱਲ ਨਾਲ ਸਹਿਮਤ ਹਨ ਅਤੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਮੁੱਖ ਸਕੱਤਰ ਖਿਲਾਫ਼ ਜਾਂਚ ਦੇ ਆਦੇਸ਼ ਦੇਣ ਤਾਂ ਕਿ ਆਬਕਾਰੀ ਅਤੇ ਕਰ ਵਿਭਾਗ ਵਿਚ ਪਿਛਲੇ 3 ਸਾਲਾਂ ਵਿਚ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।
ਖ਼ਬਰ ਇਹ ਵੀ ਹੈ ਕਿ ਇਸ ਵਿਵਾਦ 'ਚ ਬਾਗ਼ੀ ਤੇਵਰ ਦਿਖਾ ਰਹੇ ਚਰਨਜੀਤ ਚੰਨੀ ਤੱਕ ਤ੍ਰਿਪਤ ਬਾਜਵਾ ਵੱਲੋਂ ਪਹੁੰਚ ਕਰ ਚੀਫ ਸਕੱਤਰ ਮਾਮਲੇ ਨੂੰ ਤੂਲ ਦੇਣ ਬਾਰੇ ਬਾਗ਼ੀ ਰੁਖ਼ ਛੱਡਣ ਬਾਰੇ ਕਿਹਾ। ਪਿਛਲੇ ਦਿਨੀਂ ਇਸ ਬਾਰੇ ਪੰਜਾਬ ਦੇ ਨਾਮੀ ਅਖ਼ਬਾਰ 'ਚ ਖ਼ਬਰ ਵੀ ਛਪੀ ਸੀ, ਜਿਸ 'ਚ ਕਿਹਾ ਗਿਆ ਸੀ ਕਿ "ਬਾਜਵਾ ਨੇ ਚਰਨਜੀਤ ਚੰਨੀ ਦੇ ਘਰ ਜਾ ਕੇ ਉਨ੍ਹਾਂ ਨੂੰ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਨਿਪਟਾ ਲੈਣ ਲਈ ਕਿਹਾ ਸੀ, ਨਹੀਂ ਤਾਂ ਮੁੱਖ ਮੰਤਰੀ ਉਨ੍ਹਾਂ ਖ਼ਿਲਾਫ਼ ਲੇਡੀ ਆਈ.ਏ.ਐਸ.ਅਧਿਕਾਰੀ ਦੀ ਪੁਰਾਣੀ ਸ਼ਿਕਾਇਤ ਦਾ ਮਾਮਲਾ ਦੁਬਾਰਾ ਖੋਲ੍ਹ ਸਕਦੇ ਨੇ।" ਪਤਾ ਲੱਗਾ ਕਿ ਚੰਨੀ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਸੀ ਕਿ "ਸਰਕਾਰ ਉਨ੍ਹਾਂ ਵਿਰੁੱਧ ਜੋ ਕਾਰਵਾਈ ਕਰਨਾ ਚਾਹੁੰਦੀ ਹੈ, ਉਹ ਕਰ ਲਵੇ।"
ਬੇਸ਼ੱਕ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਸੀ ਕਿ ਸਾਰੇ ਕੈਬਿਨੇਟ ਵਜ਼ੀਰਾਂ ਨੇ ਸਰਬ ਸਮਿਤੀ ਨਾਲ ਮੁੱਖ ਸਕੱਤਰ ਦੇ ਬਾਈ ਕਾਟ ਦਾ ਐਲਾਨ ਕੀਤਾ ਸੀ ਪਰ ਤ੍ਰਿਪਤ ਬਾਜਵਾ ਦੀ ਉੱਪਰ ਜ਼ਿਕਰ ਕੀਤੀ ਘਟਨਾ ਤੋਂ ਇਲਾਵਾ ਬਾਬੂਸ਼ਾਹੀ ਦੀ ਪੱਕੀ ਖ਼ਬਰ ਹੈ ਕਿ ਮਾਲਵੇ ਦਾ ਇੱਕ ਹੋਰ ਵਜ਼ੀਰ ਕੱਲ੍ਹ 12 ਮਈ ਨੂੰ ਮੁੱਖ ਸਕੱਤਰ ਦੇ ਦਫ਼ਤਰ ਵਿਚ ਘੰਟਾ ਭਰ ਉਨ੍ਹਾਂ ਕੋਲ ਬੈਠ ਕੇ ਗਿਆ ਤਾਂ ਫਿਰ ਬਾਈ ਕਾਟ ਕਾਹਦਾ ?
ਸਾਰੇ ਘਟਨਾਕ੍ਰਮ ਤੋਂ ਇਹ ਸੰਕੇਤ ਹੀ ਮਿਲਦੇ ਨੇ ਕਿ ਮੁੱਖ ਮੰਤਰੀ ਕਰਨ ਏ ਸਿੰਘ ਦੇ ਖ਼ਿਲਾਫ਼ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ . ਪਰਸੋਂ ਕੈਬਿਨੇਟ ਮੀਟਿੰਗ ਤੋਂ ਬਾਅਦ ਤੋਂ ਲੈ ਕੇ ਅੱਜ ਤਾਕ ਕਰਨ ਏ ਸਿੰਘ ਆਪਣੇ ਦਫ਼ਤਰ ਵੀ ਆ ਰਹੇ ਨੇ ਤੇ ਆਮ ਵਾਂਗ ਕੰਮ ਵੀ ਕਰ ਰਹੇ ਨੇ . ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੋਰੋਨਾ ਦੇ ਖਿੱਲਾਂ ਲੜਾਈ ਦੌਰਾਨ ਮੁੱਖ ਸਕੱਤਰ ਨੇ ਕੋਈ ਛੁੱਟੀ ਵੀ ਨਹੀਂ ਕੀਤੀ। ਉਨ੍ਹਾਂ ਦਾ ਪਿਛਲੇ ਸਰਵਿਸ ਰਿਕਾਰਡ ਵੀ ਸਾਫ਼ ਸੁਥਰਾ ਹੀ ਰਿਹਾ ਹੈ .ਹਾਂ , ਪੰਜਾਬ ਭਵਨ ਦੇ ਕਮਰਿਆਂ ਦੇ ਮੁੱਦੇ ਅਤੇ ਫਾਈਲਾਂ ਅਧਿਕ ਦੇ ਮਸਲੇ ਤੇ ਕੁਝ ਸਿਆਸੀ ਨੇਤਾ ਕਰਨ ਏ ਸਿੰਘ ਤੇ ਔਖੇ ਜ਼ਰੂਰ ਰਹੇ ਨੇ .