- ਭਾਜਪਾ ਨਾਲੋਂ ਵੱਖ ਹੋ ਕੇ ਅਕਾਲੀ ਦਲ ਹੁਣ ਦੁੱਧ ਧੋਤਾ ਨਹੀਂ ਹੋਇਆ
- ਨਹੁੰ-ਮਾਸ ਦੇ ਵੱਖ ਹੋਣ ਤੋਂ ਪਹਿਲਾਂ ਪੰਜਾਬ, ਘੱਟ ਗਿਣਤੀ ਤੇ ਕਿਸਾਨ ਵਿਰੋਧੀ ਫੈਸਲਿਆਂ ਲਈ ਜ਼ਿੰਮੇਵਾਰ ਬਾਦਲ ਦਲ ਆਪਣੇ ਗੁਨਾਹਾਂ ਤੋਂ ਪਿੱਛਾ ਨਹੀਂ ਛੁਡਾ ਸਕਦਾ
- ਭਾਜਪਾ ਵੱਲੋਂ ਅਕਾਲੀ ਦਲ ਦੀ ਕਿਸਾਨਾਂ ਨੂੰ ਮਨਵਾਉਣ ਦੀ ਲਾਈ ਡਿਊਟੀ ਦੇ ਬਿਆਨਾਂ ਬਾਰੇ ਸਪੱਸ਼ਟੀਕਰਨ ਦੇਵੇ ਬਾਦਲ ਪਰਿਵਾਰ
ਚੰਡੀਗੜ੍ਹ, 27 ਸਤੰਬਰ 2020 - ਅਕਾਲੀ ਦਲ ਵੱਲੋਂ ਸਿਆਸੀ ਮਜਬੂਰੀ ਅਤੇ ਕਿਸਾਨਾਂ ਦੇ ਵਿਆਪਕ ਰੋਹ ਦੇ ਅੱਗੇ ਝੁਕਦਿਆਂ ਐਨ.ਡੀ.ਏ. ਛੱਡਣ ਤੋਂ ਬਾਅਦ ਵੀ ਬਾਦਲ ਦਲ ਭਾਜਪਾ ਪਿੱਛ ਲੱਗ ਕੇ ਕੀਤੇ ਗੁਨਾਹਾਂ ਤੋਂ ਪੱਲਾ ਨਹੀਂ ਛੁਡਵਾ ਸਕਦਾ ਅਤੇ ਭਾਜਪਾ ਦੀ ਕਠਪੁਤਲੀ ਬਣ ਕੇ ਬਾਦਲਕਿਆਂ ਵੱਲੋਂ ਡਾ.ਮਨਮੋਹਨ ਸਿੰਘ ਦੀ ਕੀਤੀ ਆਲੋਚਨਾ ਲਈ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਇਹ ਮੰਗ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕੀਤੀ।
ਰੰਧਾਵਾ ਨੇ ਕਿਹਾ ਕਿ ਡਾ.ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂ.ਪੀ.ਏ. ਸਰਕਾਰ ਵੱਲੋਂ ਲੀਹ 'ਤੇ ਪਾਈ ਦੇਸ਼ ਦੀ ਅਰਥ ਵਿਵਸਥਾ ਨੂੰ ਲੀਹੋਂ ਲਾਹੁਣ ਵਾਲੀ ਐਨ.ਡੀ.ਏ. ਸਰਕਾਰ ਵਿੱਚ ਬਾਦਲ ਦਲ ਬਰਾਬਰ ਦਾ ਭਾਈਵਾਲ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ਭਾਜਪਾ ਦੀ ਕਠਪੁਤਲੀ ਬਣ ਕੇ ਡਾ.ਮਨਮੋਹਨ ਸਿੰਘ ਦੀ ਨਿੱਜੀ ਤੌਰ 'ਤੇ ਆਲੋਚਨਾ ਜਾਰੀ ਰੱਖੀ। ਹੋਰ ਤਾਂ ਹੋਰ ਪੰਜਾਬ ਗੱਫੇ ਦੇਣ ਦੇ ਬਾਵਜੂਦ ਡਾ.ਮਨਮੋਹਨ ਸਿੰਘ ਨੂੰ ਕਦੇ ਵੀ ਅਕਾਲੀਆਂ ਦੀ ਤਾਰੀਫ ਹਾਸਲ ਨਹੀਂ ਹੋਈ। ਹੁਣ ਜਦੋਂ ਕਿ ਅਕਾਲੀ ਦਲ ਨੂੰ ਸਿਆਸੀ ਮਜਬੂਰੀ ਕਾਰਨ ਜਾਪਣ ਲੱਗਾ ਹੈ ਕਿ ਭਾਜਪਾ ਪੰਜਾਬ ਵਿਰੋਧੀ ਹੈ ਤਾਂ ਬਾਦਲ ਪਰਿਵਾਰ ਨੂੰ ਆਪਣੀਆਂ ਕੀਤੀਆਂ ਗਲਤੀਆਂ ਲਈ ਸਾਬਕਾ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਕਾਂਗਰਸੀ ਮੰਤਰੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਅੱਜ ਭਾਜਪਾ ਤੋਂ ਵੱਖ ਹੋ ਕੇ ਦੁੱਧ ਧੋਤਾ ਨਹੀਂ ਹੋ ਸਕਦਾ। ਐਨ.ਡੀ.ਏ. ਸਰਕਾਰ ਵੇਲੇ ਪੰਜਾਬ, ਘੱਟ ਗਿਣਤੀਆਂ ਤੇ ਕਿਸਾਨਾਂ ਨਾਲ ਕਮਾਏ ਧ੍ਰੋਹ ਲਈ ਅਕਾਲੀ ਦਲ ਬਰਾਬਰ ਦਾ ਭਾਈਵਾਲ ਹੈ ਅਤੇ ਉਨ੍ਹਾਂ ਦਾ ਲੱਖ ਸਫਾਈਆਂ ਦੇਣ ਦੇ ਬਾਵਜੂਦ ਇਨ੍ਹਾਂ ਗੁਨਾਹਾਂ ਤੋਂ ਪਿੱਛਾ ਨਹੀਂ ਛੁੱਟ ਸਕਦਾ। ਕੇਂਦਰ ਸਰਕਾਰ ਦੇ ਗੁਨਾਹ ਭਰੇ ਫੈਸਲਿਆਂ ਲਈ ਅਕਾਲੀ ਦਲ ਬਰਾਬਰ ਦਾ ਜ਼ਿੰਮੇਵਾਰ ਹੈ ਜਿਨ੍ਹਾਂ ਵਿੱਚ ਦੇਸ਼ ਦੇ ਸੰਘੀ ਢਾਂਚੇ ਉਤੇ ਹਮਲਾ, ਗੈਰ-ਸੰਵਿਧਾਨਕ ਫੈਸਲਿਆਂ, ਸੀ.ਏ.ਏ., ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਨਾ, ਕਿਸਾਨ ਵਿਰੋਧੀ ਕਾਲੇ ਕਾਨੂੰਨ ਅਤੇ ਬਿਜਲੀ ਸਬੰਧੀ ਬਿੱਲ ਆਦਿ ਸ਼ਾਮਲ ਹਨ।
ਰੰਧਾਵਾ ਨੇ ਅਕਾਲੀ ਦਲ ਨੂੰ ਇਹ ਵੀ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਭਾਜਪਾ ਵੱਲੋਂ ਅਕਾਲੀ ਦਲ ਉਤੇ ਖੇਤੀ ਆਰਡੀਨੈਂਸਾਂ ਬਾਰੇ ਜਾਣੂੰ ਹੋਣ ਅਤੇ ਕਿਸਾਨਾਂ ਨੂੰ ਮਨਵਾਉਣ ਦੀ ਲਗਾਈ ਡਿਊਟੀ ਦੇ ਬਿਆਨਾਂ ਬਾਰੇ ਦੱਸਣਾ ਚਾਹੀਦਾ ਹੈ। ਭਾਜਪਾ ਨੇ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਸੂਬੇ ਨਾਲ ਕਮਾਏ ਧ੍ਰੋਹਾਂ ਅਤੇ ਕੀਤੇ ਧੋਖਿਆਂ ਲਈ ਸੂਬੇ ਦੇ ਲੋਕ ਅਤੇ ਖਾਸ ਕਰਕੇ ਕਿਸਾਨ ਕਦੇ ਵੀ ਮਾਫ ਨਹੀਂ ਕਰਨਗੇ।