ਗੁਰੂ …ਪੱਗ ਦਾ ਸਵਾਲ ਐ .. ਬਾਕੀ ਸਭ ਖ਼ੈਰ ਹੈ ….
ਕੀ ਨਵਜੋਤ ਸਿੱਧੂ ਕਾਂਗਰਸ ਦਾ ਝੰਡਾ ਫੜ ਰਾਹੁਲ ਦੀ ਟਰੈਕਟਰ ਰੈਲੀ 'ਚ ਸ਼ਾਮਲ ਹੋਣਗੇ ?
ਕੀ ਹੋਵੇਗੀ ਕੈਪਟਨ ਤੇ ਸਿੱਧੂ ਦੀ ਸੁਲਾਹ ਸਫ਼ਾਈ
ਚੰਡੀਗੜ੍ਹ , 2 ਅਕਤੂਬਰ , 2020: ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਨਵਜੋਤ ਸਿੱਧੂ ਨਾਲ ਹੋਈ ਲੰਮੀ ਚੌੜੀ ਮੁਲਾਕਾਤ ਅਤੇ ਰਾਵਤ ਵੱਲੋਂ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਕਰਾਰ ਦਿੱਤੇ ਜਾਣ ਦੀਆਂ ਟਿੱਪਣੀਆਂ ਨੇ ਇਹ ਕਿਆਸ ਅਰਾਈਆਂ ਤੇਜ਼ ਕਰ ਦਿੱਤੀਆਂ ਨੇ ਕਿ ਨਵਜੋਤ ਸਿੱਧੂ ਨੂੰ ਮੁੜ ਕਾਂਗਰਸੀ ਝੰਡੇ ਹੇਠ ਲਿਆ ਕੇ ਸਰਗਰਮ ਕਰਨ ਦੀ ਤਿਆਰੀ ਹੋ ਰਹੀ ਹੈ .
ਹਰੀਸ਼ ਰਾਵਤ ਦਾ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਹੀ ਮੀਡੀਆ 'ਚ ਸਿੱਧੂ ਦੀਆਂ ਸਿਫ਼ਤਾਂ ਕਰਨਾ ਅਤੇ ਫੇਰ ਸਿੱਧੂ ਦੇ ਘਰ ਜਾ ਕੇ ਡਿਨਰ ਕਰਨਾ ਆਪਣੇ ਆਪ 'ਚ ਹੀ ਸਪਸ਼ਟ ਇਸ਼ਾਰੇ ਕਰਦਾ ਹੈ ਕਿ ਸਿੱਧੂ ਦੇ ਗ਼ੁੱਸੇ ਗਿਲੇ ਦੂਰ ਕਰਨ ਅਤੇ ਉਸ ਨੂੰ ਕਾਂਗਰਸ ਪਾਰਟੀ ਦੀ ਸਰਗਰਮੀ ਨਾਲ ਮੁੜ ਜੋੜਨ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ .
ਵੀਡੀਓ ਵੀ ਦੇਖੋ
ਮੀਡੀਆ ਕਰਮੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਰਾਵਤ ਨੇ ਇਹ ਵੀ ਇਸ਼ਾਰਾ ਕੀਤਾ ਕਿ ਨਵਜੋਤ ਸਿੱਧੂ ਰਾਹੁਲ ਗਾਂਧੀ ਵੱਲੋਂ 4 ਅਕਤੂਬਰ ਤੋਂ ਪੰਜਾਬ 'ਚ ਕੀਤੀ ਜਾ ਰਹੀ ਟਰੈਕਟਰ ਰੈਲੀ 'ਚ ਸ਼ਾਮਲ ਹੋਣਗੇ .
ਵੈਸੇ ਵੀ ਨਵਜੋਤ ਸਿੱਧੂ ਦਾ ਸਿਆਸੀ ਪੰਗਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਪਿਆ ਸੀ , ਰਾਹੁਲ ਨੂੰ ਤਾਂ ਉਹ ਪਹਿਲਾਂ ਹੀ ਆਪਣਾ 'ਕੈਪਟਨ' ਮੰਨਦੇ ਹੀ ਹਨ.
ਇਸ ਲਈ ਰਾਹੁਲ ਦੀ ਰੈਲੀ 'ਚ ਸ਼ਾਮਲ ਹੋਣਾ ਤਾਂ ਸਿੱਧੂ ਲਈ ਕੋਈ ਨੀਵੇਂ ਹੋਣ ਵਾਲੀ ਗੱਲ ਨਹੀਂ ਹੋਵੇਗਾ। ਪਰ ਪਿਛਲੇ ਦਿਨੀਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੀ ਰੈਲੀ 'ਚ ਕਾਂਗਰਸ ਦੇ ਝੰਡੇ ਵੀ ਨਾ ਲਿਜਾਣ ਦੀ ਕਾਰਵਾਈ ਨੇ ਸ਼ਾਇਦ ਹਾਈ ਕਮਾਂਡ ਅੰਦਰ ਵੀ ਇਹ ਖ਼ਦਸ਼ੇ ਖੜ੍ਹੇ ਕਰ ਦਿੱਤੇ ਸਨ ਕਿ ਨਵਜੋਤ ਸਿੱਧੂ ਹੁਣ ਕਾਂਗਰਸ ਪਾਰਟੀ ਤੋਂ ਵੀ ਪਾਸੇ ਹੋ ਕੇ ਕਿਸੇ ਹੋਰ ਪਾਸੇ ਜਾਣ ਦਾ ਇਸ਼ਾਰਾ ਕਰ ਰਹੇ ਹਨ.
ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨਾਲ ਸਿੱਧੂ ਦਾ ਲਗਾਤਾਰ ਰਾਬਤਾ ਹੋਣ ਦੀਆਂ ਖ਼ਬਰਾਂ ਨਾਲ ਮੀਡੀਆ ਅਤੇ ਸਿਆਸੀ ਹਲਕਿਆਂ 'ਚ ਇਹ ਸਵਾਲ ਪਹਿਲਾਂ ਹੀ ਚੱਲ ਰਹੇ ਸਨ ਕਿ "ਨਵਜੋਤ ਸਿੱਧੂ ਹੁਣ ਕਿਧਰ ਜਾਣਗੇ ?"
ਵੈਸੇ ਵੀ ਹੁਣ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਦੀ ਤਿਆਰੀ ਸ਼ੁਰੂ ਹੋਣ ਵਾਲੀ ਹੈ .
ਬਹੁਤ ਹੀ ਸੀਨੀਅਰ ਨੇਤਾ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਉਣ ਪਿੱਛੇ ਵੀ ਹਾਈ ਕਮਾਂਡ ਦਾ ਇਹ ਮਨਸ਼ਾ ਹੋ ਸਕਦਾ ਹੈ ਕਿ ਉਹ ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਅੰਦਰ ਬਹੁਤ ਤਿੱਖੇ ਰੂਪ ਵਿਚ ਸਾਹਮਣੇ ਆਈ ਧੜੇਬੰਦੀ ਅਤੇ ਸਿੱਧੂ ਤੋਂ ਇਲਾਵਾ , ਬਾਜਵਾ ਅਤੇ ਦੂਲੋ ਆਦਿਕ ਨੇਤਾਵਾਂ ਦੇ ਟਕਰਾਅ ਨੂੰ ਮੱਥਾ ਪਾਉਣ ਲਈ ਕੋਈ ਰਾਹ ਕੱਢਿਆ ਜਾਵੇ ਕਿਉਂਕਿ ਪੰਜਾਬ ਕਾਂਗਰਸ ਮਾਮਲਿਆਂ ਡੀ ਪਹਿਲੇ ਇੰਚਾਰਜ ਆਸ਼ਾ ਕੁਮਾਰੀ ਅਜਿਹਾ ਕਰਨ ਵਿਚ ਫ਼ੇਲ੍ਹ ਹੋਏ ਸਨ ਬਲਕਿ ਉਨ੍ਹਾਂ ਬਾਰੇ ਇਹ ਪ੍ਰਭਾਵ ਬਣ ਗਿਆ ਸੀ ਕਿ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੀ ਬੋਲੀ ਬੋਲਦੇ ਰਹੇ ਹਨ .
ਯਾਦ ਰਹੇ ਕਿ ਫੈਲ ਰਾਵਤ ਨੇ ਦੂਲੋ ਅਤੇ ਬਾਜਵਾ ਬਾਰੇ ਵੀ ਨਰਮ ਰੁਖ਼ ਅਖ਼ਤਿਆਰ ਕੀਤਾ ਜਦੋਂ ਕਿ ਸੁਨੀਲ ਜਾਖੜ ਤੱਕ ਉਨ੍ਹਾਂ ਦੇ ਖ਼ਿਲਾਫ਼ ਜ਼ਾਬਤੇ ਦੀ ਕਾਰਵਾਈ ਕਰਨ ਦੀ ਮੰਗ ਕਰ ਚੁੱਕੇ ਸਨ .
ਇਹ ਤਾਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਰਾਵਤ ਦੀ ਨਵਜੋਤ ਸਿੱਧੂ ਨਾਲ ਕੀ ਗੱਲਬਾਤ ਹੋਈ ਅਤੇ ਇਸ ਦੀ ਰੌਸ਼ਨੀ ਵਿਚ ਕੀ ਰਣਨੀਤੀ ਬਣੀ ਪਰ ਰਾਵਤ ਦੇ ਜਵਾਬ ਤੋਂ ਇੱਕ ਗੱਲ ਝਲਕਦੀ ਹੈ ਨਵਜੋਤ ਕਾਂਗਰਸੀ ਸਰਗਰਮੀ ਨਾਲ ਜੁੜਨ ਲਈ ਸਹਿਮਤ ਹੋ ਗਏ ਹਨ .
ਇਹ ਵੀ ਹੋ ਸਕਦੈ ਕਿ ਬਿਹਾਰ ਦੀ ਚੋਣ ਵਿਚ ਨਵਜੋਤ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਸਟਾਰ ਕਾਮਪੇਨਰ ਵਜੋਂ ਲਿਜਾਣਾ ਚਾਹੁੰਦੀ ਹੋਵੇ . ਅਜਿਹੀ ਕਿਸੇ ਵੀ ਡਿਊਟੀ ਤੋਂ ਪਹਿਲਾਂ ਸਿੱਧੂ ਅੰਦਰ ਕਾਂਗਰਸ ਪਾਰਟੀ ਬਾਰੇ ਪੈਦਾ ਹੋਏ ਬੇਗਾਨਗੀ ਦੇ ਅਹਿਸਾਸ ਨੂੰ ਦੂਰ ਕਰਨਾ ਅਤੇ ਪੰਜਾਬ 'ਚ ਉਸਦਾ ਮਾਣ -ਤਾਣ ਬਹਾਲ ਕਰਾਉਣ ਦਾ ਭਰੋਸਾ ਦੇਣਾ ਜ਼ਰੂਰੀ ਹੈ .
ਸ਼ਾਇਦ ਇਹੀ ਡਿਊਟੀ ਹਰੀਸ਼ ਰਾਵਤ ਨਿਭਾ ਹੀ ਨਹੀਂ ਰਹੇ ਸਗੋਂ ਜਨਤਕ ਤੌਰ ਤੇ ਇਸ ਦਾ ਇਜ਼ਹਾਰ ਵੀ ਕਰ ਰਹੇ ਨੇ .ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੇ ਇਸ ਕਥਨ ਦੀ ਪ੍ਰੋੜ੍ਹਤਾ ਕਰ ਦਿੱਤੀ ਹੈ ਕਿ " ਨਵਜੋਤ ਸਿੱਧੂ ਕਾਂਗਰਸ ਦਾ ਭਵਿੱਖ ਹਨ ."
ਸੰਭਾਵਨਾ ਪੂਰੀ ਹੈ ਕਿ ਨਵਜੋਤ ਸਿੱਧੂ , ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋ ਸਕਦੇ ਨੇ . ਇਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਸਿਆਸੀ ਹੁਲਾਰਾ ਮਿਲੇਗਾ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਦੇ ਖ਼ਿਲਾਫ਼ ਪੰਜਾਬ 'ਚ ਚੱਲ ਰਹੇ ਲੋਕ-ਅੰਦੋਲਨ ਨੂੰ ਵੀ . ਤੇ ਨਾਲ ਪੰਜਾਬ ਦੀ ਰਾਜਨੀਤੀ ਅਤੇ ਖ਼ਸ ਕਰ ਕੇ ਪੰਜਾਬ ਕਾਂਗਰਸ ਦੀ ਅੰਦਰਲੀ ਰਾਜਨੀਤੀ ਵਿਚ ਨਵੀਂ ਹਿਲਜੁਲ ਹੋਣ ਅਤੇ ਨਵੀਂ ਸਫ਼ਬੰਦੀ ਦਾ ਸਿਲਸਿਲਾ ਵੀ ਸ਼ੁਰੂ ਹੋ ਸਕਦੈ .