ਜਗਮੀਤ ਸਿੰਘ
- ਵੱਡੇ ਪੁੱਤਰ ਨੂੰ ਕਲਾਸ ਵਨ ਅਧਿਕਾਰੀ ਦੀ ਨੌਕਰੀ ਤੇ ਮਾਲੀ ਮਦਦ ਦੇਵੇ ਪੰਜਾਬ ਸਰਕਾਰ
ਭਿੱਖੀਵਿੰਡ, 20 ਅਕਤੂਬਰ 2020 - ਸਵ.ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਉਹਨਾਂ ਦੇ ਗ੍ਰਹਿ ਭਿੱਖੀਵਿੰਡ ਵਿਖੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ ਨਾਲ ਪਹੰੁਚੇਂ ਅਤੇ ਸਵ.ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ, ਪੁੱਤਰ ਗਗਨਦੀਪ ਸਿੰਘ, ਅਰਸ਼ਦੀਪ ਸਿੰਘ, ਭਰਾ ਰਣਜੀਤ ਸਿੰਘ ਨਾਲ ਹਮਦਰਦੀ ਪ੍ਰਗਟ ਕੀਤੀ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਇਸ ਸੰਬੰਧੀ ਲ਼ਿਖਤੀ ਤੌਰ ‘ਤੇ ਜਾਣੂ ਕਰਵਾਇਆ ਹੈ ਕਿ ਭਾਰਤ ਸਰਕਾਰ ਦੇ ਰਾਸ਼ਟਰਪਤੀ ਹੱਥੋਂ ਸ਼ੋਰੀਆ ਚੱਕਰ ਨਾਲ ਸਨਮਾਨਿਤ ਹੋਏ ਕਾਮਰੇਡ ਬਲਵਿੰਦਰ ਸਿੰਘ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਰਾਸਟਰਪਤੀ ਦੀ ਵੀ ਬਣਦੀ ਹੈ, ਜੇਕਰ ਸੂਬਾ ਸਰਕਾਰ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਉਦੀ।
ਉਹਨਾਂ ਕਿਹਾ ਕਿ ਬਹਿਬਲ ਤੇ ਬਗਰਾੜੀ ਕਾਂਡ ਦੇ ਦੋਸ਼ੀਆਂ ਨੂੰ ਜੈਡ ਸਕਿਉਰਟੀ ਦਿੱਤੀ ਗਈ, ਉਥੇ ਸ਼ੋਰੀਆ ਚੱਕਰ ਵਿਜੇਤਾ ਪਰਿਵਾਰ ਦੀ ਸੁਰੱਖਿਆ ਵਿਚ ਕਿਉਂ ਅਣਗਹਿਲੀ ਕੀਤੀ ਗਈ। ਬਾਜਵਾ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਜਿਹਨਾਂ ਪੁਲਿਸ ਅਧਿਕਾਰੀਆਂ ਨੇ ਰਿਪੋਰਟਾਂ ਬਣਾ ਕੇ ਕਾਮਰੇਡ ਬਲਵਿੰਦਰ ਸਿੰਘ ਦੀ ਸੁਰੱਖਿਆ ਵਾਪਸ ਲਈ ਹੈ, ਉਹਨਾਂ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਐਸੀ ਘਟਨਾ ਨਾ ਵਾਪਰੇ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਵੱਡੇ ਪੁੱਤਰ ਗਗਨਦੀਪ ਸਿੰਘ ਦੀ ਉੱਚ ਵਿੱਦਿਆ ਨੂੰ ਮੁੱਖ ਰੱਖਦਿਆਂ ਕਲਾਸ ਵਨ ਅਧਿਕਾਰੀ ਦੀ ਸਰਕਾਰੀ ਨੌਕਰੀ ਦਿੱਤੀ ਜਾਵੇ, ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ, ਤੁਰੰਤ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤੈਨਾਤ ਕੀਤੀ ਜਾਵੇ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲ ਆਪਸੀ ਭਾਈਚਾਰਕ ਸਾਂਝ ਵਿਚ ਫਿੱਕ ਪਾ ਸਕਦੇ ਹਨ, ਜਿਸ ਲਈ ਇਹਨਾਂ ਬਿੱਲਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਇਸ ਮੌਕੇ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਸੁਰਿੰਦਰ ਸਿੰਘ ਬੁੱਗ, ਸੁਖਬੀਰ ਸਿੰਘ ਟਿੱਕਾ ਆਦਿ ਹਾਜਰ ਸਨ।