- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਧਰਮਸੋਤ ਦੀ ਰਿਹਾਇਸ਼ ਤੱਕ ਕੀਤਾ ਮਾਰਚ ਤੇ ਦਿੱਤਾ ਧਰਨਾ
- ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਭ੍ਰਿਸ਼ਟ ਮੰਤਰੀ ਦਾ ਬਚਾਅ ਕਿਉਂ ਕਰ ਰਹੇ ਹਨ, ਕਿਹਾ ਕਿ ਐਸ ਸੀ ਸਕਾਲਰਸ਼ਿਪ ਦੇ ਘੁਟਾਲੇਬਾਜ਼ਾਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਹਾਈ ਕਮਾਂਡ ਨਾਲ ਸੌਦੇਬਾਜ਼ੀ ਕੀਤੀ
ਨਾਭਾ, 2 ਨਵੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾ ਉਸ ਵੱਲੋਂ ਐਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੇ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ ਅਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਧਰਮਸੋਤ ਦੇ ਘਰ ਤੱਕ ਮਾਰਚ ਵੀ ਕੱਢਿਆ ਤੇ ਉਸਦੀ ਰਿਹਾਇਸ਼ ਦੇ ਨੇੜੇ ਹੀ ਉਸ ਵੇਲੇ ਧਰਨਾ ਦਿੱਤਾ ਜਦੋਂ ਭਾਰੀ ਪੁਲਿਸ ਫੋਰਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਸਾਧੂ ਸਿੰਘ ਧਰਮਸੋਤ ਵੱਲੋਂ ਦਲਿਤ ਵਿਦਿਆਰਥੀਆਂ ਨਾਲ ਕੀਤੇ ਅਨਿਆਂ ਖਿਲਾਫ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ 64 ਕਰੋੜ ਰੁਪਏ ਦੇ ਐਸ ਸੀ ਸਕਾਲਰਸ਼ਿਪ ਘੁਟਲੇ ਵਿਚ ਧਰਮਸੋਤ ਨੂੰ ਬਰਖਾਸਤ ਕੀਤੇ ਜਾਣ, ਗ੍ਰਿਫਤਾਰ ਕੀਤੇ ਜਾਣ ਤੇ ਜੇਲ੍ਹ ਵਿਚ ਸੁੱਟੇ ਜਾਣ ਦੀ ਮੰਗ ਵੀ ਕੀਤੀ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਪੁੱਛਿਆ ਕਿ ਉਹ ਦੱਸਣ ਕਿ ਭ੍ਰਿਸ਼ਟ ਮੰਤਰੀ ਦਾ ਉਹ ਬਚਾਅ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਉਸ ਮੰਤਰੀ ਨੂੰ ਕਲੀਨ ਚਿੱਟ ਕਿਉਂ ਦਿੱਤੀ ਹੈ ਜਿਸਨੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਅ ਕਰ ਦਿੱਤਾ ਹੈ।
ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਹਾਈ ਕਮਾਂਡ ਤੇ ਰਾਹੁਲ ਗਾਂਧੀ ਨੇ ਵੀ ਘੁਟਾਲੇਬਾਜ਼ਾਂ ਨਾਲ ਸੌਦੇਬਾਜ਼ੀ ਕੀਤੀ ਹੈ। ਉਹਨਾਂ ਹਿਕਾ ਕਿ ਧਰਮਸੋਤ ਘੁਟਾਲੇ ਦਾ ਸਹਿ ਦੋਸ਼ੀ ਹੈ ਜਦਕਿ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਜੋ ਹੁਣ ਕਾਂਗਰਸੀ ਵਿਧਾਇਕ ਬਣ ਗਏ ਹਨ, ਪਹਿਲਾਂ ਹੀ ਸੇਵਾ ਮੁਕਤ ਲੈ ਕੇ ਫਗਵਾੜਾ ਵਿਚ ਕਈ ਹੋਰ ਦਾਅਵੇਦਾਰਾਂ ਨੂੰ ਦਰ ਕਿਨਾਰ ਕਰ ਕੇ ਟਿਕਟ ਲੈਣ ਵਿਚ ਸਫਲ ਹੋ ਗਏ ਹਨ।
ਬਾਦਲ ਨੇ ਕਿਹਾ ਕਿ ਇਹ ਘੁਟਾਲਾ ਬਹੁਤ ਵੱਡਾ ਹੈ ਘੁਟਾਲਾ ਹੈ। ਉਹਨਾਂ ਕਿਹਾ ਕਿ ਪੈਸਾ ਉਹਨਾਂ ਸੰਸਥਾਵਾਂ ਨੂੰ ਜਾਰੀ ਕਰ ਦਿੱਤਾ ਗਿਆ ਜੋ ਯੋਗ ਨਹੀਂ ਸਨ ਤੇ 16 ਕਰੋੜ ਰੁਪਏ ਉਹਨਾਂ ਸੰਸਥਾਵਾਂ ਨੂੰ ਦਿੱਤੇ ਗਏ ਜਿਹਨਾਂ ਕੋਲੋਂ ਪਿਛਲੇ ਵਾਧੂ ਰਿਲੀਜ਼ ਹੋਏ 8 ਕਰੋੜ ਰੁਪਏ ਦੀ ਵਸੂਲੀ ਬਾਕੀ ਸੀ। ਉਹਨਾਂ ਕਿਹਾ ਕਿ ਧਰਮਸੋਤ ਸਾਰੇ ਘੁਟਾਲੇ ਲਈ ਜ਼ਿੰਮੇਵਾਰ ਹੈ ਕਿਉਂਕਿ ਉਸਨੇ ਹੀ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਫੰਡਾਂ ਦੀ ਵੰਡ ਸਬੰਧੀ ਸਾਰੀਆਂ ਫਾਈਲਾਂ ਉਸ ਕੋਲ ਪੇਸ਼ ਕੀਤੀਆਂ ਜਾਣ।
ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਸੂਬੇ ਦੇ ਖ਼ਜ਼ਾਨੇ ਦੀ ਸਿੱਧੀ ਲੁੱਟ ਦੀ ਖੁੱਲ੍ਹ ਦਿੱਤੀ ਗਈ ਹੈ। ਕਾਂਗਰਸੀ ਵਿਧਾਇਕ ਸ਼ਰਾਬ, ਰੇਘ ਤੇ ਨਸ਼ਾ ਮਾਫੀਆ ਚਲਾ ਰਹੇ ਹਨ ਜਦਕਿ ਮੁੱਖ ਮੰਤਰੀ ਸਥਿਤੀ ਤੋਂ ਅਣਜਾਣ ਬਣੇ ਹੋਏ ਹਨ ਤੇ ਬਾਕੀ ਲੋਕਾਂ ਤੋਂ ਵੀ ਕੱਟੇ ਹੋਏ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਜਾਏ ਨਵੇਂ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰਨ, ਕਾਂਗਰਸ ਸਰਕਾਰ ਇਹ ਦੱਸੇ ਕਿ ਪਿਛਲੇ ਤਿੰਨ ਸਾਲਾਂ ਵਿਚ ਬਜਟ ਵਿਚ ਕੀਤੀ 2440 ਕਰੋੜ ਰੁਪਏ ਦੀ ਵਿਵਸਥਾ ਦੀ ਰਾਸ਼ੀ ਵਿਚੋਂ ਦਲਿਤ ਵਿਦਿਆਰਥੀਆਂ ਨੂੰ ਇਕ ਪੈਸਾ ਵੀ ਕਿਉਂ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਜ਼ਰੂਰਤ ਹੈ ਤ ਜੋ ਪਤਾ ਲਾਇਆ ਜਾ ਸਕੇ ਕਿ ਇਹ ਘੁਟਾਲਾ ਕਿੰਨਾ ਵੱਡਾ ਹੈ ਕਿਉਂÎਕਿ ਪੰਜਾਬ ਸਰਕਾਰ ਨੇ ਤਾਂ ਇਸਨੂੰ ਸਿਰਫ 7 ਕਰੋੜ ਰੁਪਏ ਇਹ ਕਹਿ ਕੇ ਸੀਮਤ ਕਰ ਦਿੱਤਾ ਹੈ ਕਿ ਇਹ ਪ੍ਰਾਈਵੇਟ ਸੰਸਥਾਵਾਂ ਨੂੰ ਗਲਤ ਵੰਡੇ ਗਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹ ਕਿ ਇਹ ਘੁਟਾਲਾ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਵੱਲੋਂ ਬੇਨਕਾਬ ਕੀਤੇ 64 ਕਰੋੜ ਰੁਪਏ ਦੇ ਘੁਟਾਲੇ ਨਾਲੋਂ ਜ਼ਿਆਦਾ ਵੱਡਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਚਲ ਰਿਹਾ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਜਿਹਨਾਂ ਨੇ ਸੋਫਾ ਲੱਗੇ ਟਰੈਕਟਰ ’ਤੇ ਬਹਿ ਕੇ ਤਸਵੀਰਾਂ ਖਿਚਵਾਉਣ ਵਾਸਤੇ ਪੰਜਾਬ ਤੇ ਹੋਰ ਰਾਜਾਂ ਦਾ ਦੌਰਾ ਕੀਤਾ, ਨੇ ਉਹਨਾਂ ਦਲਿਤ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਦੀ ਲੋੜ ਨਹੀਂ ਸਮਝੀ ਜਿਹਨਾਂ ਨਾਲ ਮੰਤਰੀ ਧਰਮਸੋਤ ਨੇ ਠੱਗੀ ਮਾਰੀ ਹੈ। ਉਹਨਾਂ ਕਿਹਾ ਕਿ ਮੰਤਰੀ ਧਰਮਸੋਤ ਨੇ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ ਹੈ ਤੇ ਨੂਰਪੁਰ ਬੇਦੀ ਵਿਚ ਜ਼ਮੀਨ ਦੀ ਖਰੀਦ ਦਾ ਵੀ ਘੁਟਾਲਾ ਕੀਤਾ ਹੈ। ਉਹਨਾਂ ਕਿਹਾ ਕਿ ਧਰਮਸੋਤ ਖਿਲਾਫ ਕੇਸ ਦਰਜ ਕਰ ਕੇ ਉਸਨੂੰ ਸਲਾਖਾਂ ਪਿੱਛੇ ਕਰ ਕੇ ਕੀਤੇ ਗੁਨਾਹ ਲਈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਮੰਗ ਕੀਤੀ ਕਿ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਅਜਿਹੇ ਵਿਅਕਤੀ ਨੂੰ ਨਾ ਬਚਾਉਣ ਜਿਸਨੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਤਬਾਹ ਕੀਤਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਕਬੀਰ ਦਾਸ, ਹੀਰਾ ਸਿੰਘ ਗਾਬੜ੍ਹੀਆ, ਐਨ ਕੇ ਸ਼ਰਮਾ, ਪਵਨ ਟੀਨੂੰ, ਹਰਪ੍ਰੀਤ ਕੌਰ ਮੁਖਮੇਲਪੁਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਪ੍ਰਕਾਸ਼ ਸਿੰਘ ਭੱਟੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਵਨਿੰਦਰ ਕੌਰ ਲੂੰਬਾ, ਦਰਬਾਰਾ ਸਿੰਘ ਗੁਰੂ, ਗਗਨਜੀਤ ਸਿੰਘ ਬਰਨਾਲਾ, ਹਰੀ ਸਿੰਘ, ਦਰਸ਼ਨ ਸਿੰਘ ਸ਼ਿਵਾਲਿਕ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਜੇ ਦਾਨਵ, ਹਰਪ੍ਰੀਤ ਸਿੰਘ ਤੇ ਹਰਪਾਲ ਜੁਨੇਜਾ ਵੀ ਹਾਜ਼ਰ ਸਨ।