ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਸਾਹਿਤਕ ਬੈਠਕ ਕੀਤੀ
ਮਨਜੀਤ ਢੱਲਾ
ਜੈਤੋ, 16 ਸਤੰਬਰ 2024- ਇਲਾਕੇ ਦੀ ਸਰਗਰਮ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਜੈਤੋ ਦੀ ਮਹੀਨਾਵਾਰ ਬੈਠਕ ਮੰਚ ਦੇ ਸਰਪ੍ਰਸਤ ਪ੍ਰੋ. ਤਰਸੇਮ ਨਰੂਲਾ ਦੀ ਪ੍ਰਧਾਨਗੀ ਹੇਠ ਇੱਥੇ ਪੈਨਸ਼ਨਰਜ਼ ਭਵਨ ਵਿਖੇ ਹੋਈ। ਇਸ ਮੌਕੇ ਹਾਜ਼ਰ ਲੇਖਕਾਂ ਨੇ ਮੰਚ ਦੇ ਸਰਗਰਮ ਕਾਰਕੁੰਨ ਤੇ ਸਾਬਕਾ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਰਚਨਾਵਾਂ ਦੇ ਦੌਰ ਵਿੱਚ ਦੌਲਤ ਸਿੰਘ ਅਨਪੜ੍ਹ ਨੇ ਕਵੀਸ਼ਰੀ ਅਤੇ ਅਰਸ਼ਦੀਪ ਦਬੜ੍ਹੀਖਾਨਾ ਨੇ ਸ਼ਾਇਰ ਰਾਜੇਸ਼ ਮੋਹਨ ਦਾ ਕਲਾਮ ਪੇਸ਼ ਕੀਤਾ।
ਇਸ ਤੋਂ ਉਪਰੰਤ ਜਰਨੈਲ ਸਿੰਘ ਜਖ਼ਮੀਂ, ਈਸ਼ਰ ਸਿੰਘ ਲੰਭਵਾਲੀ, ਗੁਰਵਿੰਦਰ ਦਬੜ੍ਹੀਖਾਨਾ, ਜਗਦੇਵ ਸਿੰਘ, ਤਰਸੇਮ ਨਰੂਲਾ, ਤੇਜਾ ਸਿੰਘ ਮੁਹਾਰ, ਚਮਕੌਰ ਸਿੰਘ ਜੈਤੋ, ਭੁਪਿੰਦਰ ਸਰਵੇਅਰ, ਹਰਨੇਕ ਰੁਪਾਣਾ, ਮੇਲਾ ਰਾਮ ਤੇ ਹਰਮੇਲ ਪਰੀਤ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਸੁੰਦਰ ਸਿੰਘ ਬਾਜਾਖਾਨਾ ਨੇ ਸਾਹਿਤ ਅਤੇ ਸਾਹਿਤ ਸਭਾਵਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਵੱਲੋੰ ਤੇਜਾ ਸਿੰਘ ਮੁਹਾਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸੰਤ ਰਾਮ ਉਦਾਸੀ ਤੇ ਅਵਤਾਰ ਪਾਸ਼ ਦੇ ਗੀਤਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ।