ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਜਾਣ ਲਈ ਲਾਮਬੰਦੀ ਸ਼ੁਰੂ
ਅਸ਼ੋਕ ਵਰਮਾ
ਪਿੰਡ ਘੁੱਦਾ (ਬਠਿੰਡਾ), 18 ਸਤੰਬਰ 2024:ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪਿੰਡ ਘੁੱਦਾ ਤੇ ਕੋਟਗੁਰੂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕੀਤੀ ਜਾ ਰਹੀ ਰੈਲੀ ਦੇ ਸੰਬੰਧ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ,ਅਕਾਸ਼ਦੀਪ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਜਦੋਂ ਵਿਦਿਆਰਥੀ, ਨੌਜਵਾਨ ਬੇਰੁਜ਼ਗਾਰੀ ਦਾ ਵੱਡਾ ਸੰਤਾਪ ਹੰਢਾ ਰਹੇ ਹਨ।ਸਮਾਜ ਵਿੱਚ ਉਹਨਾਂ ਦੀ ਲਿਆਕਤ ਸੜਕਾਂ ਤੇ ਰੁਲ਼ ਰਹੀ ਹੈ ਇਸ ਸਮੇਂ ਵਧੇਰੇ ਲੋੜ ਹੈ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਉਹ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਸ਼ਹੀਦਾਂ ਦੇ ਦੱਸੇ ਰਾਹ ਤੇ ਚੱਲਣ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸ਼ ਕਰਨ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਆਪ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਛਵੀ ਦੀ ਵਰਤੋਂ ਕਰਕੇ ਲੋਕਾਂ ਚ ਸ਼ਹੀਦ ਦੇ ਵਿਚਾਰਾਂ ਪ੍ਰਤੀ ਧੁੰਦਲਕਾ ਖੜ੍ਹਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਸਾਮਰਾਜੀਆਂ ਨੂੰ ਸਾਡੇ ਸ਼ਹੀਦ ਨੇ ਮੁਲਕ ਵਿੱਚੋ ਬਾਹਰ ਕੱਢਣ ਲਈ ਸ਼ਹੀਦੀ ਦਾ ਜਾਮ ਪੀਤਾ ਉਨ੍ਹਾਂ ਨਾਲ ਲੋਕ ਵਿਰੋਧੀ ਸਮਝੋਤੇ ਕੀਤੇ ਜਾ ਰਹੇ ਹਨ ਅਤੇ ਮੁਲਕ ਦੇ ਮਾਲ ਖ਼ਜ਼ਾਨੇ ਅਤੇ ਕਿਰਤ ਸ਼ਕਤੀ ਦੀ ਅੰਨ੍ਹੀ ਲੁੱਟ ਕਰਨ ਲਈ ਸਾਮਰਾਜੀਆਂ ਨੂੰ ਸੱਦੇ ਦਿੱਤੇ ਰਹੇ ਹਨ। ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਜੋਰਾਂ 'ਤੇ ਹੈ, ਪ੍ਰਦੇਸਾਂ ਵਿਚ ਜਾ ਕੇ ਉਹ ਮੰਦਹਾਲੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ, ਭਗਵਾਂਕਰਨ ਤੇ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸੰਸਥਾਵਾਂ ਫੰਡਾਂ ਦੀ ਕਮੀਂ ਕਾਰਨ ਬੰਦ ਹੋਣ ਕੰਢੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਮਾਰ ਹੰਢਾ ਰਹੇ ਹਨ ਖਪਤਕਾਰੀ ਸੱਭਿਆਚਾਰ ਰਾਹੀਂ ਨੌਜਵਾਨਾਂ ਨੂੰ ਡਿਜੀਟਲ ਨਸ਼ੇੜੀ ਬਣਾਇਆ ਜਾ ਰਿਹਾ ਹੈ ਅਜਿਹੇ ਸਮੇਂ ਸ਼ਹੀਦ ਭਗਤ ਸਿੰਘ ਰਾਹ ਦਿਖਾਉਂਦਾ ਹੈ ਅਜਿਹੇ ਸਮੇਂ ਸ਼ਹੀਦ ਦੇ ਵਿਚਾਰਾਂ ਦੀ ਰੌਸ਼ਨੀ ਦੀ ਬੇਹੱਦ ਲੋੜ ਹੈ। 28 ਸਤੰਬਰ ਨੂੰ ਕਾਫਲੇ ਬੰਨ ਕੇ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ।ਇਸ ਇਲਾਵਾ ਤੋਂ ਪਿੰਡਾਂ ਵਿੱਚ ਖਟਕੜ ਕਲਾਂ ਦੀ ਤਿਆਰੀ ਲਈ ਮਸ਼ਾਲ ਮਾਰਚ ਤੇ ਫੰਡ ਇਕੱਠਾ ਕਰਨ ਦੀ ਵਿਉਂਤਬੰਦੀ ਬਣਾਈਂ ਗਈ।ਜਿਸ ਰਾਹੀਂ ਨੌਜਵਾਨਾਂ,ਵਿਦਿਆਰਥੀਆਂ ਤੱਕ ਖਟਕੜ ਜਾਣ ਦਾ ਸੱਦਾ ਪਹੁੰਚ ਸਕੇ।ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ,ਨਵਜੋਤ ,ਰੋਹਿਤ, ਦਿਲਪ੍ਰੀਤ ਤੇ ਇਲਾਵਾ ਨੌਜਵਾਨ ਭਾਰਤ ਸਭਾ ਵੱਲੋਂ ਮੰਗਾ ਸ਼ਰਮਾ, ਰਾਣਾ ਘੁੱਦਾ ਤੇ ਗੋਰਾ ਕੋਟਗੁਰੂ ਆਦਿ ਸ਼ਾਮਲ ਸਨ ।