ਵੈਸਟਨ ਯੂਨੀਅਨ ਦੀ ਦੁਕਾਨ 'ਚ ਪਿਸਤੌਲ ਦੀ ਨੋਕ 'ਤੇ ਲੱਖਾਂ ਦੀ ਲੁੱਟ
ਰਾਜਿੰਦਰ ਕੁਮਾਰ
ਨਵਾਂਸ਼ਹਿਰ 18 ਸਤੰਬਰ 2024 - ਬੰਗਾ ਮੁੱਖ ਮਾਰਗ 'ਤੇ ਕਸਬਾ ਬਹਿਰਾਮ ਵਿਖੇ ਅੱਜ ਦੋ ਨਕਾਬਪੋਸ਼ ਲੁਟੇਰਿਆਂ ਅੱਜ ਇਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਪਿਸਤੌਲਾਂ ਦੀ ਨੋਕ 'ਤੇ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰਾਕੇਸ਼ ਭੰਡਾਰੀ ਅਤੇ ਉਸ ਦੇ ਪੁੱਤਰ ਤਰੁਣ ਭੰਡਾਰੀ ਨੇ ਦੱਸਿਆ ਕਿ ਬਹਿਰਾਮ ਨੈਸ਼ਨਲ ਹਾਈਵੇ ਤੇ ਉਹ ਭੰਡਾਰੀ ਟੂਰ ਐਂਡ ਟ੍ਰੈਵਲਰ ਨਾਂ ਦੀ ਦੁਕਾਨ ਕਰਦੇ ਹਾਂ ਅੱਜ ਅੰਦਾਜ਼ਨ 2:45 ਵਜੇ ਉਨ੍ਹਾਂ ਦੀ ਉਕਤ ਦੁਕਾਨ 'ਤੇ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਉਨ੍ਹਾਂ 'ਤੇ ਪਿਸਤੋਲ ਤਾਨ ਕੇ ਦੁਕਾਨ ਦੇ ਕਾਊਂਟਰ ਵਿੱਚ ਪਈ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਉਹਨਾਂ ਦੱਸਿਆ ਲੁਟੇਰੇ ਜਾਣ ਲੱਗੇ ਦੁਕਾਨ ਅੰਦਰ ਲੱਗੇ ਪੋਰਟੇਬਲ ਸੀ. ਸੀ. ਟੀ. ਵੀ. ਕੈਮਰੇ ਨੂੰ ਉਤਾਰ ਕੇ ਨਾਲ ਲੈ ਗਏ ਅਤੇ ਉਨ੍ਹਾਂ ਦੇ ਮੱਥੇ 'ਤੇ ਵੀ ਪਿਸਤੋਲ ਨਾਲ ਸੱਟ ਮਾਰ ਗਏ। ਇਸ ਹੋਈ ਲੁੱਟ ਦੀ ਵਾਰਦਾਤ ਸਬੰਧੀ ਬਹਿਰਾਮ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਜੋ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਸਮੇਤ ਮੌਕੇ ਉਤੇ ਪੁੱਜ ਗਏ ਹੋਈ ਲੁੱਟ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।
ਜਿਸ ਉਪੰਰਤ ਡੀ. ਐੱਸ. ਪੀ. ਬੰਗਾ ਦਲਜੀਤ ਸਿੰਘ ਖੱਖ, ਡੀ. ਐੱਸ. ਪੀ. ਡੀ ਪ੍ਰੇਮ ਕੁਮਾਰ ਅਤੇ ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਮੌਕੇ 'ਤੇ ਪੁੱਜ ਗਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਹੋਈ ਲੁੱਟ ਵਿੱਚ ਉਨ੍ਹਾਂ ਦੀ ਲੱਖਾਂ ਦੀ ਨਕਦੀ ਲੁਟੇਰੇ ਲੁੱਟ ਕੇ ਲੈ ਗਏ ਹਨ। ਦਿਨ-ਦਿਹਾੜੇ ਨੈਸ਼ਨਲ ਹਾਈਵੇਅ 'ਤੇ ਹੋਈ ਵਾਰਦਾਤ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ। ਜਦਕਿ ਪੁਲਿਸ ਦੀਆਂ ਟੀਮਾਂ ਵੱਖ-ਵੱਖ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।