ਲੁਧਿਆਣਾ ਦੀ ਜਾਮਾ ਮਸਜਿਦ 'ਚ ਮੁਸਲਮਾਨਾਂ ਦੀ ਰਾਜ ਪੱਧਰੀ ਮੀਟਿੰਗ 'ਚ ਆਇਆ ਜਨ ਸੈਲਾਬ
- ਸ਼ਾਹੀ ਇਮਾਮ ਪੰਜਾਬ ਨੇ ਕੀਤਾ ਪੰਜਾਬ ਮੁਸਲਮਾਨ ਸਲਾਹਕਾਰ ਕਮੇਟੀ ਦਾ ਗਠਨ
- ਸੂਬੇ ਦੇ ਮੁਸਲਮਾਨਾਂ ਦੀ ਸਿੱਖਿਆ, ਕਬਰਸਤਾਨ ਅਤੇ ਨਫ਼ਰਤ ਨੂੰ ਰੋਕਣ ਲਈ ਸਰਵ ਧਰਮ ਏਕਤਾ 'ਚ ਅੱਗੇ ਵੱਧਣ ਦਾ ਦਿੱਤਾ ਸੁਨੇਹਾ
ਮੁਹੰਮਦ ਇਸਮਾਈਲ ਏਸ਼ੀਆ
ਲੁਧਿਆਣਾ, 18 ਸਤੰਬਰ 2024: ਬੀਤੀ ਰਾਤ ਸ਼ਹਿਰ ਦੇ ਫੀਲਡ ਗੰਜ ਚੌਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਐਲਾਨ 'ਤੇ ਪੰਜਾਬ ਦੇ 23 ਜਿਲਿ੍ਹਆਂ ਅਤੇ ਤਕਰੀਬਨ 75 ਤਹਿਸੀਲਾਂ ਅਤੇ ਸਬ-ਤਹਿਸੀਲਾਂ ਅਤੇ ਵੱਖ-ਵੱਖ ਪਿੰਡਾ-ਕਸਬਿਆਂ ਤੋਂ ਮੁਸਲਮਾਨ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲੀਡਰਾਂ ਨੇ ਰਾਜ ਪੱਧਰੀ ਮੀਟਿੰਗ 'ਚ ਹਿੱਸਾ ਲਿਆ | ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੌਮੀ ਪ੍ਰਧਾਨ ਮਜਲਿਸ ਅਹਿਰਾਰ ਇਸਲਾਮ ਦੀ ਪ੍ਰਧਾਨਗੀ ਹੇਠ ਸ਼ਾਮ 7 ਵਜੇ ਸ਼ੁਰੂ ਹੋਈ ਇਹ ਅਹਿਮ ਮੀਟਿੰਗ ਰਾਤ ਦੀ ਨਮਾਜ-ਏ-ਈਸ਼ਾ ਦੇ ਨਾਲ 9 ਵਜੇ ਖ਼ਤਮ ਹੋਈ ¢ ਇਸ ਮੌਕੇ 'ਤੇ ਕੌਮ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ 'ਚ ਤੁਹਾਡੇ ਸਾਰਿਆਂ ਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕੱਠੇ ਹੋਣਾ ਆਪਸੀ ਭਾਈਚਾਰੇ ਦੀ ਜਿਉਂਦੀ-ਜਾਗਦੀ ਮਿਸਾਲ ਹੈ, ਜਿਸ ਲਈ ਮੈਂ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ |
ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਨੇ ਕਿਹਾ ਕਿ ਅੱਜ ਦੀ ਇਸ ਖਾਸ ਮੀਟਿੰਗ ਦਾ ਮਕਸਦ ਸੂਬੇ 'ਚ ਸਰਵ ਧਰਮ ਏਕਤਾ ਨੂੰ ਹੋਰ ਮਜਬੂਤ ਬਣਾਏ ਰੱਖਣ ਦੇ ਨਾਲ-ਨਾਲ ਸਾਰਿਆਂ ਦੇ ਆਤਮ-ਸਨਮਾਨ ਦੀ ਰੱਖਿਆ ਕਰਨਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ਦੇ ਮੁਸਲਮਾਨ ਬੱਚੇਆਂ ਦੀ ਸਿੱਖਿਆ ਮਿਆਦ 'ਚ ਹੁਣ ਜ਼ਰੂਰਤ ਹੈ ਕਿ ਇਨਕਲਾਬੀ ਕਮਦ ਚੁੱਕਿਆ ਜਾਵੇ, ਨਵੇਂ ਸਿੱਖਿਆ-ਸੰਸਥਾਨਾਂ ਦੇ ਨਾਲ-ਨਾਲ ਮਦਰਸੀਆਂ ਨੂੰ ਵੀ ਅਪਡੇਟ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਸਲਮਾਨਾਂ ਦੇ ਕਬਰਸਤਾਨਾਂ ਦੇ ਸੈਂਕੜੀਆਂ ਮਾਮਲੇ ਹੁਣ ਵੀ ਲੰਬਿਤ ਹਨ, ਜਿੰਨਾਂ ਨੰੂ ਪੰਜਾਬ ਵਕਫ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਜਲਦੀ ਹੱਲ ਕਰਵਾਇਆ ਜਾਣਾ ਚਾਹੀਦਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਦੇ ਸਮੇਂ ਤੋਂ ਮੁਸਲਮਾਨਾਂ ਦੇ ਜਾਤੀ ਪ੍ਰਮਾਣ ਪੱਤਰਾਂ 'ਤੇ ਲੱਗੀ ਰੋਕ ਨੂੰ ਹਟਾਇਆ ਜਾਵੇ |
ਇਸ ਮੌਕੇ 'ਤੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਇਹ ਵੀ ਐਲਾਨ ਕੀਤਾ ਕਿ ਲੁਧਿਆਣਾ ਜਾਮਾ ਮਸਜਿਦ ਵੱਲੋਂ ਜਲਦੀ ਹੀ ਪੰਜਾਬ ਦੀ ਸਾਰੇ ਜਿਲਿ੍ਹਆਂ ਅਤੇ ਤਹਿਸੀਲ ਪੱਧਰ 'ਤੇ ਦੋ-ਦੋ ਮੁਸਲਮਾਨ ਨੁਮਾਇੰਦਿਆਂ ਨੂੰ ਨਾਲ ਲੈ ਕੇ ਇੱਕ ਰਾਜ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਇਹ ਕਮੇਟੀ ਸੂਬੇ ਦੇ ਮੁਸਲਮਾਨਾਂ ਨੰੂ ਪੇਸ਼ ਆ ਰਹੀਆਂ ਪਰੇਸ਼ਾਨੀਆਂ ਨੰੂ ਨਾ ਸਿਰਫ ਸਰਕਾਰ ਤੱਕ ਪਹੁੰਚਾਏਗੀ ਸਗੋਂ ਜੇਕਰ ਕਿਤੇ ਕੋਈ ਨਾਇੰਸਾਫੀ ਹੁੰਦੀ ਹੈ ਤਾਂ ਪੀੜਤ ਲੋਕਾਂ ਦੀ ਮਦਦ ਕਰੇਗੀ | ਸ਼ਾਹੀ ਇਮਾਮ ਨੇ ਕਿਹਾ ਕਿ ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਧਰਮਾਂ ਦੇ ਮੱੁਖ ਸਥਾਨਾਂ 'ਤੇ ਜਾ ਕੇ ਆਪਸੀ ਤਾਲਮੇਲ ਨੂੰ ਹੋਰ ਵਧਾਏਗੀ | ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਹਜਾਰਾਂ ਸਾਲਾਂ ਤੋਂ ਗੁਰੂਆਂ, ਪੀਰਾਂ, ਰਿਸ਼ੀਆਂ ਦੀ ਧਰਤੀ ਹੈ ਇੱਥੇ ਧਰਮ ਦੇ ਨਾਮ 'ਤੇ ਨਫਰਤ ਦੀ ਰਾਜਨੀਤੀ ਕਰਣ ਵਾਲੀਆਂ ਲਈ ਕੋਈ ਜਗ੍ਹਾ ਨਹੀਂ ਹੈ |
ਸ਼ਾਹੀ ਇਮਾਮ ਦੀ ਅਗੁਵਾਈ 'ਚ ਮੁਸਲਮਾਨ ਸਮਾਜ ਇੱਕਜੁਟ ਹਨ
--- ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਹੋਈ ਰਾਜ ਪੱਧਰੀ ਮੀਟਿੰਗ 'ਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਆਏ ਹੋਏ ਸਾਰੇ ਮੁਸਲਿਮ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਇਸ ਗੱਲ ਦਾ ਐਲਾਨ ਕੀਤਾ ਕਿ ਪੰਜਾਬ ਦੇ 25 ਲੱਖ ਮੁਸਲਮਾਨ ਆਪਣੇ ਧਾਰਮਿਕ ਆਗੂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਦੀ ਅਗੁਵਾਈ 'ਚ ਇੱਕ-ਜੁਟ ਹਨ | ਉਹਨਾਂ ਕਿਹਾ ਕਿ ਸ਼ਾਹੀ ਇਮਾਮ ਸਾਹਿਬ ਨੇ ਜੱਦ ਵੀ ਸਾਨੰੂ ਕੋਈ ਹੁਕਮ ਦਿੱਤਾ ਹੈ ਅਸੀਂ ਉਸਨੰੂ ਮੰਨਿਆ ਹੈ ਅਤੇ ਭਵਿੱਖ 'ਚ ਵੀ ਜੱਦ ਕਦੀ ਸ਼ਾਹੀ ਇਮਾਮ ਜੀ ਦੇਸ਼ ਅਤੇ ਕੌਮ ਅਤੇ ਸਮਾਜਿਕ ਭਾਈਚਾਰੇ ਲਈ ਜੋ ਵੀ ਐਲਾਨ ਕਰਨਗੇ ਤਾਂ ਮੁਸਲਮਾਨ ਸਮਾਜ ਉਹਨਾਂ ਨਾਲ ਖੜਾ ਹੋਵੇਗਾ | ਜਿਕਰਯੋਗ ਹੈ ਕਿ ਰਾਜਨੀਤਕ ਪਾਰਟੀਆਂ ਨਾਲ ਸੰਬਧ ਰੱਖਣ ਵਾਲੇ ਮੁਸਲਮਾਨ ਵੀ ਮੌਜੂਦ ਸਨ, ਜਿਹਨਾ 'ਚ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਹਜ ਕਮੇਟੀ ਦੇ ਚੇਅਰਮੈਨ ਮੁਫਤੀ ਮੁਹੰਮਦ ਖਲੀਲ ਕਾਸਮੀ ਖਾਸ ਤੌਰ 'ਤੇ ਮੌਜੂਦ ਸਨ |