ਜ਼ਰੂਰੀ ਸੇਵਾਵਾਂ ਸ਼੍ਰੇਣੀ ਵਿੱਚ ਸ਼ਾਮਲ ਵਿਭਾਗਾਂ ਦੇ ਸਟਾਫ਼ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੀਆਂ 23 ਤੋਂ 25 ਮਈ ਤੱਕ ਪੋਸਟਲ ਬੈਲੇਟ ਪੇਪਰ ਨਾਲ ਪੈਣਗੀਆਂ ਵੋਟਾਂ
- ਜ਼ਰੂਰੀ ਸੇਵਾਵਾਂ ਸ਼੍ਰੇਣੀ ਵਿੱਚ ਸ਼ਾਮਲ ਵਿਭਾਗਾਂ ਦੇ ਸਟਾਫ਼ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੀਆਂ 23, 24 ਤੇ 25 ਮਈ ਨੂੰ ਪੋਸਟਲ ਬੈਲੇਟ ਪੇਪਰ ਨਾਲ ਪੈਣਗੀਆਂ ਵੋਟਾਂ-ਸ਼ੌਕਤ ਅਹਿਮਦ ਪਰੇ
- ਕਿਹਾ, ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ, ਨਾਭਾ ਰੋਡ ਵਿਖੇ ਬਣਾਇਆ ਪੋਸਟਲ ਵੋਟਿੰਗ ਕੇਂਦਰ
- ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ ਰਹੇ ਕੋਈ ਵੋਟਰ-ਜ਼ਿਲ੍ਹਾ ਚੋਣ ਅਫ਼ਸਰ
ਪਟਿਆਲਾ, 21 ਮਈ 2024 - ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਜਰੂਰੀ ਸੇਵਾਵਾਂ ਵਿੱਚ ਲੱਗੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਅਤੇ ਮਾਨਤਾ ਪ੍ਰਾਪਤ ਪੱਤਰਕਾਰਾਂ, ਜਿਨ੍ਹਾਂ ਨੇ ਫਾਰਮ ਨੰਬਰ 12-ਡੀ ਭਰਿਆ ਹੈ, ਦੀਆਂ ਵੋਟਾਂ 23, 24 ਤੇ 25 ਮਈ ਨੂੰ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ, ਨਾਭਾ ਰੋਡ ਵਿਖੇ ਬਣਾਏ ਪੋਸਟਲ ਵੋਟਿੰਗ ਕੇਂਦਰ ਵਿਖੇ ਪੁਆਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਵੋਟਰ ਫੈਸਿਲੀਟੇਸ਼ਨ ਸੈਂਟਰ ਵਿਖੇ ਇਨ੍ਹਾਂ ਵੋਟਰਾਂ ਦੀਆਂ ਵੋਟਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੁਆਈਆਂ ਜਾਣਗੀਆਂ, ਇਸ ਲਈ ਐਸ.ਡੀ.ਐਮ. ਪਟਿਆਲਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਲੋੜੀਂਦਾ ਅਮਲਾ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਰਾਹੀਂ ਦਿੱਤੀ ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨੋਡਲ ਅਫ਼ਸਰ ਲੋਕ ਸਭਾ ਚੋਣਾਂ-ਕਮ-ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਪੱਤਰਕਾਰਾਂ ਨੇ ਫਾਰਮ 12 ਡੀ ਭਰਕੇ ਆਪਣੀ ਵੋਟ ਪੋਸਟਲ ਬੈਲੇਟ ਨਾਲ ਪਾਉਣ ਦੀ ਸਹਿਮਤੀ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਇਹ ਵੋਟਰ ਪੋਸਟਲ ਬੈਲਟ ਜਾਰੀ ਹੋਣ ਬਾਅਦ ਆਪਣੀ ਵੋਟ 1 ਜੂਨ ਨੂੰ ਆਪਣੇ ਬੂਥ ਵਿੱਚ ਨਹੀਂ ਪਾ ਸਕਣਗੇ।
ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੱਖ-ਵੱਖ ਵਿਭਾਗਾਂ ਸਮੇਤ ਚੋਣਾਂ ਸਮੇਂ ਮੀਡੀਆ ਕਵਰੇਜ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਵੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਲੋਕ ਸਭਾ ਚੋਣਾਂ 2024 ਵਿੱਚ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ।