ਨਾਂਦੇੜ ਦੇ ਗੁ: ਭਜਨਗੜ੍ਹ ਸਾਹਿਬ ਵਿਖੇ ਦੁਸਹਿਰੇ ਮਹੱਲੇ ਮੌਕੇ ਸ਼ਰਧਾਲੂਆਂ ਦਾ ਵੱਡੀ ਗਿਣਤੀ ਵਿੱਚ ਪੁੱਜਣ ਦਾ ਸਿਲਸਿਲਾ ਸ਼ੁਰੂ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਲੰਗਰ ਸੇਵਾ
ਸ੍ਰੀ ਅਨੰਦਪੁਰ ਸਾਹਿਬ:-10 ਅਕਤੂਬਰ 2024- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਦਸਿਆ ਗਿਆ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਾਨਏ ਜਾ ਰਹੇ ਦੁਸਹਿਰੇ ਤਿਉਹਾਰ ਦੇ ਮਹੱਲੇ ਵਿਚ ਭਾਗ ਲੈਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਪਕਵਾਨਾਂ ਮਠਿਆਈਆਂ ਦੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਉਨ੍ਹਾਂ ਕਿਹਾ ਇਸ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਦੁਸਹਿਰੇ ਮਹੱਲੇ ਵਿਚ ਸ਼ਮੂਲੀਅਤ ਕਰਨ ਲਈ ਭੇਜੀ ਗਈ ਹੈ। ਟੀਮ ਵੱਲੋਂ ਗੋਦਾਵਰੀ ਨਦੀ ਦੇ ਕੰਢੇ ਸਥਿਤ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਵਿਸ਼ੇਸ਼ ਲੰਗਰ ਲਗਾਇਆ ਗਿਆ। ਇਹ ਲੰਗਰ 14 ਅਕਤੂਬਰ ਤੱਕ ਚੱਲੇਗਾ।
ਬੇਦੀ ਨੇ ਦਸਿਆ ਕਿ ਲੰਗਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਸੰਗਤਾਂ ਹੁੰਮ ਹੁਮਾ ਕੇ ਪੁੱਜ ਰਹੀਆਂ ਹਨ ਅਤੇ ਲੰਗਰ ਅਤੁੱਟ ਵਰਤ ਰਹੇ ਹਨ। ਉਨ੍ਹਾਂ ਕਿਹਾ 13 ਅਕਤੂਬਰ ਨੂੰ ਸਵੇਰੇ 10 ਵਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ਼ਮ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਮੱਹਲਾ ਚੜੇਗਾ। ਉਨ੍ਹਾਂ ਕਿਹਾ ਬੁੱਢਾ ਦਲ ਜਥੇ ਵਿੱਚ ਪੰਜਾਬ ਤੋਂ ਇਸ ਸਮੇਂ ਬਾਬਾ ਜੱਸਾ ਸਿੰਘ ਦੇ ਨਾਲ ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਗੁਰਪ੍ਰੀਤ ਸਿੰਘ ਮੁਮਤਾਜਗੜ੍ਹ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਗੋਰਾ ਸਿੰਘ ਅਤੇ ਨਾਲ ਗੁਰੂ ਸੰਗਤ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਹਾਥੀਆਂ ਅਤੇ ਘੋੜਿਆਂ ਸਮੇਤ ਵੱਡੀ ਗਿਣਤੀ ਵਿੱਚ ਪੁੱਜਣ ਦਾ ਸਿਲਸਿਲਾ ਵੀ ਜਾਰੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਦੌਰਾਨ ਸ਼ਰਧਾਲੂਆਂ ਲਈ ਸੱਚਖੰਡ ਗੁਰਦੁਆਰਾ ਬੋਰਡ ਵੱਲੋਂ ਰਿਹਾਇਸ਼ ਅਤੇ ਲੰਗਰ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਇਸ ਵਾਰ ਦੁਸਹਿਰਾ ਸਮੇਂ ਸਜਾਏ ਜਾ ਰਹੇ ਮਹੱਲੇ ਦੇ ਨਗਰ ਕੀਰਤਨ ਵਿੱਚ 50 ਹਜ਼ਾਰ ਤੋਂ ਵੱਧ ਸੰਗਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੁਸਹਿਰੇ ਮਹੱਲੇ ਲਈ ਹਰ ਸਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ, ਰਾਜਸਥਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ, ਨਿਊਜੀਲੈਂਡ, ਆਸਟ੍ਰੇਲੀਆ, ਫਰਾਂਸ, ਅਫਰੀਕਾ, ਸ੍ਰੀਲੰਕਾ, ਤੋਂ ਵੀ ਵਿਦੇਸ਼ੀ ਸ਼ਰਧਾਲੂ ਗੁਰੂ ਨਗਰੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਵਿਖੇ ਪਹੁੰਚਦੇ ਹਨ।