ਵਿਅਕਤੀ ਨੂੰ ਅਗਵਾਕਾਰਾਂ ਦੀ ਕੈਦ 'ਚੋਂ ਛੁਡਾਉਣ ਵਾਲੇ ਸਮਾਜ ਸੇਵਕ ਖਿਲਾਫ ਹੀ ਪੁਲਿਸ ਨੇ ਕੀਤਾ ਮਾਮਲਾ ਦਰਜ
ਦੀਨਾ ਨਗਰ ਪੁਲਿਸ ਦੀ ਕਾਰਵਾਈ ਤੇ ਲੱਗੇ ਸਵਾਲੀਆ ਨਿਸ਼ਾਨ
ਰੋਹਿਤ ਗੁਪਤਾ
ਗੁਰਦਾਸਪੁਰ 10 ਅਕਤੂਬਰ 2024- 5 ਮਹੀਨੇ ਪਹਿਲਾਂ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਬੇਰੀਆ 'ਚ 6 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਲੜਕੇ ਨੂੰ ਅਗਵਾ ਕਰ ਲਿਆ ਸੀ। ਅਗਵਾ ਕਰਨ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਅਤੇ ਉਸ ਸਮੇਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਚਲਾ ਰਹੇ ਬਚਿੱਤਰ ਸਿੰਘ ਬਿੱਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਅਕਤੀ ਨੂੰ ਛੁਡਵਾਇਆ ਅਤੇ ਇਲੈਕਟਰੀਸ਼ਨ ਲੜਕੇ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਉਹਨਾਂ ਨੇ ਹੀ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਦੀਨਾਨਗਰ ਪੁਲਿਸ ਦੀ ਕਾਰਗੁਜਾਰੀ ਵੇਖੋ ਤਿੰਨ ਮਹੀਨੇ ਬਾਅਦ ਦੀਨਾ ਨਗਰ ਪੁਲਿਸ ਨੇ ਪੀੜਤ ਨੌਜਵਾਨ ਅਤੇ ਪੁਲਿਸ ਦੀ ਮਦਦ ਕਰਨ ਵਾਲੇ ਸਮਾਜ ਸੇਵੀ ਬਚਿੱਤਰ ਸਿੰਘ ਨੂੰ ਹੀ ਮਾਮਲੇ ਵਿੱਚ ਨਾਮਜਦ ਕਰ ਲਿਆ । ਦੱਸ ਦਈਏ ਕਿ ਬਚਿੱਤਰ ਸਿੰਘ ਬਿੱਕਾ ਇੱਕ ਬਿਰਧ ਆਸ਼ਰਮ ਚਲਾ ਰਹੇ ਹਨ ਅਤੇ ਕਈ ਬੰਦੂਆ ਮਜ਼ਦੂਰਾਂ ਨੂੰ ਵੀ ਕੈਦ ਤੋਂ ਆਜ਼ਾਦ ਕਰਵਾ ਚੁੱਕੇ ਹਨ।
ਸਮਾਜ ਸੇਵਕ ਬਚਿੱਤਰ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਰੱਦ ਕਰਵਾਉਣ ਲਈ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਨੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਾਜ ਸੇਵਕ ਬਚਿੱਤਰ ਸਿੰਘ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਨਾ ਕੀਤਾ ਗਿਆ ਤਾਂ ਦੀਨਾਨਗਰ ਥਾਣੇ ਦਾ ਘਿਰਾਓ ਕੀਤਾ ਜਾਵੇਗਾ
ਜਾਣਕਾਰੀ ਦਿੰਦੇ ਹੋਏ ਇਲੈਕਟਰੀਸ਼ਨ ਦਾ ਕੰਮ ਕਰਨ ਵਾਲੇ ਨੌਜਵਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਬਿੱਟੂ ਨਾਮਕ ਵਿਅਕਤੀ ਜੋ ਕਿ ਡੀਜੇ ਦਾ ਕੰਮ ਕਰਦਾ ਹੈ, ਦੇ 6000 ਰੁਪਏ ਦੇਣੇ ਸਨ। ਜਿਸ ਕਾਰਨ ਬਿੱਟੂ ਦਾ ਉਸ ਨਾਲ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ। ਜਿਸ ਸਬੰਧੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ 5 ਮਹੀਨੇ ਪਹਿਲਾਂ ਬਿੱਟੂ ਆਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਉਸ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਕੁਝ ਸਮਾਜ ਸੇਵੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਉੱਥੋਂ ਛੁਡਵਾਇਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ, ਉਸ ਸਮੇਂ ਉਸ ਨੂੰ ਅਗਵਾ ਕਰਨ ਵਾਲੇ 3 ਲੋਕਾਂ ਖਿਲਾਫ ਪੁਲਸ ਕੋਲ ਮਾਮਲਾ ਦਰਜ ਕੀਤਾ ਗਿਆ ਸੀ ਪਰ 3 ਮਹੀਨਿਆਂ ਬਾਅਦ ਦੀਨਾਨਗਰ ਪੁਲੀਸ ਨੇ ਸਮਾਜ ਸੇਵੀ ਬਚਿੱਤਰ ਸਿੰਘ ਅਤੇ ਉਸਦੇ ਤਿੰਨ ਸਾਥੀਆਂ ਨੂੰ ਵੀ ਮਾਮਲੇ ਵਿੱਚ ਨਾਮਜਦ ਕਰ ਲਿਆ ਹੈ, ਜਦੋਂ ਕਿ ਬਚਿੱਤਰ ਸਿੰਘ ਨੇ ਉਸ ਦੀ ਜਾਨ ਬਚਾਈ ਸੀ, ਅਤੇ ਉਸਨੂੰ ਅਪਹਰਨ ਕਰਤਾ ਦੇ ਦੀ ਕੈਦ ਵਿੱਚੋਂ ਆਜ਼ਾਦ ਕਰਵਾਇਆ ਸੀ।ਪੁਲੀਸ ਨੂੰ ਅਪੀਲ ਕੀਤੀ ਹੈ ਕਿ ਇਸ ਕੇਸ ਨੂੰ ਰੱਦ ਕੀਤਾ ਜਾਵੇ।
ਉੱਥੇ ਹੀ ਸਮਾਜ ਸੇਵਕ ਅਤੇ ਕਿਸਾਨ ਆਗੂ ਹਰਦੇਵ ਸਿੰਘ ਚਿੱਟੀ ਨੇ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਸਮਾਜ ਸੇਵੀਆਂ ਦੇ ਦਿਲ ਨੂੰ ਚੋਟ ਪਹੁੰਚੀ ਹੈ । ਇਸ ਤਰ੍ਹਾਂ ਤੱਕ ਕੋਈ ਵੀ ਸਮਾਜ ਸੇਵਕ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੋਵੇਗਾ । ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੌਜਵਾਨ ਸਮਾਜ ਸੇਵਕ ਬਚਿੱਤਰ ਸਿੰਘ ਬਿੱਕੇ ਦੇ ਨਾਲ ਖੜੀਆਂ ਹਨ ਅਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਣਗੀਆਂ।
ਦੂਜੇ ਪਾਸੇ ਜਦੋਂ ਇਸ ਬਾਰੇ ਦੀਨਾ ਨਗਰ ਥਾਣੇ ਦੇ ਅਧਿਕਾਰੀ ਆਈਪੀਐਸ ਦਿਲਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਨੇ ਧਿਆਨ ਵਿੱਚ ਆ ਗਿਆ ਹੈ ਤੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਬਚਿੱਤਰ ਸਿੰਘ ਅਤੇ ਉਸ ਦ ਸਾਥੀ ਨਿਰਦੋਸ਼ ਪਾਏ ਗਏ ਤਾਂ ਉਹਨਾਂ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।