82 ਸਾਲ ਦਾ ਅਥਲੀਟ ਦੇ ਰਿਹਾ ਹੈ ਨੌਜਵਾਨਾਂ ਨੂੰ ਮਾਤ, ਸ਼੍ਰੀ ਲੰਕਾ ਤੋਂ ਜਿੱਤ ਲਿਆਇਆ ਤਿੰਨ ਗੋਲਡ ਮੈਡਲ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਕਤੂਬਰ 2024- 82 ਸਾਲਾਂ ਅਥਲੀਟ ਜੋ ਅੱਜ ਦੇ ਨੌਜਵਾਨਾਂ ਨੂੰ ਵੀ ਮਾਤ ਦੇ ਰਿਹਾ ਹੈ। ਕਾਦੀਆਂ ਦੇ ਰਹਿਣ ਵਾਲੇ ਮਾਸਟਰ ਗੁਰਨਾਮ ਸਿੰਘ ਪ੍ਰਾਈਮਰੀ ਟੀਚਰ ਦੇ ਤੌਰ ਤੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਹਨ ਪਰ ਖੇਡਾਂ ਦੇ ਸ਼ੌਕ ਨੇ ਅੱਜ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਕਰ ਦਿੱਤਾ ਹੈ ਕਿਉਂਕਿ ਮਾਸਟਰ ਜੀ 82 ਸਾਲ ਦੀ ਉਮਰ ਵਿੱਚ ਸ੍ਰੀ ਲੰਕਾ ਵਿੱਚ ਹੋਈਆਂ 37 ਵੀਂਆ ਓਪਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 2024 ਵਿੱਚੋ ਇੱਕ ਨਹੀਂ ਬਲਕਿ ਤਿੰਨ ਤਿੰਨ ਗੋਲਡ ਮੈਡਲ ਜਿੱਤ ਲਿਆਏ ਹਨ। ਹਰਡਲ ਰੇਸ ,ਲਾਂਗ ਜੰਪ ਅਤੇ ਦੌੜ ਵਿਚੋਂ ਇਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤੇ ਹਨ।
ਮਾਸਟਰ ਗੁਰਨਾਮ ਸਿੰਘ ਦਾ ਜੱਦੀ ਪਿੰਡ ਜਿਲਾ ਗੁਰਦਾਸਪੁਰ ਦਾ ਹੀ ਠੱਕਰ ਸੰਧੂ ਹੈ ਅਤੇ ਖੇਡਾਂ ਦਾ ਸ਼ੌਂਕ ਪਰਿਵਾਰਿਕ ਹੀ ਹੈ ਕਿਉਂਕਿ ਪਰਿਵਾਰ ਵਿੱਚ ਕਈਆਂ ਨੂੰ ਭਲਵਾਨੀ ਦਾ ਸ਼ੌਂਕ ਸੀ ਤੇ ਕਈਆਂ ਨੂੰ ਦੌੜ ਦਾ । ਇਸ ਲਈ ਸ਼ੁਰੂ ਤੋਂ ਹੀ ਮਾਸਟਰ ਗੁਰਨਾਮ ਸਿੰਘ ਵੀ ਦੋੜ, ਹਰਡਲ ਰੇਸ ਅਤੇ ਲੋਂਗ ਜੰਪ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ ਅਤੇ ਪਹਿਲਾਂ ਵੀ ਢੇਰਾਂ ਮੈਡਲ ਤੇ ਟ੍ਰਾਫ਼ੀਆਂ ਜਿੱਤ ਚੁੱਕੇ ਹਨ ਪਰ ਉਮਰ ਦੋ ਇਸ ਪੜਾਅ ਵਿੱਚ ਵੀ ਉਹਨਾਂ ਦਾ ਜੋਸ਼ ਅਤੇ ਜਨੂਨ ਬਰਕਰਾਰ ਹੈ। ਇਸੇ ਦਾ ਨਤੀਜਾ ਤਾਜਾ ਪ੍ਰਾਪਤੀ ਤਿੰਨ ਗੋਲਡ ਮੈਡਲ ਦੇ ਤੌਰ ਤੇ ਹੋਈ ਹੈ। ਆਪਣੀ ਉਮਰ ਦੇ ਹੋਰ ਵਿਅਕਤੀਆਂ ਅਤੇ ਨੌਜਵਾਨਾਂ ਨੂੰ ਸੁਣੇਹਾ ਦਿੰਦੇ ਹੋਏ ਮਾਸਟਰ ਗੁਰਨਾਮ ਸਿੰਘ ਕਹਿੰਦੇ ਹਨ ਕਿ ਜੀਵਨ ਚ ਇਕ ਟੀਚਾ ਮਿਥ ਲਵੋ ਅਤੇ ਉਸ ਨੂੰ ਹਾਸਲ ਕਰਨ ਲਈ ਖੂਬ ਮਿਹਨਤ ਕਰੋ । ਫਿਰ ਇਹ ਹੋ ਨਹੀਂ ਸਕਦਾ ਕਿ ਮੰਜ਼ਿਲ ਤੋਂ ਸਾਡੇ ਤੋਂ ਦੂਰ ਭੱਜ ਜਾਵੇ।