ਜੱਜ ਦੇ ਗਨਮੈਨ ਨੇ ਗੁਆਂਢੀ ਪਿਓ-ਪੁੱਤਰ ’ਤੇ ਚਲਾ ਦਿੱਤੀਆਂ ਗੋਲੀਆਂ
ਰਵਿੰਦਰ ਸਿੰਘ
ਸਮਰਾਲਾ, 10 ਅਕਤੂਬਰ 2024 : ਮਾਛੀਵਾੜਾ ਸਾਹਿਬ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਪੰਜੇਟਾ ਵਿਖੇ ਜੱਜ ਦੇ ਗਨਮੈਨ ਨੇ ਆਪਣੇ ਗੁਆਂਢ ਵਿਚ ਰਹਿੰਦੇ ਪਿਓ ਜਗਦੀਪ ਸਿੰਘ ਤੇ ਉਸਦੇ ਪੁੱਤਰ ਰਮਨਪ੍ਰੀਤ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਉਹ ਦੋਵੇਂ ਜਖ਼ਮੀ ਹੋ ਗਏ। ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ
ਜਖਮੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਪੁਲਸ ਕਰਮਚਾਰੀ ਜੱਜ ਦੇ ਗਨਮੈਨ ਪਵਿੱਤਰ ਸਿੰਘ ਨੇ ਸਾਡੇ ਉੱਪਰ ਕਾਰ ਪਿਛਲੇ ਪਾਸੇ ਤੋਂ ਕਾਰ ਨਾਲ ਟੱਕਰ ਮਾਰੀ ਅਤੇ ਉਹ ਖੇਤਾਂ ਵਿਚ ਜਾ ਗਿਰੇ। ਜਦੋਂ ਉਹ ਉੱਠੇ ਤਾਂ ਗਨਮੈਨ ਪਵਿੱਤਰ ਸਿੰਘ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਅਤੇ ਲਗਾਤਾਰ 2 ਫਾਇਰ ਕੀਤੇ। ਗੋਲੀ ਚਲਾਉਣ ਤੋਂ ਬਾਅਦ ਪਵਿੱਤਰ ਸਿੰਘ ਉੱਥੋਂ ਚਲਾ ਗਿਆ ਤੇ ਅਸੀਂ ਭੱਜ ਕੇ ਆਪਣੀ ਖੇਤਾਂ ਵਾਲੀ ਮੋਟਰ ’ਤੇ ਆ ਗਏ। ਖੇਤਾਂ ਵਾਲੀ ਮੋਟਰ ’ਤੇ ਆ ਕੇ ਮੈਂ ਆਪਣੇ ਪਿਤਾ ਨੂੰ ਦੱਸਿਆ ਕਿ ਉਸਦੇ ਗੋਲੀ ਲੱਗੀ ਹੈ ਜਿਸ ’ਤੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਸਪਤਾਲ ਰਵਾਨਾ ਹੋ ਗਏ। ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਫਿਰ ਪੁਲਸ ਕਰਮਚਾਰੀ ਨੇ ਉਨ੍ਹਾਂ ਵਿਚ ਲਿਆ ਕੇ ਗੱਡੀ ਮਾਰੀ ਅਤੇ ਉਨ੍ਹਾਂ ’ਤੇ ਫਿਰ ਇੱਕ ਗੋਲੀ ਚਲਾਈ। ਇੱਥੇ ਉਸ ਨਾਲ ਸਾਡੀ ਕਾਫ਼ੀ ਝਗੜਾ ਹੋਇਆ ਅਤੇ ਮੈਂ ਉਸ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਤਾਂ ਜੋ ਉਹ ਦੁਬਾਰਾ ਗੋਲੀ ਨਾ ਚਲਾ ਸਕੇ ਪਰ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਉਸਨੇ ਦੱਸਿਆ ਕਿ ਗੋਲੀ ਉਸਦੇ ਸਿਰ ਕੋਲ ਲੱਗੀ ਜੋ ਕਿ ਪੁਲਸ ਵਾਲੇ ਨੇ ਆਪਣੀ ਸਰਕਾਰੀ ਰਿਵਾਲਵਰ ’ਚੋਂ ਚਲਾਈ।
ਹਸਪਤਾਲ ਵਿਚ ਇਲਾਜ ਅਧੀਨ ਰਮਨਪ੍ਰੀਤ ਸਿੰਘ ਦੇ ਪਿਤਾ ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਜਖ਼ਮੀ ਹੋਏ ਪੁੱਤਰ ਨੂੰ ਇਲਾਜ ਲਈ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ਵਿਚ ਘੇਰ ਕੇ ਪੁਲਸ ਕਰਮਚਾਰੀ ਪਵਿੱਤਰ ਸਿੰਘ ਨੇ ਮੇਰੇ ’ਤੇ ਰਿਵਾਲਵਰ ਦੇ ਬੱਟ ਨਾਲ ਸਿਰ ’ਤੇ ਸੱਟ ਮਾਰੀ ਜਿਸ ਕਾਰਨ ਉਸਦੇ ਟਾਂਕੇ ਲੱਗੇ। ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਗੁਆਂਢ ’ਚ ਰਹਿੰਦੇ ਪਵਿੱਤਰ ਸਿੰਘ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਉਸਨੇ ਸਾਡੇ ’ਤੇ ਜਾਨਲੇਵਾ ਹਮਲਾ ਕਿਉਂ ਕੀਤਾ ਇਸ ਬਾਰੇ ਤਾਂ ਓਹੀ ਦੱਸ ਸਕਦਾ ਹੈ। ਜਖ਼ਮੀ ਹੋਏ ਪਿਓ-ਪੁੱਤਰ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਰਕਾਰੀ ਰਿਵਾਲਵਰ ਨਾਲ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਪੁਲਸ ਕਰਮਚਾਰੀ ਖਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਥਾਣਾ ਕੂਮਕਲਾ ਮੁਖੀ ਜਗਦੀਪ ਸਿੰਘ ਨੇ ਦੱਸਿਆ ਸਾਨੂੰ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਕਿ ਪਿੰਡ ਪਜੇਟਾ ਵਿਖੇ ਫਾਇਰਿੰਗ ਹੋਈ ਹੈ। ਜਿਨਾਂ ਤੇ ਫਾਇਰਿੰਗ ਹੋਈ ਹੈ ਸਮਰਾਲਾ ਦੇ ਹਸਪਤਾਲ ਵਿੱਚ ਦਾਖਲ ਹਨ। ਜਖਮੀ ਰਮਨਪ੍ਰੀਤ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਫਾਇਰਿੰਗ ਕਰਨ ਵਾਲਾ ਵਿਅਕਤੀ ਪੰਜਾਬ ਪੁਲਿਸ ਚ ਸਿਪਾਹੀ ਹੈ ਜਿਸ ਦਾ ਨਾਮ ਪਵਿੱਤਰ ਸਿੰਘ ਹੈ ਪੰਜੇਟਾਂ ਪਿੰਡ ਦਾ ਰਹਿਣ ਵਾਲਾ ਹੈ। ਅਤੇ ਉਹ ਸਮਰਾਲਾ ਵਿਖੇ ਜੱਜ ਦੀ ਸਿਕਿਉਰਟੀ ਵਿੱਚ ਤੈਨਾਤ ਹੈ।
ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤੀ ਦੋ ਵਿਅਕਤੀਆਂ ਨੂੰ ਸਮਰਾਲਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਦੋਨੋਂ ਪਿਓ ਪੁੱਤ ਹਨ ਜੋ ਕਿ ਪੰਜੇਟਾ ਪਿੰਡ ਦੇ ਰਹਿਣ ਵਾਲੇ ਹਨ ਪੁੱਤ ਦੇ ਸਿਰ ਤੇ ਗੋਲੀ ਲੱਗੀ ਹੈ ਖਤਰੇ ਤੋਂ ਬਾਹਰ ਹੈ ਅਤੇ ਸਿਟੀ ਸਕੈਨ ਲਈ ਅਸੀਂ ਉਹਨੂੰ ਭੇਜ ਰਹੇ ਹਾਂ ਪਿਓ ਦੇ ਸਿਰ ਦੇ ਉੱਪਰ ਵੀ ਕਾਫੀ ਸੱਟਾਂ ਹਨ ਅਤੇ ਉਸ ਦੇ ਟਾਂਕੇ ਵੀ ਲੱਗੇ ਹਨ।