ਚੋਣ ਤੋਹਫਾ:ਸਰਪੰਚੀ ਦੀ ਚਾਹਵਾਨਾਂ ਨੂੰ ‘ਲਾਲ ਪਰੀ’ ਸਸਤੀ
ਅਸ਼ੋਕ ਵਰਮਾ
ਚੰਡੀਗੜ੍ਹ,10ਅਕਤੂਬਰ2024:ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸਰਪੰਚ ਬਣਨ ਦੀ ਦੌੜ ’ਚ ਸ਼ਾਮਲ ਉਮੀਦਵਾਰਾਂ ਨੂੰ ਸ਼ਰਾਬ ’ਤੇ ਵਿਸ਼ੇਸ਼ ਛੋਟ ਦੇਣ ਦਾ ਫ਼ੈਸਲਾ ਲੈਣ ਦੀ ਚੁੰਝ ਚਰਚਾ ਸਾਹਮਣੇ ਆਈ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਦੀ ਸ਼ਰਾਬ ਨੂੰ ਠੱਲ੍ਹਣ ਲਈ ਸ਼ਰਾਬ ਠੇਕੇਦਾਰਾਂ ਨੇ ਸਰਪੰਚੀ ਅਤੇ ਮੈਂਬਰੀ ਦੇ ਉਮੀਦਵਾਰਾਂ ਲਈ ਵਿਸ਼ੇਸ਼ ਰਿਆਇਤੀ ਨੀਤੀ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਠੇਕੇਦਾਰਾਂ ਦਾ ਇਹ ਗੁਪਤ ਫ਼ੈਸਲਾ ਕੁੱਝ ਦਿਨ ਪਹਿਲਾਂ ਲਾਗੂ ਹੋਇਆ ਹੈ ਅਤੇ ਜਿੱਤ ਦੇ ਜਸ਼ਨਾਂ ਤੱਕ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੁੱਝ ਸਮਾਂ ਬਾਅਦ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਵੀ ਚੋਣਾਂ ਹੋਣੀਆਂ ਹਨ। ਸੂਤਰਾਂ ਮੁਤਾਬਕ ਪੰਚਾਇਤੀ ਚੋਣਾਂ ਕਰਕੇ ਫਿਲਹਾਲ ਸ਼ਰਾਬ ਦੀ ਇੱਕ ਪੇਟੀ ਪਿੱਛੇ ਸ਼ਰਾਬ ਦੀਆਂ ਦੋ ਬੋਤਲਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਜੋ ਉਮੀਦਵਾਰ ਪੰਜ ਡੱਬੇ ਇਕੱਠੇ ਖ਼ਰੀਦ ਕਰੇਗਾ ਉਸ ਨੂੰ ਹੋਰ ਜਿਆਦਾ ਰਿਆਇਤ ਦੇਣ ਦੀ ਗੱਲ ਆਖੀ ਜਾ ਰਹੀ ਹੈ।
ਰਾਖਵੇਂਕਰਨ ਵਾਲੇ ਪਿੰਡਾਂ ’ਚ ਕਿਸੇ ਵੀ ਕਿਸਮ ਦੀ ਬਹੁਤੀ ਵੱਡੀ ਸਰਗਰਮੀ ਨਜ਼ਰ ਨਹੀਂ ਆਈ ਜਦੋਂਕਿ ਦਰਜਨਾਂ ਪਿੰਡਾਂ ’ਚ ਸਰਪੰਚੀ ਵਕਾਰ ਦਾ ਸੁਆਲ ਬਣੀ ਹੋਈ ਹੈ। ਸੂਤਰ ਆਖਦੇ ਹਨ ਕਿ ਜਿੰਨ੍ਹਾਂ ਪਿੰਡਾਂ ’ਚ ਪੰਚਾਇਤ ਚੋਣਾਂ ਦੌਰਾਨ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਵਿਚਕਾਰ ਮੁਕਾਬਲੇ ਸਖਤ ਹਨ ਉਨ੍ਹਾਂ ਦਾ ਤਾਂ ਇਸ ਮਾਮਲੇ ’ਚ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ। ਅਹਿਮ ਸੂਤਰਾਂ ਅਨੁਸਾਰ ਇਸ ਵੇਲੇ ਜੋ ਸ਼ਰਾਬ ਦੀ ਪੇਟੀ ਪਹਿਲਾਂ ਹੀ ਘੱਟ ਰੇਟ ’ਤੇ ਵੇਚੀ ਜਾ ਰਹੀ ਸੀ ਠੇਕੇਦਾਰਾਂ ਨੇ ਜਰੂਰਤ ਪੈਣ ਤੇ ਉਮੀਦਵਾਰਾਂ ਨੂੰ ਹੋਰ ਵੀ ਸਸਤੀ ਦੇਣ ਦੀ ਗੁਪਤ ਨੀਤੀ ਘੜ ਲਈ ਹੈ ਤਾਂ ਜੋ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਹਰਿਆਣਾ ਵੱਲ ਮੂੰਹ ਨਾਂ ਕਰਨ। ਮਾਮਲਾ ਪੰਜਾਬ ਸਰਕਾਰ ਦਾ ਖਜਾਨਾ ਭਰਨ ਨਾਲ ਜੁੜਿਆ ਹੋਣ ਕਰਕੇ ਅਫਸਰਾਂ ਨੇ ਵੀ ਇਸ ਰਿਆਇਤੀ ਰਾਸ ਲੀਲ੍ਹਾ ਤੋਂ ਪਾਸਾ ਵੱਟਿਆ ਹੋਇਆ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਕਿ ਪੰਚਾਇਤ ਚੋਣਾਂ ਮੌਕੇ ਲਾਲ ਪਰੀ ਆਪਣਾ ਜਲਵਾ ਦਿਖਾਉਣ ਲੱਗੀ ਹੈ ਬਲਕਿ ਹਰ ਚੋਣਾਂ ਨੂੰ ਸ਼ਰਾਬ ਵਿਕਰੇਤਾਵਾਂ ਵੱਲੋਂ ਇੱਕ ਤਰਾਂ ਨਾਲ ਫੈਸਟੀਵਲ ਸੀਜ਼ਨ ਮੰਨਿਆ ਜਾਂਦਾ ਹੈ। ਇਸੇ ਕਾਰਨ ਪੰਜਾਬ ਦੇ ਜਿੰਨ੍ਹਾਂ ਜਿਲਿ੍ਹਆਂ ’ਚ ਹਰਿਆਣਵੀ ਸ਼ਰਾਬ ਤਸਕਰੀ ਰਾਹੀਂ ਆਉਂਦੀ ਹੈ ਉੱਥੇ ਤਾਂ ਸ਼ਰਾਬ ਦੇ ਠੇਕੇਦਾਰਾਂ ਨੇ ਹੋਰ ਵੀ ਮੁਸਤੈਦੀ ਵਧਾ ਦਿੱਤੀ ਹੈ। ਇਸ ਮੁਕਾਬਲੇਬਾਜੀ ਕਾਰਨ ਆਉਣ ਵਾਲੇ ਦਿਨਾਂ ਦੌਰਾਨ ਹਰਿਆਣਾ ਚੋਂ ਸ਼ਰਾਬ ਦੀ ਤਸਕਰੀ ਹੋਰ ਵੀ ਵਧਣ ਦੇ ਆਸਾਰ ਹਨ। ਇਸ ਕਰਕੇ ਪੰਜਾਬ ਪੁਲਿਸ ਨੇ ਆਪਣੇ ਅਮਲੇ ਅਤੇ ਠੇਕੇਦਾਰਾਂ ਨੇ ਆਪਣੇ ਬੰਦਿਆਂ ਨੂੰ ਚੌਕਸ ਰਹਿਣ ਲਈ ਆਖਿਆ ਹੈ। ਸੂਤਰਾਂ ਨੇ ਮੰਨਿਆ ਹੈ ਕਿ ਹਰਿਆਣਵੀ ਸ਼ਰਾਬ ਦੀ ਹੋਮ ਡਲਿਵਰੀ ਵੀ ਪੰਜਾਬ ਦੀਆਂ ਕੀਮਤਾਂ ਨਾਲੋਂ ਘੱਟ ਹੈ। ਠੇਕੇਦਾਰਾਂ ਲਰਦੇ ਹਨ ਕਿ ਜੇਕਰ ਪੰਚਾਇਤੀ ਚੋਣਾਂ ’ਚ ਹਰਿਆਣਵੀ ਸ਼ਰਾਬ ਵਿਕਦੀ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਮਾਲੀ ਸੱਟ ਅਤੇ ਸਰਕਾਰੀ ਖਜਾਨੇ ਨੂੰ ਰਗੜਾ ਲੱਗੇਗਾ।
ਦੱਸਣਯੋਗ ਹੈ ਕਿ ਸਾਲ 2018 ਦੌਰਾਨ ਹਰਿਆਣਾ ਤੋਂ ਆਈ ਸ਼ਰਾਬ ਦੀ ਕਰੀਬ ਇੱਕ ਲੱਖ ਬੋਤਲ ਫੜੀ ਗਈ ਸੀ। ਹਰਿਆਣਵੀ ਸ਼ਰਾਬ ਦੀ ਆਮਦ ’ਚ ਸਾਲ 2018 ਦੌਰਾਨ ਹੋਈਆਂ ਪੰਚਾਇਤ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦਾ ਅਹਿਮ ਯੋਗਦਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਪੁਲੀਸ ਨੇ 1 ਅਪਰੈਲ 2016 ਤੋਂ ਅਪਰੈਲ 2018 ਤੱਕ ਕਰੀਬ ਪੌਣੇ ਤਿੰਨ ਕਰੋੜ ਦੀ ਹਰਿਆਣਵੀ ਸ਼ਰਾਬ ਫੜੀ ਹੈ ਜੋਕਿ ਪੰਜਾਬ ਲਈ ਆਰਥਿਕ ਪੱਖ ਤੋਂ ਮਾੜਾ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਮਾਮਲੇ ’ਚ ਚਿੰਤਾਜਨਕ ਅੰਕੜਾ ਹੈ। ਹਰਿਆਣਾ ਦੀ ਸਰਹੱਦ ਨਾਲ ਲੱਗਦੇ ਇੱਕ ਪਿੰਡ ’ਚ ਤਾਇਨਾਤ ਇੱਕ ਠੇਕੇਦਾਰ ਦੇ ਕਰਿੰਦੇ ਨੇ ਆਪਣੀ ਸ਼ਿਨਾਖਤ ਨਾਂ ਜਾਹਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਚੋਣਾਂ ਦੌਰਾਨ ਤਸਕਰੀ ਰਾਹੀਂ ਹਰਿਆਣਵੀ ਸ਼ਰਾਬ ਆਉਣ ਦਾ ਡਰ ਵਧ ਜਾਂਦਾ ਹੈ ਕਿਉਂਕਿ ਉਹ ਸਸਤੀ ਪੈਂਦੀ ਹੈ।
ਪਤਾ ਲੱਗਾ ਹੈ ਕਿ ਪੰਜਾਬ ਹਰਿਆਣਾ ਸੀਮਾ ਤੇ ਜੋ ਪੰਜਾਬ ਦੇ ਪਿੰਡ ਪੈਂਦੇ ਹਨ, ਉਨ੍ਹਾਂ ’ਚ ਚੱਲ ਰਹੀਆਂ ਪੰਚਾਇਤੀ ਸਰਗਰਮੀਆਂ ਦੌਰਾਨ ਇਸ ਤੋਂ ਪਹਿਲਾਂ ਹਰਿਆਣਾ ਦੀ ਸ਼ਰਾਬ ਹੀ ਵਰਤਾਈ ਜਾ ਰਹੀ ਸੀ ਜਿਸ ਨੂੰ ਠੇਕੇਦਾਰਾਂ ਦੀ ਗੁਪਤ ਰਣਨੀਤੀ ਕਾਰਨ ਠੱਲ੍ਹ ਪੈਣ ਦੀ ਸੰਭਾਵਨਾ ਹੈ। ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਠਿੰਡਾ ਰੇਂਜ ’ਚ ਪੈਂਦੇ ਮਾਨਸਾ ਜਿਲ੍ਹੇ ਦੇ ਬੁਢਲਾਡਾ, ਸਰਦੂਲਗੜ੍ਹ, ਤਲਵੰਡੀ ਸਾਬੋ ਅਤੇ ਸੰਗਤ ਆਦਿ ਇਲਾਕਿਆਂ ਤੋਂ ਇਲਾਵਾ ਪਟਿਆਲਾ ਜਿਲ੍ਹੇ ਦੇ ਕਈ ਪਿੰਡਾਂ ’ਚ ਏਦਾਂ ਦਾ ਰੁਝਾਨ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ , ਮੋਗਾ ਤੇ ਬਰਨਾਲਾ ਜਿਲ੍ਹੇ ਵਿੱਚ ਪੋਸਤ ਦੇ ਕਾਫ਼ੀ ਤਸਕਰ ਹਨ ਜਿਨ੍ਹਾਂ ਵੱਲੋਂ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਹੁਣ ਭੁੱਕੀ ਦਾ ਕੰਮ ਛੱਡ ਕੇ ਸ਼ਰਾਬ ਤਸਕਰੀ ਦਾ ਕੰਮ ਸ਼ੁਰੂ ਕਰਨ ਦੇ ਚਰਚਿਆਂ ਨੇ ਜੋਰ ਫੜ੍ਹਿਆ ਹੋਇਆ ਹੈ।
ਚਿੰਤਾਜਨਕ ਸਮਾਜਿਕ ਪੱਖ
ਇਸ ਮਾਮਲੇ ਦਾ ਬੇਹੱਦ ਗੰਭੀਰ ਅਤੇ ਮਾੜਾ ਸਮਾਜਿਕ ਪਹਿਲੂ ਇਹ ਵੀ ਹੈ ਕਿ ਚਾਹੇ ਪੰਜਾਬ ਦੀ ਹੋਵੇ ਜਾਂ ਫਿਰ ਹਰਿਆਣਾ ਦੀ ਮੁਫਤ ਦੀ ਸ਼ਰਾਬ ਦੇ ਲਾਲਚ ’ਚ ਇਨ੍ਹਾਂ ਪਿੰਡਾਂ ਦੇ ਲੋਕ ਸ਼ਰਾਬ ਦੇ ਨਸ਼ੇ ’ਚ ਡੁੱਬ ਰਹੇ ਹਨ । ਕਈ ਪਿੰਡਾਂ ’ਚ ਤਾਂ ਦਿਨ ਵੇਲੇ ਹੀ ਸ਼ਰਾਬ ਦੇ ਦੌਰ ਚੱਲਣ ਲੱਗੇ ਹਨ। ਇਸ ਵਰਤਾਰੇ ਕਾਰਨ ਅਜਿਹੇ ਪ੍ਰੀਵਾਰਾਂ ਦੀਆਂ ਔਰਤਾਂ ਵੀ ਦੁਖੀ ਰਹਿਣ ਲੱਗੀਆਂ ਹਨ ਅਤੇ ਘਰਾਂ ’ਚ ਕਲੇਸ਼ ਦਾ ਵਾਤਾਵਰਨ ਬਣਿਆ ਹੈ।