ਰਾਏਕੋਟ ਦੇ ਸਾਲਾਨਾ ਮੇਲੇ 'ਚ ਲੱਗੀਆਂ ਭਾਰੀ ਰੌਣਕਾਂ
ਸਿਵਲ ਪ੍ਰਸ਼ਾਸਨ/ਪੁਲਿਸ ਪ੍ਰਸ਼ਾਸਨ ਨੇ ਕੀਤੇ ਢੁਕਵੇਂ ਪ੍ਰਬੰਧ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ ,21 ਸਤੰਬਰ 2024 - ਪੰਜਾਬ ਦੇ ਮਾਲਵਾ ਖਿੱਤੇ ਦੇ ਮਸ਼ਹੂਰ "ਮੇਲਾ ਛਪਾਰ" ਦੀ ਸਮਾਪਤੀ ਤੋਂ ਬਾਦ ਰਾਏਕੋਟ ਵਿਖੇ ਗੁੱਗਾ ਮਾੜੀ ਦਾ ਮੇਲਾ(ਰਾਏਕੋਟ ਦਾ ਮੇਲਾ) ਪੂਰੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਹੈ।ਲੱਖਾਂ ਦੀ ਗਿਣਤੀ 'ਚ ਨੌਜਵਾਨ, ਬਜ਼ੁਰਗ, ਬੱਚੇ, ਬੀਬੀਆਂ,ਭੈਣਾਂ ਨੇ ਵੱਡੀਆਂ -ਵੱਡੀਆਂ ਟੋਲੀਆਂ/ਗਰੁੱਪਾਂ 'ਚ ਮੇਲੇ ਦੀ ਸੈਰ ਕੀਤੀ/ਮੇਲੇ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਮੇਲੇ ਦੀ "ਨਿਸ਼ਾਨੀ" ਵਜੋਂ ਖਰੀਦੋ-ਫਰੋਖ਼ਤ ਕੀਤੀ।ਬੱਚੇ ਤੇ ਨੌਜਵਾਨ ਪੀੜ੍ਹੀ ਨੇ ਮੇਲੇ 'ਚ ਝੂਟੇ ਲਏ। ਕਾਫ਼ੀ ਗਿਣਤੀ ਵਿੱਚ "ਲਾਲ ਪਰੀ" (ਸ਼ਕਤੀ ਵਾਟਰ) ਦੇ ਸ਼ੌਕੀਨ ਸਵੇਰੇ ਹੀ ਝੂਮਦੇ/ਮੇਲਦੇ ਦੇਖੇ ਗਏ।ਕੲੀਆਂ ਨੇ ਤਾਂ ਸਵਾਲ-ਜਵਾਬ ਦੌਰਾਨ ਆਖਿਆ ਕਿ "ਅਸੀਂ ਮੇਲੇ ਘੁੰਮਣ ਆਏ ਹਾਂ।ਜੇ ਹੁਣ.. ਨਹੀਂ,ਤਾਂ ਫਿਰ ਕਦੋਂ?"
ਇਸ ਦੌਰਾਨ ਮੇਲੇ 'ਚ ਘੁੰਮਣ ਆਏ ਸੂਝ-ਬੂਝ ਰੱਖਣ ਵਾਲਿਆਂ ਨੇ ਦੱਸਿਆ ਕਿ ਅਸਲ 'ਚ ਤਿੰਨ ਧੱਦਿਆਂ (ਧ, ਧ, ਧ) ਦੇ ਸੁਮੇਲ ਨੂੰ ਹੀ ਮੇਲਾ ਕਿਹਾ ਜਾਂਦਾ ਹੈ।ਭਾਵ ਕਿ ਮੇਲੇ/ਮੇਲਿਆਂ 'ਚ ਧੁੱਪ, ਧੂੜ, ਧੱਕੇ ਹੁੰਦੇ ਹਨ।ਇੱਕ 80 ਕੁ ਸਾਲ ਦੇ ਬਜ਼ੁਰਗ ਨੇ ਮੇਲੇ ਨਾਲ ਸਬੰਧਤ ਇੱਕ ਕਵਿਤਾ ਦੀਆਂ ਪੰਕਤੀਆਂ "ਧੁੱਪ,ਧੂੜ,ਧੱਕੇ ਜਿਹੜੇ ਜਰ ਸਕਦੇ, ਮੇਲਿਆਂ ਦੀ ਸੈਰ ਸੋਈ ਕਰ ਸਕਦੇ" ਸੁਣਾ ਕੇ ਮੇਲੀਆਂ ਦਾ ਮਨੋਰੰਜਨ ਕਰ ਦਿੱਤਾ। ਮੇਲੇ ਦੇ ਸ਼ੋਰ ਵਿੱਚ, ਪਿੰਡ ਜੱਟਪੁਰਾ ਦੇ ਜੰਮਪਲ ਪ੍ਰਸਿੱਧ ਗਾਇਕ ਜਨਾਬ ਇਕਬਾਲ ਹਾਸ਼ਮੀ ਦੇ ,ਦਿਉਰ-ਭਰਜਾਈ ਦੇ ਆਪਸੀ ਨੋਕ-ਝੋਕ ਵਾਲੇ ਪ੍ਰਸਿੱਧ ਤੇ ਹਿੱਟ ਗੀਤ/ਲੋਕ ਗੀਤ "ਜੂੜੇ ਵਿੱਚ ਭਾਬੀ ਕੀਹਨੇ ਫੁੱਲ ਟੰਗਿਆ ਮੇਲੇ 'ਚੋਂ ਪਰਤ ਕੇ ਆਈ, ਪਿੰਡ ਵਾਲੇ ਬਾਈ ਤੇਰੇ ਨਾਲ ਗਏ ਸੀ,ਕੌਣ ਹੱਥਾਂ ਦੀ ਦਿਖਾ ਗਿਆ ਸਫ਼ਾਈ?" ਨੇ ਇਸ ਵਾਰ ਵੀ ਟਰੈਕਟਰਾਂ-ਬੂਫ਼ਰਾਂ 'ਤੇ ਪੂਰੀ ਧਮਕ ਨਾਲ ਪਿਛਲੇ ਸਾਲ ਦੇ ਮੇਲੇ ਵਾਂਗ ਵੱਜ ਕੇ ਧੂੜਾਂ ਪੁੱਟ ਦਿੱਤੀਆਂ। ਇਸ ਮੇਲੇ ਮੌਕੇ ਰਾਏਕੋਟ ਦੇ ਸਿਵਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਨੇ ਢੁਕਵੇਂ ਪ੍ਰਬੰਧ ਕੀਤੇ ਹੋਏ ਹਨ।