ਲੇਖਕ ਤੇ ਪੱਤਰਕਾਰ ਗੁਰਨੈਬ ਸਾਜਨ ਦਿਉਣ ਦੀ ਪਲੇਠੀ ਪੁਸਤਕ 'ਸਿਮਰਨ' ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ ,10 ਨਵੰਬਰ 2024:ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਵਾਸੀ ਲੇਖਕ ਅਤੇ ਪੱਤਰਕਾਰ ਗੁਰਨੈਬ ਸਾਜਨ ਦੀ ਪਲੇਠੀ ਪੁਸਤਕ 'ਸਿਮਰਨ' ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ਟਰੱਸਟ ਬਠਿੰਡਾ ਅਤੇ ਹਲਕਾ ਇੰਚਾਰਜ ਦਿਹਾਤੀ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਹਾਜ਼ਰ ਹੋਏ ਜਿਨ੍ਹਾਂ ਵੱਖ ਵਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਲੇਖਾਂ ਦੀ ਇਸ ਪੁਸਤਕ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਜਤਿੰਦਰ ਭੱਲਾ ਨੇ ਦੱਸਿਆ ਕਿ ਗੁਰਨੈਬ ਸਾਜਨ ਪਿਛਲੇ 30 ਸਾਲਾਂ ਤੋਂ ਪੱਤਰਕਾਰੀ ਅਤੇ ਲੇਖਣੀ ਵਿੱਚ ਬੇਬਾਕ ਕਲਮਕਾਰ ਅਤੇ ਸਮਾਜ ਸੇਵੀ ਤੌਰ ਤੇ ਵਿਚਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਜਦੋਂ ਮੋਬਾਇਲ ਨੇ ਸਾਨੂੰ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ ਤਾਂ ਗਰਨੈਬ ਸਾਜਨ ਨੇ ਵੱਡਾ ਜੇਰਾ ਕਰਕੇ ਪੁਸਤਕ ਤਿਆਰ ਕੀਤੀ ਹੈ ਜੋਕਿ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਵਿੱਚ ਨਕਾਰਾ ਹੋ ਚੁੱਕੇ ਸਿਸਟਮ, ਔਰਤ ਦੀ ਸਮਾਜ ਵਿੱਚ ਹੋ ਰਹੀ ਦੁਰਦਸ਼ਾ, ਧਾਰਮਿਕ, ਸਮਾਜਿਕ, ਸੰਗੀਤਕ ਅਤੇ ਫਿਲਮਾਂ ਬਾਰੇ ਲੇਖ ਲਿਖੇ ਹਨ ।ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਘਰ ਘਰ ਤੱਕ ਪਹੁੰਚਾਉਣਾ ਸਾਡੀ ਜਿੰਮੇਵਾਰੀ ਬਣਦੀ ਹੈ। ਇਸ ਦੌਰਾਨ ਗੁਰਚਰਨ ਸਿੰਘ ਵਿਰਕ ਸਾਬਕਾ ਈਟੀਓ ਵਿਰਕ ਖੁਰਦ, ਸੁਖਰਾਜ ਸਿੰਘ ਸਰਪੰਚ ਬੱਲੂਆਣਾ, ਗੁਰਦੇਵ ਸਿੰਘ ਪੰਜੂ ਸਰਪੰਚ ਦਿਉਣ ਨੇ ਗੁਰਨੈਬ ਸਾਜਨ ਨੂੰ ਮਿਆਰੀ ਪੁਸਤਕ ਦੇਣ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਿਤਾਬ ਘਰ ਘਰ ਲਿਜਾਈ ਜਾਣੀ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਵੀ ਇਸ ਕਿਤਾਬ ਤੋਂ ਚੰਗੀ ਸੇਧ ਲੈ ਸਕਣ। ਲੇਖਕ ਗੁਰਨੈਬ ਸਾਜਨ ਨੇ ਦੱਸਿਆ ਕਿ 30 ਸਾਲ ਦੇ ਲੰਬੇ ਸੰਘਰਸ਼ ਦੌਰਾਨ ਪੱਤਰਕਾਰੀ ਅਤੇ ਲੇਖਣੀ ਵਿੱਚ ਵਿਚਰਦਿਆਂ ਜੋ ਤਜਰਬੇ ਕੀਤੇ ਹਨ, ਉਹਨਾਂ ਤਜਰਬਿਆਂ ਨੂੰ ਇਸ ਕਿਤਾਬ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਛਪਵਾਉਣ ਲਈ ਉਸ ਨੂੰ ਕਰਜ਼ਾ ਚੁੱਕਣਾ ਪਿਆ ਹੈ।
ਉਹਨਾਂ ਕਿਹਾ ਕਿ ਜੋ ਲੇਖਕ ਕਰਜ਼ਾ ਚੁੱਕ ਕੇ ਕਿਤਾਬਾਂ ਛਪਵਾ ਰਹੇ ਹਨ ਉਹਨਾਂ ਦੀ ਬਾਂਹ ਸਰਕਾਰਾਂ ਅਤੇ ਸਾਹਿਤ ਸਭਾਵਾਂ ਤੇ ਵਿਰਾਸਤ ਮੇਲੇ ਲਾਉਣ ਵਾਲੇ ਪ੍ਰਬੰਧਕਾਂ ਨੂੰ ਫੜਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਸਨੇ 25 ਸਾਲਾਂ ਤੋਂ ਬੱਲੂਆਣਾ ਹਲਕੇ ਦੀ ਬਤੌਰ ਪੱਤਰਕਾਰ ਵੱਖ-ਵੱਖ ਅਖਬਾਰਾਂ ਰਾਹੀਂ ਸੇਵਾ ਕੀਤੀ ਹੈ। ਉਸ ਦੇ ਹਜ਼ਾਰਾਂ ਲੇਖ ਦੇਸ਼ਾਂ- ਵਿਦੇਸ਼ਾਂ ਵਿੱਚ ਛਪਦੇ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ, ਉਹਨਾਂ ਕਿਹਾ ਕਿ ਪਿੰਡਾਂ ਵਿੱਚ ਜਨਮੇ ਲੇਖਕ ਸਧਾਰਨ ਪਰਿਵਾਰਾਂ ਵਿੱਚੋਂ ਹੀ ਹੁੰਦੇ ਹਨ ,ਪਰ ਪਿੰਡਾਂ ਦੇ ਲੋਕਾਂ ਦਾ ਪੱਤਰਕਾਰ ਕਿੰਨੀਆਂ ਤੰਗੀਆਂ ਤੁਰਸ਼ੀਆਂ ਵਿੱਚੋਂ ਗੁਜਰ ਰਿਹਾ ਹੁੰਦਾ ਹੈ ਵੱਲ ਧਿਆਨ ਹੀ ਨਹੀਂ ਜਾਂਦਾ। ਉਹਨਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਉਸ ਦੀ ਵਿਛੜੀ ਧੀ ਵੀਰਪਾਲ ਕੌਰ ਦਾ ਇਹ ਸੁਪਨਾ ਹੀ ਪੁਸਤਕ ਦੇ ਰੂਪ ਵਿੱਚ ਪੂਰਾ ਕੀਤਾ ਹੈ, ਜੋ ਉਸਨੇ ਜਿਉਂਦੇ ਜੀਅ ਆਪਣੇ ਪਿਤਾ ਲਈ ਸੰਜੋਇਆ ਸੀ।
ਉਹਨਾਂ ਕਿਹਾ ਕਿ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ, ਦੁਨਿਆਵੀ ਦੋਸਤ ਕਿਸੇ ਸਮੇਂ ਵੀ ਸਾਥ ਛੱਡ ਸਕਦਾ ਹੈ ਪਰ ਜੋ ਵਿਅਕਤੀ ਕਿਤਾਬ ਨਾਲ ਜੁੜ ਗਿਆ ਉਹ ਚੰਗੀ ਸੂਝਬੂਝ ਰੱਖ ਕੇ ਸਮਾਜ ਨੂੰ ਅੱਗੇ ਲਿਜਾ ਸਕਦਾ ਹੈ,। ਉਹਨਾਂ ਕਿਹਾ ਕਿ ਪਾਠਕਾਂ ਦਾ ਫਰਜ ਬਣਦਾ ਹੈ ਕਿ ਸਾਡੇ ਵਰਗੇ ਲੇਖਕਾਂ ਦੀਆਂ ਕਿਤਾਬਾਂ ਨੂੰ ਖਰੀਦ ਕੇ ਪੜਨ ਤਾਂ ਕਿ ਉਹਨਾਂ ਨੂੰ ਅੱਗੇ ਤੋਂ ਵੀ ਹੋਰ ਹੱਲਾਸ਼ੇਰੀ ਮਿਲ ਸਕੇ ਤੇ ਉਹ ਇਸ ਤੋਂ ਅੱਗੇ ਵੀ ਇਹ ਸਫਰ ਨਿਰੰਤਰ ਜਾਰੀ ਰੱਖ ਸਕਣ। ਇਸ ਮੌਕੇ ਫਿਲਮ ਡਾਇਰੈਕਟਰ ਰਾਜਬਿੰਦਰ ਸ਼ਮੀਰ ਨੇ ਗਰਨੈਬ ਸਾਜਨ ਦੀ ਪੱਤਰਕਾਰੀ ਅਤੇ ਲੇਖਣੀ ਵਿੱਚ ਕੀਤੀ ਘਾਲਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਲੇਖਕ ਬਹੁਤ ਘੱਟ ਮਿਲਣਗੇ ਜਿਨ੍ਹਾਂ ਆਪਣਾ ਸੁਖ ਆਰਾਮ ਤਿਆਗ ਕੇ ਸਮਾਜ ਦੀ ਸੱਚੇ ਦਿਲੋਂ ਸੇਵਾ ਕੀਤੀ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ, ਰਜਿੰਦਰ ਅਬਲੂ, ਮੈਡਮ ਰਣਜੀਤ ਕੌਰ ਬਠਿੰਡਾ, ਬਬਲੀ ਸੋਨੀ ਬਠਿੰਡਾ, ਗਾਇਕਾ ਕਿਰਨਾ ਸਾਬੋ, ਪੰਮਾ ਬੱਲੂਆਣਾ ,ਜਗਸੀਰ ਕੋਟਲੀ, ਬੱਬੂ ਬੱਲੂਆਣਾ, ਲਖਵੀਰ ਸਾਜਨ, ਰਾਜਵੀਰ ਸਾਜਨ, ਗਗਨ ਦਿਉਣ, ਮਿੰਟੂ ਦਿਉਣ, ਕਾਲਾ ਜੈਲਦਾਰ , ਬੱਬੂ ਮੈਂਬਰ ਦਿਉਣ ਵਿਸ਼ੇਸ਼ ਤੌਰ ਤੇ ਪਹੁੰਚੇ।