ਹੁਸ਼ਿਆਰਪੁਰ, 8 ਮਾਰਚ 2021 : ਜ਼ਿਲ੍ਹੇ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਕਿਹਾ ਕਿ ਸਮੇਂ-ਸਮੇਂ ਸਿਰ ਕੋਵਿਡ ਸਬੰਧੀ ਜਾਰੀ ਹੁੰਦੀਆਂ ਸਿਹਤ ਸਲਾਹਕਾਰੀਆਂ ਦੀ ਪਾਲਣਾ ਵਿੱਚ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕ ਹਿੱਤਾਂ ਵਿੱਚ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਫ਼ਸਰਾਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਡਾ. ਸ਼ੇਨਾ ਅਗਰਵਾਲ ਨੇ ਨਿਰਦੇਸ਼ ਦਿੱਤੇ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੈਂਪÇਲੰਗ ਅਤੇ ਕੋਰੋਨਾ ਪਾਜੀਟਿਵ ਆਉਣ ਵਾਲਿਆਂ ਦੇ ਸੰਪਰਕ ਤਲਾਸ਼ਣ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਘਰੇਲੂ ਇਕਾਂਤਵਾਸ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਇਸ ਵਾਇਰਸ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਉਨ੍ਹਾਂ ਨੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਆਪੋ-ਆਪਣੇ ਖੇਤਰਾਂ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੁਚੱਜੇ ਤਾਲਮੇਲ ਰਾਹੀਂ ਸਿਹਤ ਸਲਾਹਕਾਰੀਆਂ ਦੀ ਪਾਲਣਾ ਨੂੰ ਹਰ ਹੀਲੇ ਯਕੀਨੀ ਬਨਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੇ ਮਾੜੇ ਅਸਰ ਤੋਂ ਜਾਗਰੂਕ ਕਰਵਾ ਕੇ ਸਿਹਤ ਸਲਾਹਕਾਰੀਆਂ ਅਪਨਾਉਣ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਕੋਵਿਡ ਹਦਾਇਤਾਂ ਦੀ ਪਾਲਣਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਵਾਇਆ ਜਾਵੇ ਅਤੇ ਸਾਰੇ ਸਕੂਲਾਂ ਵਿੱਚ ਕੋਵਿਡ ਮੋਨੀਟਰ ਲਾਏ ਜਾਣ ਤਾਂ ਜੋ ਹਰ ਸਕੂਲ ਵਿੱਚ ਦਿਸ਼ਾ-ਨਿਰਦੇਸ਼ ਅਸਰਦਾਰ ਤਰੀਕੇ ਨਾਲ ਅਮਲ ਵਿੱਚ ਲਿਆਂਦੇ ਜਾ ਸਕਣ।
ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਸਰਕਾਰ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਜਾਂਦੇ ਨਿਰਦੇਸ਼ਾਂ ਦੀ ਪਾਲਣਾ ਵਿੱਚ ਕੋਈ ਲਾਪ੍ਰਵਾਹੀ ਨਾ ਵਰਤਦਿਆਂ ਇਸ ਵਾਇਰਸ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੁੜ ਵੱਧ ਰਹੇ ਕੇਸਾਂ ਦੇ ਸੰਦਰਭ ’ਚ ਸਾਰਿਆਂ ਲਈ ਮਾਸਕ ਪਹਿਨਣਾ, ਸਮੇਂ-ਸਮੇਂ ਸਿਰ ਹੱਥ ਧੋਣੇ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣਾ ਅਤਿ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚਲੀਆਂ ਨਾਜ਼ੁਕ ਥਾਵਾਂ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ’ਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਸਕ ਨਾ ਪਹਿਨਣ ਵਾਲਿਆਂ ਅਤੇ ਕੋਵਿਡ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਜ਼ਿਕਰਯੋਗ ਹੈ ਕਿ ਹਰਿਆਣਾ, ਕੰਡਿਆਲਾ, ਧੂਤਕਲਾਂ, ਨੌਸ਼ਹਿਰਾ, ਕਾਲਰਾ, ਅੱਤੋਵਾਲ, ਅਲਾਵਲਪੁਰ, ਅੱਭੋਵਾਲ, ਨੈਣਵਾਂ, ਟੱਪਾ, ਚੱਕ ਰੱਤਾ, ਰਾਮਪੁਰ, ਸਲੀਮਪੁਰ, ਬੁਢਾਸਰੋ, ਗੋਲੀਆਂ, ਗੋਇਵਲ,ਪੰਡੋਰੀ ਰਾਜਪੂਤਾਂ ਆਦਿ ਸੰਵੇਦਨਸ਼ੀਲ ਥਾਵਾਂ ਹਨ। ਗੜ੍ਹਸ਼ੰਕਰ ਦਾ ਵਾਰਡ ਨੰਬਰ 4 ਅਤੇ 11, ਧਮਾਈ, ਗੋਕਲ ਨਗਰ, ਬਾੜੀਆਂ ਕਲਾਂ, ਹਕੂਮਤਪੁਰ, ਚੱਕ ਰੋਤਾ, ਸਸੋਲੀ, ਬੋੜਾ ਗਾਂਵ, ਪਿੰਡ ਬਾਹੋਵਾਲ ਅਤੇ ਮਾਹਿਲਪੁਰ ਦਾ ਵਾਰਡ ਨੰਬਰ 4 ਅਤੇ 9, ਦਸ਼ਮੇਸ਼ ਨਗਰ ਹੁਸ਼ਿਆਰਪੁਰ, ਬਰਿਆਣ ਕਲਾਂ, ਮੁਹੱਲਾ ਜੋੜਿਆਂ ਗੜ੍ਹਸ਼ੰਕਰ ਆਦਿ ਮਾਈਕ੍ਰ ਕੰਟੇਨਮੈਂਟ ਜ਼ੋਨ ਹਨ।
ਡਿਪਟੀ ਕਮਿਸ਼ਨਰ ਨੇ ਕੋਵਿਡ ਵੈਕਸੀਨ ਦਾ ਲਿਆ ਜਾਇਜ਼ਾ :
ਡਾ. ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੂੰ ਲੱਗ ਰਹੀ ਕੋਵਿਡ ਵੈਕਸੀਨ ਦਾ ਵੀ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਕਿ ਅੱਜ ਤੱਕ ਜ਼ਿਲ੍ਹੇ ਵਿੱਚ 6884 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 2579 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸੇ ਤਰ੍ਹਾਂ 4433 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਅਤੇ 341 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਇਸੇ ਤਰ੍ਹਾਂ 3229 ਵਿਅਕਤੀ ਜੋ 60 ਸਾਲ ਉਮਰ ਵਰਗ ਤੋਂ ਉਪਰ ਜਾਂ 45 ਸਾਲ ਤੋਂ 59 ਸਾਲ ਤੱਕ ਦੇ ਹਨ ਨੂੰ ਕੋਵਿਡ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।
ਮੀਟਿੰਗ ਦੌਰਾਨ ਏ.ਡੀ.ਸੀ. (ਜ) ਅਮਿਤ ਕੁਮਾਰ ਪੰਚਾਲ, ਐਸ.ਪੀ. (ਐਚ) ਰਮਿੰਦਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਕੁਮਾਰ ਮਹਾਜਨ, ਐਸ.ਡੀ.ਐਮ. ਗੜ੍ਹਸ਼ੰਕਰ ਹਰਬੰਸ ਸਿੰਘ, ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਮੁਕੇਰੀਆਂ ਅਸ਼ੋਕ ਕੁਮਾਰ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਤੋਂ ਇਲਾਵਾ ਐਸ.ਐਮ.ਓਜ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।