ਅਕਾਲੀ ਦਲ ਬਸਪਾ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤ - ਚੀਮਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਜੂਨ 2021 ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਵਿਚਾਲੇ ਹੋਇਆ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤੀ ਵਾਲਾ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਕਿਸ ਹੱਦ ਤੱਕ ਕਮਜ਼ੋਰ ਹੋ ਚੁੱਕਿਆ ਹੈ ਇਹ ਇਕੱਲੇ ਆਪਣੇ ਦਮ ਤੇ ਚੋਣਾਂ ਨਹੀਂ ਲੜ ਸਕਦਾ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਅਤੇ ਕਿਸਾਨੀ ਦੇ ਮੁੱਦੇ ਤੇ ਪਹਿਲਾਂ ਹੀ ਹਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਹਮੇਸ਼ਾ ਇਕ ਕਮਜ਼ੋਰ ਵਿਅਕਤੀ ਹੀ ਕਿਸੇ ਦਾ ਸਹਾਰਾ ਲੈਂਦਾ ਹੈ।
ਅਕਾਲੀ ਦਲ ਨੇ ਬਸਪਾ ਦਾ ਸਹਾਰਾ ਲੈ ਕੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ। ਸ੍ਰੀ ਚੀਮਾ ਨੇ ਕਿਹਾ ਕਿ ਬਸਪਾ ਦਾ ਯੂ ਪੀ ਅੰਦਰ ਪਹਿਲਾਂ ਹੀ ਬਿਸਤਰਾ ਗੋਲ ਹੋ ਚੁੱਕਿਆ ਹੈ ਤੇ ਹੁਣ ਸਿਰਫ਼ ਡੇਢ ਫ਼ੀਸਦੀ ਵੋਟ ਬੈਂਕ ਦੇ ਸਹਾਰੇ ਉਹ ਪੰਜਾਬ ਵਿੱਚ ਅਕਾਲੀ ਦਲ ਦਾ ਬਿਸਤਰਾ ਵੀ ਗੋਲ ਕਰਵਾ ਕੇ ਸਾਹ ਲਵੇਗੀ।ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁਡ਼ਿਆ ਹੋਇਆ ਹੈ ਅਤੇ ਉਹ ਇਸ ਵਾਰ ਵੀ ਕਾਂਗਰਸ ਪਾਰਟੀ ਨਾਲ ਡਟ ਕੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਹੜੀ ਦਲਿਤ ਭਾਈਚਾਰੇ ਦੇ ਹਿੱਤਾਂ ਬਾਰੇ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਉਨ੍ਹਾਂ ਬਾਰੇ ਸੋਚਦੀ ਆ ਰਹੀ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਿਤ ਭਾਈਚਾਰੇ ਦੇ ਹਿੱਤਾਂ ਲਈ ਕੰਮ ਕੀਤਾ ਹੈ।
ਵਿਧਾਇਕ ਚੀਮਾ ਨੇ ਕਿਹਾ ਕੇ ਅਕਾਲੀ ਦਲ ਦੀ ਬੇੜੀ ਤਾਂ ਪਹਿਲਾਂ ਹੀ ਡੁੱਬਣ ਦੀ ਕਗਾਰ ਤੇ ਖੜੀ ਹੈ ਉਸੇ ਹੀ ਬੇੜੀ ਵਿੱਚ ਅਕਾਲੀ ਦਲ ਨੇ ਬਸਪਾ (ਹਾਥੀ) ਨੂੰ ਸਵਾਰ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਬੇੜੀ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੀ ਮਾਂ ਪਾਰਟੀ ਕਾਂਗਰਸ ਹੀ ਹੈ ਤੇ ਇਤਿਹਾਸ ਗਵਾਹ ਰਿਹਾ ਹੈ ਕਿ ਕਦੇ ਵੀ ਧਰਮ ਜਾਂ ਜਾਤੀ ਆਧਾਰਿਤ ਰਾਜਨੀਤੀ ਕਾਮਯਾਬ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਸਪਾ ਨੂੰ ਅਕਾਲੀ ਦਲ ਨੇ ਉਹ ਸੀਟਾਂ ਦਿੱਤੀਆਂ ਹਨ ਜਿੱਥੇ 15 ਸਾਲ ਤੋਂ ਕਦੇ ਵੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਨਹੀਂ ਕੀਤੀ ਅਤੇ ਮੈਂ ਫਿਰ ਇਹ ਗੱਲ ਪੂਰੇ ਵਿਸ਼ਵਾਸ ਤੇ ਦਾਅਵੇ ਨਾਲ ਕਹਿੰਦਾ ਹਾਂ ਕਿ ਜੋ 20! ਸੀਟਾਂ ਅਕਾਲੀ ਦਲ ਨੇ ਬਸਪਾ ਨੂੰ ਦਿੱਤੀਆਂ ਹਨ ਉਸ ਵਿੱਚ 18 ਸੀਟਾਂ ਤੇ ਕਾਂਗਰਸ ਪਾਰਟੀ ਹਰ ਹਾਲ ਵਿੱਚ ਜਿੱਤੇਗੀ। ਐਮਐਲਏ ਚੀਮਾ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਆਗੂ ਜੋ ਹੁਣ ਕਿਸਾਨਾਂ ਦੇ ਹੱਕਾਂ ਬਾਰੇ ਗੱਲਾਂ ਕਰਦੇ ਹਨ ਇਹ ਤਾਂ ਉਹ ਗੱਲ ਹੈ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।
ਕਿਸਾਨਾਂ ਨੂੰ ਗਾਲ੍ਹਾਂ ਕੱਢਣ ਵਾਲੇ ਆਗੂਆਂ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਵੇਖ ਕੇ ਕਿਸਾਨਾਂ ਦੀ ਯਾਦ ਆ ਗਈ ਏ। ਚੀਮਾ ਨੇ ਅਕਾਲੀ ਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਵੇਂ ਉਹ ਬਸਪਾ ਨਾਲ ਗੱਠਜੋੜ ਕਰੇ ਜਾਂ ਕਾਮਰੇਡਾਂ ਨਾਲ ਪ੍ਰੰਤੂ ਅਕਾਲੀ ਦਲ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਗਾਉਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਵਿਚ ਨਵਾਂ ਇਤਿਹਾਸ ਸਿਰਜੇਗੀ ਅਤੇ ਕੈਪਟਨ ਸਾਹਿਬ ਹੀ ਦੁਬਾਰਾ ਮੁੱਖ ਮੰਤਰੀ ਬਣਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੰਬੋਜ ਵੈੱਲਫੇਅਰ ਬੋਰਡ ਪੰਜਾਬ ਐਡਵੋਕੇਟ ਜਸਪਾਲ ਸਿੰਘ ਧੰਜੂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਪਰਵਿੰਦਰ ਪੱਪਾ, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਸਰਪੰਚ ਰਾਜੂ ਢਿੱਲੋਂ, ਤੇਜਿੰਦਰ ਸਿੰਘ ਐੱਮ ਡੀ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਰਵੀ ਪੀ ਏ, ਬਲਜਿੰਦਰ ਪੀ ਏ ਆਦਿ ਹਾਜ਼ਰ ਸਨ।