ਮੁਨੀਸ਼ਾ ਗੁਲਾਟੀ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪਹੁੰਚੀ, ਕਿਹਾ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦੀ ਦੌੜ ਗਲਤ, ਇਸ ਨੂੰ ਰੋਕਣ ਦੀ ਲੋੜ
ਕਮਲਜੀਤ ਸਿੰਘ ਸੰਧੂ
ਬਰਨਾਲਾ, 13 ਜੁਲਾਈ 2021 - ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੇ ਕਸਬਾ ਧਨੌਲਾ ਦੇ ਗੋਬਿੰਦਪੁਰਾ ਕੋਠੇ ਦੇ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਲਵਪ੍ਰੀਤ ਦੀ ਮੌਤ ਉਸ ਦੀ ਪਤਨੀ ਵੱਲੋਂ ਕੈਨੇਡਾ ਜਾ ਕੀਤੇ ਧੋਖੇ ਕਾਰਨ ਹੋਈ ਸੀ। ਜਿਸ ਨੂੰ ਲੈ ਕੇ ਅੱਜ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੀ। ਜਿਸਨੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਾ ਪੂਰਾ ਭਰੋਸਾ ਦਿੱਤਾ। ਇਸ ਦੌਰਾਨ ਹੀ ਮੈਡਮ ਮੁਨੀਸ਼ਾ ਗੁਲਾਟੀ ਨੂੰ ਮਿਲਣ ਲਈ, ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਅਤੇ ਲੋਕ ਪਹੁੰਚੇ।
ਇਸ ਮੌਕੇ ਮੈਡਮ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਪੰਜਾਬ ਵਿਚ ਕੰਟ੍ਰੈਕਟ ਵਿਆਹ ਕਰਕੇ ਵਿਦੇਸ਼ ਜਾਣ ਦਾ ਗਲਤ ਰੁਝਾਨ ਪੈਦਾ ਹੋ ਗਿਆ ਹੈ। ਲਵਪ੍ਰੀਤ ਦਾ ਮਾਮਲਾ ਵੀ ਇਹੀ ਹੈ ਅਤੇ ਉਸਨੇ ਖੁਦਕੁਸ਼ੀ ਕਰ ਲਈ। ਇਸ ਸਬੰਧ ਵਿਚ ਅੱਜ ਪਰਿਵਾਰ ਨੂੰ ਮਿਲ ਕੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਕਿਹਾ ਕਿ ਜਿਹੜਾ ਵੀ ਦੋਸ਼ੀ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਬੇਅੰਤ ਦੀ ਪਤਨੀ ਬੇਅੰਤ ਅਤੇ ਸਬੰਧਤ ਬੇਅੰਤ ਦੇ ਪਰਿਵਾਰ ਨਾਲ ਵੀ ਵਿਚਾਰ ਵਟਾਂਦਰੇ ਕੀਤੇ ਗਏ ਹਨ। ਪਰ ਬੇਅੰਤ ਲਵਪ੍ਰੀਤ ਦੀ ਮੌਤ ਨੂੰ ਖ਼ੁਦਕੁਸ਼ੀ ਨਹੀਂ ਮੰਨਦੀ। ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨਗੇ। ਜੇ ਲਵਪ੍ਰੀਤ ਦੀ ਪਤਨੀ ਦੋਸ਼ੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਵੀ ਭਾਰਤ ਆਉਣਾ ਪਏਗਾ।
ਇਸ ਦੌਰਾਨ ਚੇਅਰਪਰਸਨ ਗੁਲਾਟੀ ਨੇ ਉਨ੍ਹਾਂ ਨੌਜਵਾਨਾਂ ਨੂੰ ਵੀ ਇਨਸਾਫ ਦਾ ਭਰੋਸਾ ਦਿੱਤਾ ਜੋ ਧੋਖਾਧੜੀ ਦਾ ਸ਼ਿਕਾਰ ਹੋਏ ਸਨ। ਸਾਰੇ ਪੀੜਤ ਲੋਕਾਂ ਦੀਆਂ ਦਰਖਾਸਤਾਂ ਲੈਂਦਿਆਂ ਮੈਡਮ ਗੁਲਾਟੀ ਨੇ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦੀ ਜੋ ਦੌੜ ਬਣਾ ਗਈ ਹੈ ਉਹ ਗਲਤ ਹੈ। ਜਿਸ ਨੂੰ ਰੋਕਣ ਦੀ ਲੋੜ ਹੈ।
https://www.facebook.com/BabushahiDotCom/videos/2294596990673506