ਕਿਸਾਨਾਂ ਦੇ ਹੌਸਲੇ ਬੁਲੰਦ ਮੁਜ਼ੱਫਰਨਗਰ ਇਕੱਠ ਵੇਖ , ਬੋਲੇ, ਦੋ ਸੂਬਿਆਂ ਦਾ ਅੰਦੋਲਨ ਕਹਿਣ ਵਾਲਿਆਂ ਦੇ ਮੂੰਹ ਬੰਦ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ,05 ਸਤੰਬਰ 2021 - 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 340ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ 'ਚ ਮੁਜ਼ੱਫਰਨਗਰ (ਯੂਪੀ) ਦੀ ਕਿਸਾਨ ਮਹਾਂ-ਪੰਚਾਇਤ ਲਈ ਜੁੜ੍ਹੇ ਲਾਮਿਸਾਲ ਇਕੱਠ ਦੀ ਚਰਚਾ ਹੁੰਦੀ ਰਹੀ।
ਬੁਲਾਰਿਆਂ ਨੇ ਕਿਹਾ ਕਿ 300 ਤੋਂ ਵੱਧ ਕਿਸਾਨ ਜਥੇਬੰਦੀਆਂ ਤੇ 17 ਸੂਬਿਆਂ 'ਚੋਂ ਆਏ ਵੱਡੇ ਕਿਸਾਨ ਕਾਫਲਿਆਂ ਨੇ ਕਿਸਾਨ ਅੰਦੋਲਨ ਦੇ ਦੇਸ਼-ਵਿਆਪੀ ਖਾਸੇ 'ਤੇ ਇੱਕ ਵਾਰ ਫਿਰ ਪੱਕੀ ਮੋਹਰ ਲਾ ਦਿੱਤੀ ਹੈ। ਹੁਣ ਅੰਦੋਲਨ ਦੇ ਵਿਰੋਧੀਆਂ ਦਾ ਮੂੰਹ ਪੱਕੇ ਤੌਰ 'ਤੇ ਬੰਦ ਹੋ ਜਾਣਾ ਚਾਹੀਦਾ ਹੈ ਜੋ ਕੂੜ-ਪ੍ਰਚਾਰ ਕਰਦੇ ਰਹਿੰਦੇ ਸਨ ਕਿ ਇਹ ਦੋ ਸੂਬਿਆਂ ਤੇ ਚੰਦ ਕਿਸਾਨਾਂ ਤੱਕ ਸੀਮਤ ਅੰਦੋਲਨ ਹੈ।
ਸ਼ਾਂਤਮਈ ਤੇ ਅਨੁਸ਼ਾਸਿਤ ਰਹਿ ਕੇ ਅੰਦੋਲਨਕਾਰੀਆਂ ਨੇ ਅੰਦੋਲਨ ਨੂੰ ਇਸ ਦੇ ਇੱਛੁਤ ਅੰਜ਼ਾਮ ਤੱਕ ਪਹੁੰਚਾਉਣ ਦਾ ਇਰਾਦਾ ਸਪੱਸ਼ਟ ਕਰ ਦਿੱਤਾ ਹੈ। ਇਸ ਲਾਮਿਸਾਲ ਲਾਮਬੰਦੀ ਨੇ ਕਿਸਾਨਾਂ ਦੇ ਹੌਂਸਲੇ 7ਵੇਂ ਅਸਮਾਨ 'ਤੇ ਪਹੁੰਚਾ ਦਿੱਤੇ ਹਨ ਤੇ ਉਹ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਬਗੈਰ ਘਰ ਨਹੀਂ ਪਰਤਣਗੇ।
ਅੱਜ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਦੇ ਅਨਿੰਨ ਭਗਤ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ) ਜੀ ਦਾ ਜਨਮ ਦਿਵਸ ਹੈ। ਦਿੱਲੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਦੀ ਜੀ ਕੁਰਬਾਨੀ ਤੋਂ ਬਾਅਦ ਭਾਈ ਜੈਤਾ ਜੀ ਉਨ੍ਹਾਂ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ। ਅੱਜ ਧਰਨੇ 'ਚ ਉਨ੍ਹਾਂ ਦੀ ਕੁਰਬਾਨੀ ਨੂੰ ਸ਼ਰਧਾਪੂਰਬਕ ਯਾਦ ਕਰਦਿਆਂ ਸਿਜਦਾ ਕੀਤਾ ਗਿਆ ।
ਅੱਜ ਅਧਿਆਪਕ ਦਿਵਸ ਮੌਕੇ ਉਨ੍ਹਾਂ ਦੀ ਸਮਾਜ ਵਿੱਚ ਅਹਿਮ ਭੂਮਿਕਾ ਬਾਰੇ ਚਰਚਾ ਕੀਤੀ ਗਈ। ਅਧਿਆਪਕ ਦਾ ਕਿਸਾਨਾਂ ਨਾਲ ਬਹੁਤ ਨਜਦੀਕੀ ਰਿਸ਼ਤਾ ਹੈ। ਕਿਸਾਨਾਂ ਦੀ ਤਰ੍ਹਾਂ ਹੀ ਅਧਿਆਪਕਾਂ ਨੂੰ ਹੀ ਸਮਾਜ ਦੀਆਂ ਬੁਰਾਈਆਂ ਨਾਲ ਅਤੇ ਸਰਕਾਰਾਂ ਨਾਲ ਲੜ੍ਹਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਨ ਦੀ ਬਜਾਏ ਨਿੱਤ ਦਿਨ ਉਨ੍ਹਾਂ 'ਤੇ ਡਾਂਗਾਂ ਦੀ ਵਾਰਿਸ਼ ਕਰ ਰਹੀ ਹੈ। ਅਸੀਂ ਅਧਿਆਪਕਾਂ ਦੇ ਘੋਲ ਦੀ ਹਮਾਇਤ ਕਰਦੇ ਹਾਂ ਤੇ ਇਸ ਦਿਵਸ ਮੌਕੇ ਸਮਾਜ ਸਿਰਜਕ ਅਧਿਆਪਕਾਂ ਨੂੰ ਸਲਾਮ ਕਰਦੇ ਹਾਂ।
ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਮੋਗਾ ਵਿਖੇ ਇੱਕ ਪਾਸੇ ਤਾਂ ਕਿਸਾਨਾਂ 'ਤੇ ਵਹਿਸ਼ੀ ਲਾਠੀਚਾਰਜ ਕੀਤਾ ਗਿਆ ਤੇ ਉਲਟਾ ਉਨ੍ਹਾਂ ਪੀੜਤ ਕਿਸਾਨਾਂ ਵਿਰੁੱਧ ਹੀ ਪੁਲਿਸ ਕੇਸ ਵੀ ਦਰਜ ਕੀਤੇ ਗਏ ਹਨ। ਕਿਸਾਨਾਂ ਦੀ ਸਮਰਥਕ ਹੋਣ ਦੀਆਂ ਟਾਹਰਾਂ ਮਾਰਨ ਵਾਲੀ ਪੰਜਾਬ ਸਰਕਾਰ ਨੇ ਕੇਸ ਦਰਜ ਕਰਕੇ ਆਪਣਾ ਕਿਸਾਨ-ਦੋਖੀ ਚਿਹਰਾ ਨੰਗਾ ਕਰ ਦਿੱਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਇਹ ਕੇਸ ਤੁਰੰਤ ਰੱਦ ਕਰਨ ਲਈ 8 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਵਰਨਾ ਸੰਘਰਸ਼ ਤਿੱਖਾ ਕੀਤਾ ਜਾਵੇਗਾ
ਤੇ ਸਰਕਾਰੀ ਮੰਤਰੀਆਂ ਤੇ ਦਫਤਰਾਂ ਦੇ ਘਿਰਾਉ ਕੀਤੇ ਜਾਣਗੇ।