ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ ਦਾ ਦਿੱਤਾ ਸੱਦਾ
ਨਵੀਂ ਦਿੱਲੀ, 5 ਸਤੰਬਰ 2021 - ਕਿਸਾਨ ਮਜ਼ਦੂਰ ਮਹਾਂਪੰਚਾਇਤ ਨੇ ਸੋਮਵਾਰ 27 ਸਤੰਬਰ ਨੂੰ ਭਾਰਤ-ਬੰਦ ਨੂੰ ਪੂਰੇ ਦੇਸ਼ ਵਿੱਚ ਵੱਡੀ ਸਫਲਤਾ ਦੇਣ ਦਾ ਸੱਦਾ ਦਿੱਤਾ ਹੈ। ਕੁੱਝ ਹਾਲਾਤਾਂ ਕਾਰਨ ਭਾਰਤ ਬੰਦ ਦੀ ਪਹਿਲਾਂ ਦੀ ਤਾਰੀਖ ਬਦਲ ਦਿੱਤੀ ਗਈ ਹੈ।
ਦੇਸ਼ ਭਰ ਦੇ 10 ਲੱਖ ਤੋਂ ਵੱਧ ਕਿਸਾਨਾਂ ਦੀ ਇਤਿਹਾਸਕ ਕਿਸਾਨ ਮਜ਼ਦੂਰ ਮਹਾਪੰਚਾਇਤ ਅੱਜ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਐਸਕੇਐਮ ਦੁਆਰਾ ਆਯੋਜਿਤ ਕੀਤੀ ਗਈ ਸੀ। ਕੱਲ੍ਹ ਸ਼ਾਮ ਤੋਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਆਉਣੇ ਸ਼ੁਰੂ ਹੋ ਗਏ। ਵਿਸ਼ਾਲ ਜੀਆਈਸੀ ਮੈਦਾਨ ਅੱਜ ਸਵੇਰ ਤੋਂ ਹੀ ਲੱਖਾਂ ਉਤਸ਼ਾਹ ਅਤੇ ਦ੍ਰਿੜ ਇਰਾਦੇ ਵਾਲੇ ਕਿਸਾਨਾਂ ਨਾਲ ਭਰਨਾ ਸ਼ੁਰੂ ਹੋ ਗਿਆ ਸੀ। ਰੈਲੀ ਦੇ ਮੈਦਾਨ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਹਜ਼ਾਰਾਂ ਕਿਸਾਨਾਂ ਦੇ ਕਾਫ਼ਲਿਆਂ ਨਾਲ ਭਰੀਆਂ ਹੋਈਆਂ ਸਨ।
ਸੰਯੁਕਤ ਕਿਸਾਨ ਮੋਰਚੇ ਨੇ ਉਨ੍ਹਾਂ ਲੱਖਾਂ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਭਾਜਪਾ ਦੀ ਯੋਗੀ ਸਰਕਾਰ ਦੁਆਰਾ ਰੱਖੀਆਂ ਸਾਰੀਆਂ ਰੁਕਾਵਟਾਂ ਦਾ ਸਾਮ੍ਹਣਾ ਕੀਤਾ, ਅਤੇ ਉਨ੍ਹਾਂ ਨੂੰ ਜਿੱਤ ਦੀ ਪ੍ਰਾਪਤੀ ਤੱਕ ਕਿਸਾਨ ਅੰਦੋਲਨ ਦੀ ਮਸ਼ਾਲ ਨੂੰ ਭਾਰਤ ਦੇ ਹਰ ਕੋਨੇ ਤੱਕ ਲੈ ਜਾਣ ਦਾ ਸੱਦਾ ਦਿੱਤਾ।