ਮੁਲਾਜ਼ਮਾਂ ਵੱਲੋਂ ਸਰਕਾਰੀ ਤੰਤਰ ਜਾਮ, ਦੂਜੇ ਦਿਨ ਵੀ ਹੜਤਾਲ ਜਾਰੀ, ਸਰਕਾਰ ਨੂੰ ਜਗਾਉਣ ਲਈ ਜਾਗੋ ਕੱਢੀ, ਵੀਡੀਓ ਵੀ ਦੇਖੋ
ਚੰਡੀਗੜ੍ਹ, 28 ਅਕਤੂਬਰ 2021- ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਅਤੇ ਡਾਇਰੈਕਟੋਰੇਟਾਂ ਦੀਆਂ ਸਮੂਹ ਐਸੋਸੀਏਸ਼ਨਾਂ ਨੇ ਅਧੂਰੇ ਪੇ-ਕਮਿਸ਼ਨ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਪੂਰੀਆਂ ਨਾਂ ਕਰਨ ਕਰਕੇ ਮਿਤੀ 27.010.2021 ਤੋਂ ਪੂਰਨ ਹੜਤਾਲ ਤੇ ਹਨ। ਇਸ ਹੜਤਾਲ ਨਾਲ ਸਰਕਾਰ ਦਾ ਪੂਰਨ ਕੰਮ-ਕਾਜ਼ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਾਜ਼ਮ ਵਰਗ ਬਹੁਤ ਦੁਖੀ ਹੋਣ ਤੋਂ ਬਾਅਦ ਹੀ ਹੜਤਾਲ ਵਰਗਾ ਫੈਸਲਾ ਲੈਂਦਾ ਹੈ।
ਮੁਲਾਜਮ ਕਦੇ ਵੀ ਆਮ ਜਨਤਾ ਨੂੰ ਤੰਗ ਕਰਕੇ ਖੁਸ਼ ਨਹੀਂ ਹੁੰਦੇ ਕਿਉਂ ਜੋ ਉਨ੍ਹਾਂ ਦੇ ਆਪਣੇ ਪਰਿਵਾਰਾ ਦੇ ਕੰਮ ਕਾਜ ਵੀ ਪ੍ਰਭਾਵਿਤ ਹੁੰਦੇ ਹਨ। ਗੌਰਤਲਬ ਹੈ ਕਿ ਇਸ ਸਮੇਂ ਚੰਨੀ ਸਰਕਾਰ ਚੋਣਾਂ ਦੇ ਮੱਦੇਨਜ਼ਰ ਲੋਕ ਲੁਭਾਵਣੇ ਵਾਅਦੇ ਕਰ ਰਹੀ ਹੈ ਜਿਸ ਦਾ ਮੀਡੀਆ ਰਾਹੀਂ ਅਤੇ ਬੋਰਡਾਂ/ਫਲੈਕਸਾਂ ਰਾਹੀਂ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਅਸਲੀਅਤ ਕੁਝ ਹੋਰ ਹੀ ਹੈ। ਜਿਨ੍ਹਾਂ ਮੰਗਾਂ ਸਬੰਧੀ ਸਰਕਾਰ ਨੇ ਫੈਸਲੇ ਕੀਤੇ ਵੀ ਹਨ ਉਨ੍ਹਾਂ ਸਬੰਧੀ ਵੀ ਪੱਤਰ ਅਜੇ ਤੱਕ ਜਾਰੀ ਕੀਤੇ ਗਏ ਹਨ ਜਿਸ ਤੋਂ ਸਰਕਾਰ ਦੀ ਕਾਰਗੁਜਾਰੀ ਸ਼ੱਕੀ ਜਾਪਦੀ ਹੈ। ਜੇਕਰ ਸਕੱਤਰੇਤ ਅਤੇ ਡਾਇਰੈਕਟੋਰੇਟਾਂ ਦੇ ਮੁਲਾਜ਼ਮ ਹੀ ਹੜਤਾਲ ਤੇ ਚਲੇ ਜਾਂਦੇ ਹਨ ਤਾਂ ਕਾਂਗਰਸ ਦੇ ਵਾਅਦਿਆਂ ਦੀ ਪੂਰਤੀ ਨਾ ਹੋਣ ਕਾਰਨ ਕਾਂਗਰਸ ਦੀ ਸਥਿਤੀ ਕਮਜ਼ੋਰ ਹੋ ਸਕਦੀ ਹੈ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/871027383773785
ਮੁਲਾਜ਼ਮ ਆਗੂਆਂ ਨੇ ਪ੍ਰੈੱਸ ਦੇ ਮੁਖਾਤਿਬ ਹੁੰਦਿਆ ਦੱਸਿਆ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਦੇ ਪਹਿਲੇ ਦਿਨ ਹੀ ਜੁਆਂਇੰਟ ਐਕਸ਼ਨ ਕਮੇਟੀ ਨੂੰ ਮੰਗਾਂ ਸਬੰਧੀ ਗੱਲਬਾਤ ਦਾ ਦੇਣ ਦੀ ਗੱਲ ਕੀਤੀ ਸੀ ਤਾਂ ਜੋ ਮੁਲਾਜ਼ਮਾਂ ਵਿੱਚ ਇਹ ਸੰਦੇਸ਼ ਜਾਵੇ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਗੰਭੀਰ ਹੈ। ਮੁੱਖ ਮੰਤਰੀ ਜੀ ਨੇ ਇਹ ਵੀ ਕਿਹਾ ਸੀ ਕਿ ਹੜਤਾਲ ਵੱਲ ਨਾ ਜਾਇਆ ਜਾਵੇ। ਪੰਜਾਬ ਦੇ ਮੁਲਾਜ਼ਮ ਨੂੰ ਹਮੇਸ਼ਾ ਹੀ ਦਿਵਾਲੀ ਤੋਂ ਪਹਿਲਾਂ ਸਰਕਾਰ ਤੋਂ ਕੁੱਝ ਮਿਲਣ ਦੀ ਆਸ ਹੁੰਦੀ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਦਿਵਾਲੀ ਦੇ ਖੁਸ਼ੀਆਂ ਭਰੇ ਮੌਕੇ ਤੇ ਮੁਲਾਜ਼ਮਾਂ ਨੂੰ ਕੁੱਝ ਦੇਣ ਦਾ ਨਾ ਤਾਂ ਐਲਾਨ ਹੋਇਆ ਹੈ ਅਤੇ ਨਾ ਹੀ ਇਸ ਬਾਰੇ ਸਰਕਾਰ ਵੱਲੋਂ ਕੁੱਝ ਸੋਚਿਆ ਵਿਚਾਰਿਆ ਜਾ ਰਿਹਾ ਹੈ ਜਿਸ ਕਰਕੇ ਸਾਂਝਾ ਮੁਲਾਜ਼ਮ ਮੰਚ ਅਤੇ ਇਸ ਦੀਆਂ ਚੰਡੀਗੜ ਅਤੇ ਮੋਹਾਲੀ ਦੇ ਦਫਤਰਾਂ ਦੀਆਂ ਭਾਈਵਾਲ ਜਥੇਬੰਦੀਆਂ ਨੇ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਦੂਜੇ ਦਿਨ ਵੀ ਹੜਤਾਲ ਕੀਤੀ ਗਈ ਜਿਸ ਕਰਕੇ ਸਮੂਚਾ ਸਰਕਾਰੀ ਤੰਤਰ ਠੱਪ ਰਿਹਾ।
ਇਸੇ ਲੜੀ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਰਕਾਰ ਨੂੰ ਜਗਾਉਣ ਲਈ ਢੋਲ ਵਜਾਕੇ ਜਾਗੋ ਕੱਢੀ ਗਈ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਹਾਂ ਪੱਖੀ ਫੈਸਲਾ ਨਾ ਲਿਆ ਤਾਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਦੀਆਂ ਤਮਾਮ ਜਥੇਬੰਦੀਆਂ ਪੰਜਾਬ ਭਰ ਵਿਚ ਹੜਤਾਲ ਨੂੰ ਹੋਰ ਲੰਮਾਂ ਲੈ ਜਾਣ ਦਾ ਫੈਸਲਾ ਲੈ ਸਕਦੀਆਂ ਹਨ। ਅੱਜ ਸਕੱਤਰੇਤ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਮੂਹ ਡਾਇਰੈਕਟਰੇਟਾਂ ਵੱਲੋਂ ਸੈਕਟਰ 17, ਚੰਡੀਗੜ੍ਹ ਵਿਖੇ ਵੀ ਇੱਕ ਵਿਸ਼ਾਲ ਰੈਲੀ ਕੀਤੀ।
ਹੜਤਾਲ ਨੂੰ ਕਾਮਯਾਬ ਕਰਨ ਲਈ ਚੰਡੀਗ੍ਹੜ ਅਤੇ ਮੋਹਾਲੀ ਦੇ ਦਫਤਰਾਂ ਦੀ ਸਮੂਹ ਲੀਡਰਸ਼ਿਪ ਨੇ ਸਕੱਤਰੇਤ ਸਮੇਤ ਅਲੱਗ-ਅਲੱਗ ਦਫਤਰਾਂ ਵਿਚ ਕੰਪੈਨ/ਰੈਲੀਆਂ ਕਰ ਕੇ ਮੁਲਾਜ਼ਮਾਂ ਨੂੰ ਹੜਤਾਲ ਨੂੰ ਕਾਮਯਾਬ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ। ਪੰਜਾਬ ਸਿਵਲ ਸਕੱਤਰੇਤ ਅਤੇ ਵਿੱਤੀ ਕਮਿਸ਼ਨਰ ਸਕੱਤਰੇਤ ਤੋਂ ਬਲਰਾਜ ਸਿੰਘ ਦਾਊਂ, ਕੇਸਰ ਸਿੰਘ, ਕੁਲਵੰਤ ਸਿੰਘ, ਮਿਥੁਨ ਚਾਵਲਾ, ਸੁਖਜੀਤ ਕੌਰ, ਸਾਹਿਲ, ਸ਼ੁਸੀਲ ਕੁਮਾਰ, ਗੁਰਵੀਰ ਸਿੰਘ, ਮਨਦੀਪ ਸਿੰਘ, ਸੰਦੀਪ, ਅਲਕਾ ਚੋਪੜਾ ਅਤੇ ਸੌਰਭ, ਚੰਡੀਗੜ ਦੇ ਡਾਇਰੈਕਟੋਰੇਟਾਂ ਤੋਂ ਰੰਜੀਵ ਸ਼ਰਮਾਂ, ਜਸਮਿੰਦਰ ਸਿੰਘ, ਸੁਖਚੈਨ ਸਿੰਘ, ਕੰਵਲਜੀਤ ਕੌਰ, ਸੰਦੀਪ ਬਰਾੜ, ਰਾਮ ਸਿੰਘ, ਮਨਮੋਹਨ ਸਿੰਘ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ ਆਦਿ ਨੇ ਇਸ ਮੌਕੇ ਹਿਸਾ ਲਿਆ।