ਡੀ ਐਸ ਜੀ ਐਮ ਸੀ ਦੇ ਲਾਕਰ ਰੂਮ 'ਚੋਂ 50 ਲੱਖ ਰੁਪਏ ਘੱਟ ਮਿਲਣ ਦਾ ਦੋਸ਼- ਕਮੇਟੀ ਮੈਂਬਰਾਂ ਵੱਲੋਂ ਹੰਗਾਮਾ
ਨਵੀਂ ਦਿੱਲੀ, 13 ਨਵੰਬਰ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਕਰ ਰੂਮ 'ਚੋਂ 50 ਲੱਖ ਰੁਪਏ ਘੱਟ ਮਿਲਣ ਦੇ ਦੋਸ਼ ਲਏ ਜਿਸ ਤੇ ਕਮੇਟੀ ਮੈਂਬਰਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਉਦੋਂ ਤੋਂ ਹੀ ਦਿੱਲੀ ਕਮੇਟੀ ਦਫ਼ਤਰ ਹੰਗਾਮਾ ਜਾਰੀ ਹੈ।
ਅਸਲ 'ਚ ਇਸ ਗੱਲ ਦਾ ਪਤਾ ਲੱਗਣ 'ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ ਦੇ ਮੈਂਬਰ ਕਮੇਟੀ ਦਫ਼ਤਰ ਪੁੱਜੇ ਅਤੇ ਸਾਰਾ ਹਿਸਾਬ ਮੰਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੈਂਬਰਾਂ ਨੇ ਕਿਹਾ ਕਿ ਕਮੇਟੀ ਦੇ ਰਜਿਸਟਰ ਵਿੱਚ ਐਂਟਰੀ ਹੈ ਪਰ ਲਾਕਰ ਰੂਮ ਵਿੱਚ ਕੋਈ ਕੈਸ਼ ਨਹੀਂ ਹੈ ਅਤੇ ਅੱਗੇ ਉਨ੍ਹਾਂ ਕਿਹਾ ਕਿ ਕਮੇਟੀ ਅਤੇ ਹੋਰ ਮੈਂਬਰ ਕੋਈ ਠੋਸ ਸਬੂਤ ਨਹੀਂ ਦਿਖਾ ਸਕੇ।
ਦਿੱਲੀ ਕਮੇਟੀ ਦੇ ਦਫਤਰ 'ਚ ਤੋਂ ਬਾਅਦ ਦਿੱਲੀ ਕਮੇਟੀ ਦਫਤਰ 'ਚ ਪੁਲਿਸ ਵੀ ਤਾਇਨਾਤ ਕੀਤੀ ਗਈ । ਮਿਲੀ ਜਾਣਕਾਰੀ ਅਨੁਸਾਰ ਦਿੱਲੀ ਕਮੇਟੀ 'ਚ ਮੈਂਬਰਾਂ ਦੀ ਆਪਸ 'ਚ ਹੱਥੋ-ਪਾਈ ਵੀ ਹੋਈ ਹੈ, ਇਕ ਦੂਜੇ ਨੂੰ ਗਾਲੀ-ਗਲੋਚ ਵੀ ਕੀਤਾ ਗਿਆ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਮੈਂਬਰ ਸੁਖਵਿੰਦਰ ਸਿੰਘ ਬਾਬਰ ਨੇ ਕਿਹਾ ਕਿ ਕਮੇਟੀ ਕੋਲ ਪੂਰਾ ਕੈਸ਼ ਹੈ, ਪਰ ਦੂਜੀ ਧਿਰ ਦੇ ਮੈਂਬਰ ਕਮੇਟੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਕਮੇਟੀ ਦੀਆਂ ਔਰਤਾਂ ਸਾਹਮਣੇ ਗਾਲੀ ਗਲੋਚ ਕੀਤਾ ਗਿਆ ਹੈ ਜੋ ਕਿ ਠੀਕ ਨਹੀਂ ਹੈ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਵਿਰੋਧੀ ਮੈਂਬਰਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ।
ਇੱਕ ਬਿਆਨ ਵਿੱਚ ਦੋਹਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੋਸ਼ੇ ਖਾਨੇ ਦੀ ਤਲਾਸ਼ੀ ਲੈਣ ਆਏ ਸਰਨਾ ਭਰਾਵਾਂ ਨੂੰ ਜਦੋਂ ਕਮੇਟੀ ਦੇ ਸਟਾਫ ਤੇ ਮੈਂਬਰਾਂ ਨੇ ਕਿਹਾ ਕਿ ਆਓ ਨਗਦੀ ਗਿਣ ਲਵੋ ਤਾਂ ਉਹ ਢਿੱਡ ਵਿਚ ਦਰਦ ਹੋਣ ਦਾ ਬਹਾਨਾ ਲਗਾ ਕੇ ਫਰਾਰ ਹੋ ਗਏ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਤੇ ਉਹਨਾਂ ਦੇ ਸਾਥੀ ਜੀ ਕੇ ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਉਹ ਸੰਗਤ ਦੇ ਕਟਹਿਰੇ ਵਿਚ ਖੜ੍ਹੇ ਹੋ ਜਾਣਗੇ ਤਾਂ ਉਹਨਾਂ ਹਮੇਸ਼ਾ ਵਾਂਗ ਮੌਕੇ ਤੋਂ ਭੱਜ ਜਾਣਾ ਬੇਹਤਰ ਸਮਝਿਆ।
ਸਰਦਾਰ ਸਿਰਸਾ ਨੇ ਕਿਹਾ ਕਿ ਪਹਿਲਾਂ ਵੀ ਇਹਨਾਂ ਲੋਕਾਂ ਨੇ ਅਜਿਹੀ ਕੋਝੀ ਹਰਕਤ ਕੀਤੀ ਸੀ ਤਾਂ ਅਸੀਂ ਇਹਨਾਂ ਨੂੁੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਕੋਈ ਵੀ ਆ ਕੇ ਕਮੇਟੀ ਦਾ ਰਿਕਾਰਡ ਤੇ ਤੋਸ਼ਾ ਖਾਨਾ ਵੇਖ ਸਕਦਾ ਹੈ ਪਰ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿਚ ਟੀਮ ਇਹਨਾਂ ਨੁੰ ਉਡੀਕਦੀ ਰਹੀ ਤੇ ਇਹ ਨਹੀਂ ਆਏ ਪਰ ਅੱਜ ਫਿਰ ਤੋਂ ਉਹੀ ਕੋਝੀ ਹਰਕਤ ਕੀਤੀ ਹੈ।
ਸਿਰਸਾ ਤੇ ਕਾਲਕਾ ਨੇ ਕਿਹਾ ਕਿ ਜਲਦੀ ਹੀ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਟੀਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰੇਗੀ ਅਤੇ ਉਹਨਾਂ ਨੁੰ ਕਹੇਗੀ ਕਿ ਇਸ ਪੰਥ ਦੇ ਦੋਖੀ ਹਰਵਿੰਦਰ ਸਿੰਘ ਸਰਨਾ ਤੇ ਉਸਦੇ ਭਰਾ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਇਹਨਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ ਕਿਉਂਕਿ ਇਹਨਾਂ ਵੱਲੋਂ ਲਗਾਤਾਰ ਗੁਰੂ ਘਰਾਂ 'ਤੇ ਸਰਕਾਰ ਦੇ ਕਬਜ਼ੇ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਹਮੇਸ਼ਾ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਜਾ ਰਿਹਾ ਹੈ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/614870266212889