ਗੁਰਕੀਰਤ ਕੋਟਲੀ ਵੱਲੋਂ ਦਾਣਾ ਮੰਡੀ ਖੰਨਾ ਵਿਖੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਮੌਕੇ 'ਤੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ, ਵੀਡੀਓ ਵੀ ਦੇਖੋ
ਰਵਿੰਦਰ ਢਿੱਲੋਂ
ਖੰਨਾ, 13 ਨਵੰਬਰ 2021 - ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਮੌਕੇ ਤੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ। ਇਸਦੇ ਨਾਲ ਹੀ ਕੋਟਲੀ ਨੇ ਪੰਜਾਬ ਸਰਕਾਰ ਵੱਲੋਂ ਦਿੱਲੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਮਹਿੰਗਾ ਰੇਤ ਵੇਚਣ ਵਾਲਿਆਂ ਦੀ ਸੂਚਨਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੈਅ ਰੇਟ ਤੋਂ ਵੱਧ ਰੇਤ ਵੇਚਣ ਵਾਲੇ ਬਖ਼ਸ਼ੇ ਨਹੀਂ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ ਲੋਕਾਂ ਨੂੰ 5 ਰੁਪਏ 50 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤ ਵੇਚਣ ਦੇ ਫ਼ੈਸਲੇ ਦੇ ਬਾਵਜੂਦ ਰੇਤ ਮਾਫ਼ੀਆ ਵੱਲੋਂ ਮਹਿੰਗੇ ਭਾਅ ਰੇਤ ਵੇਚਣ ਖ਼ਿਲਾਫ਼ ਸਰਕਾਰ ਨੇ ਸਖ਼ਤ ਚੇਤਾਵਨੀ ਦਿੱਤੀ ਹੈ। ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਮਹਿੰਗੇ ਰੇਟ ਉੱਪਰ ਰੇਤਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੱਲ ਆਖਦੇ ਹੋਏ ਕਿਹਾ ਕਿ ਜੇਕਰ ਕਿਤੇ ਵੀ ਅਜਿਹਾ ਹੋ ਰਿਹਾ ਹੈ ਤਾਂ ਸਰਕਾਰ ਦੇ ਧਿਆਨ ’ਚ ਲਿਆਂਦਾ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਦਿੱਲੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦੇ ਫ਼ੈਸਲੇ ’ਤੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਸਰਕਾਰ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸੂਬੇ ਅੰਦਰ ਲੋਕ ਰਾਜ ਪੈਦਾ ਹੋਵੇ। ਲੋਕਾਂ ਅੰਦਰ ਚੰਗਾ ਮਾਹੌਲ ਤੇ ਭਾਵਨਾ ਪੈਦਾ ਹੋਵੇ। ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਖੇਤੀ ਕਾਨੂੰਨਾਂ ਦਾ ਹੋਇਆ ਹੈ। ਕੇਂਦਰ ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਇੱਕ ਸਾਜ਼ਿਸ਼ ਅਧੀਨ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਕਾਂਗਰਸ ਨੇ ਇਹਨਾਂ ਵਰਗਾਂ ਦਾ ਸਾਥ ਦਿੱਤਾ। ਜੋ ਕਿਸਾਨ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਗਈ ਅਤੇ ਹਰ ਸੰਭਵ ਮਦਦ ਕੀਤੀ ਗਈ। ਹੁਣ ਸਰਕਾਰ ਨੇ ਮੁੜ ਤੋਂ ਗ੍ਰਿਫ਼ਤਾਰੀਆਂ ਦੇਣ ਵਾਲੇ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਇਹ ਗੱਲ ਆਮ ਜਨਤਾ ’ਚ ਚੱਲ ਰਹੀ ਹੈ ਕਿ ਚੰਨੀ ਸਰਕਾਰ ਵਧੀਆ ਸਰਕਾਰ ਹੈ।
ਸੂਬੇ ਭਰ ਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਹੋਣ ਮਗਰੋਂ ਵੀ ਸ਼ੈਲਰ ਚਾਲੂ ਨਹੀਂ ਹੋ ਸਕੇ। ਜਿਸਦੇ ਚੱਲਦਿਆਂ ਸਨਿੱਚਰਵਾਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਮੀਟਿੰਗ ਦੌਰਾਨ ਹੀ ਸ਼ੈਲਰ ਮਾਲਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਹੋਏ ਦੋ-ਤਿੰਨ ਦਿਨਾਂ ’ਚ ਸ਼ੈਲਰ ਚਾਲੂ ਕਰਾਉਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ੈਲਰਾਂ ਦੀ ਫਿਜ਼ੀਕਲ ਵੈਰੀਕੇਸ਼ਨ ਮੁਕੰਮਲ ਕਰਕੇ ਸ਼ੈਲਰ ਚਾਲੂ ਕਰਾਏ ਜਾਣ। ਇਸ ਦੌਰਾਨ ਕੋਟਲੀ ਨੇ ਕਿਹਾ ਕਿ ਇਸ ਵਾਰ ਪਹਿਲਾਂ ਹੀ ਝੋਨੇ ਦੀ ਫ਼ਸਲ ’ਤੇ ਮੌਸਮ ਦੀ ਮਾਰ ਪਈ ਹੈ।
ਉੱਪਰੋਂ ਸ਼ੈਲਰ ਚਾਲੂ ਹੋਣ ’ਚ ਦੇਰੀ ਹੋਣ ਕਰਕੇ ਸ਼ੈਲਰ ਮਾਲਕਾਂ ਦਾ ਨੁਕਸਾਨ ਹੋ ਰਿਹਾ ਹੈ। ਸ਼ੈਲਰ ਮਾਲਕ ਸੂਬੇ ਦਾ ਅਹਿਮ ਅੰਗ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਕਿ ਛੇਤੀ ਤੋਂ ਛੇਤੀ ਪ੍ਰਕਿਰਿਆ ਮੁਕੰਮਲ ਕਰਕੇ ਸ਼ੈਲਰ ਚਾਲੂ ਕਰਾਏ ਜਾਣ ਤਾਂ ਜੋ 31 ਮਾਰਚ ਤੱਕ ਪਿੜਾਈ ਦਾ ਕੰਮ ਸਮੇਂ ਸਿਰ ਪੂਰਾ ਹੋ ਸਕੇ। ਸੂਬੇ ਭਰ ਅੰਦਰ ਝੋਨੇ ਦਾ ਸੀਜ਼ਨ ਵਧੀਆ ਤਰੀਕੇ ਨਾਲ ਮੁਕੰਮਲ ਹੋਣ ’ਤੇ ਕੋਟਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਚੰਗੀ ਕਾਰਜਸ਼ੈਲੀ ਕਰਕੇ ਅਜਿਹਾ ਸੰਭਵ ਹੋ ਸਕਿਆ। ਇਸ ਵਾਰ ਕਿਸੇ ਵੀ ਕਿਸਾਨ, ਆੜ੍ਹਤੀ ਤੇ ਮਜ਼ਦੂਰ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/587414389254255