ਹਰੀਸ਼ ਕਾਲੜਾ
- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕਾਫ਼ਲਾ ਕਿਸਾਨਾਂ ਨੇ ਘੇਰਿਆ
- ਕੁਝ ਦਿਨ ਪਹਿਲਾਂ ਕਿਸਾਨ ਬੀਬੀਆਂ ਵੱਲੋਂ ਪਾਈ ਗਈ ਬੋਲੀ ਕੰਗਨਾ ਤੈਨੂੰ ਟੰਗਣਾ ਆਨੰਦਪੁਰ ਦੀਆਂ ਬੀਬੀਆਂ ਨੇ ਸੱਚ ਸਾਬਤ ਕੀਤੀ
- ਮਾਫ਼ੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਛੱਡਿਆ ਰਾਹ
ਰੂਪਨਗਰ, 3 ਦਸੰਬਰ 2021 - ਆਪਣੀਆਂ ਟਵੀਟਾਂ ਅਤੇ ਬਿਆਨਾਂ ਨੂੰ ਲੈ ਕੇ ਚਰਚਿਤ ਰਹਿਣ ਵਾਲੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦੇ ਕਾਫਲੇ ਨੂੰ ਕਿਸਾਨਾਂ ਨੇ ਅੱਜ ਚੰਡੀਗੜ੍ਹ ਮਨਾਲੀ ਰਾਸ਼ਟਰੀ ਮਾਰਗ ਤੇ ਬੁੰਗਾ ਸਾਹਿਬ ਦੇ ਨਜ਼ਦੀਕ ਰੋਕ ਲਿਆ । ਕਰੀਬ 2 ਘੰਟੇ ਕਿਸਾਨ ਕੰਗਨਾ ਦੀ ਗੱਡੀਆਂ ਦੇ ਕਾਫ਼ਲੇ ਦੇ ਅੱਗੇ ਨਾਅਰੇਬਾਜ਼ੀ ਕਰਦੇ ਰਹੇ । ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤਕ ਕੰਗਨਾ ਕਿਸਾਨਾਂ ਅਤੇ ਪੰਜਾਬੀਆਂ ਬਾਰੇ ਦਿੱਤੇ ਗਏ, ਆਪਣੇ ਬਿਆਨਾਂ ਨੂੰ ਲੈ ਕੇ ਮਾਫੀ ਨਹੀਂ ਮੰਗਦੀ, ਉਸ ਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ।
ਅੱਜ ਤਕਰੀਬਨ ਇੱਕ ਵਜੇ ਦੇ ਕਰੀਬ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸੇਠੀ ਸ਼ਰਮਾ ਨੂੰ ਸੂਚਨਾ ਮਿਲੀ ਕਿ ਅੱਜ ਕੰਗਣਾ ਰਣੌਤ ਦਾ ਕਾਫ਼ਲਾ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ, ਜੋ ਕੇ ਕੀਰਤਪੁਰ ਵਿੱਚੋਂ ਗੁਜ਼ਰੇਗਾ ,ਇਸ ਤੋਂ ਬਾਅਦ ਕਿਸਾਨ ਮਜ਼ਦੂਰ ਯੂਨੀਅਨ ਆਨੰਦਪੁਰ ਸਾਹਿਬ ਅਤੇ ਕਿਰਤੀ ਕਿਸਾਨ ਮੋਰਚਾ ਰੂਪਨਗਰ ਵੱਲੋਂ ਸਾਥੀਆਂ ਸਮੇਤ ਉਸ ਦੇ ਕਾਫ਼ਲੇ ਨੂੰ ਬੁੰਗਾ ਸਾਹਿਬ ਦੇ ਕੋਲ ਰਾਸ਼ਟਰੀ ਮਾਰਗ ਦੇ ਉੱਤੇ ਰੋਕ ਲਿਆ ਗਿਆ ।
ਇਸ ਤੋਂ ਬਾਅਦ ਤਕਰੀਬਨ 2 ਘੰਟੇ ਰਾਸ਼ਟਰੀ ਮਾਰਗ ਤੇ ਜਾਮ ਲੱਗਾ ਰਿਹਾ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ। ਪੁਲੀਸ ਦੇ ਸਮਝਾਉਣ ਤੇ ਵੀ ਕਿਸਾਨਾਂ ਨੇ ਉਸ ਨੂੰ ਰਾਹ ਨਹੀਂ ਦਿੱਤਾ। ਸਗੋਂ ਇਸ ਗੱਲ ਤੇ ਅੜੇ ਰਹੇ ਕਿ ਜਦੋਂ ਤੱਕ ਕੰਗਨਾ ਰਣਾਵਤ ਆਪਣੇ ਦਿੱਤੇ ਹੋਏ ਬਿਆਨਾਂ ਦੇ ਲਈ ਕਿਸਾਨਾਂ ਤੋਂ ਮੁਆਫ਼ੀ ਨਹੀਂ ਮੰਗਦੀ ਉਸ ਨੂੰ ਜਾਣ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਕੰਗਨਾ ਰਣਾਵਤ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਕਿਹਾ ਕਿ ਕਿਸਾਨਾਂ ਦੇ ਨਾਂ ਤੇ ਉਸ ਨੂੰ ਘੇਰਿਆ ਗਿਆ ਹੈ ।ਪਹਿਲੇ ਇਕ ਘੰਟੇ ਦੇ ਕਰੀਬ ਤਾਂ ਉਸ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਆਪਣੀ ਕਾਰ ਦੇ ਵਿੱਚ ਹੀ ਬੈਠੀ ਰਹੀ।
ਇਸ ਤੋਂ ਬਾਅਦ ਉਸ ਦੇ ਮੈਨੇਜਰ ਵੱਲੋਂ ਉਸ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੇ ਲਈ ਰਾਜ਼ੀ ਕੀਤਾ ਗਿਆ। ਇਸ ਤੋਂ ਬਾਅਦ ਕੰਗਨਾ ਨੇ ਕਿਸਾਨ ਬੀਬੀ ਕੋਲੋਂ ਮੁਆਫ਼ੀ ਮੰਗੀ ਅਤੇ ਗੱਡੀ ਵਿਚੋਂ ਬਾਹਰ ਆ ਕੇ ਹੱਥ ਹਿਲਾ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ ਜਾਣ ਲਈ ਰਾਹ ਦਿੱਤਾ।
ਦੇਖੋ ਵੀਡੀਓ......
https://www.facebook.com/BabushahiDotCom/videos/437351431235982