ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦਾ ਜੱਥਾ ਦਵਾਈਆਂ ਅਤੇ ਜ਼ਰੂਰੀ ਸਮਾਨ ਲੈ ਕੇ ਪਹੁੰਚਿਆਂ ਸਿੰਘੂ ਬਾਰਡਰ ਦਿੱਲੀ
ਸਿੰਘੂ ਬਾਰਡਰ, 7 ਦਸੰਬਰ 2021 - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਜਿੱਥੇ ਇਲਾਕੇ ਵਿੱਚ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉੱਥੇ ਸਿੰਘੂ ਬਾਰਡਰ ਦਿੱਲੀ ਵਿਖੇ ਦਵਾਈਆਂ ਦੇ ਲੰਗਰਾਂ ਦੀ ਸੇਵਾ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਹੈ । ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਮੈਂਬਰਾਂ ਦਾ ਜੱਥਾ ਬਹੁਤ ਵੱਡੀ ਗਿਣਤੀ ਵਿਚ ਦਵਾਈਆਂ ਅਤੇ ਹੋਰ ਜਰੂਰੀ ਸਾਮਾਨ ਲੈ ਕੇ ਸਿੰਘੂ ਬਾਰਡਰ ਦਿੱਲੀ ਪਹੁੰਚਿਆਂ । ਸੁਸਾਇਟੀ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨ ਭਰਾਵਾਂ ਲਈ ਦਵਾਈਆਂ ਦੀ ਸੇਵਾ ਕਿਸਾਨ ਮੋਰਚੇ ਦੇ ਪਹਿਲੇ ਦਿਨ ਤੋਂ ਕੀਤੀ ਜਾ ਰਹੀ ਹੈ।
ਜੋ ਪਹਿਲਾਂ ਖੁੱਲ੍ਹੇ ਪੰਡਾਲ ਲਗਾ ਕੇ ਕੀਤੀ ਜਾਂਦੀ ਰਹੀ, ਉਸ ਤੋਂ ਬਾਅਦ ਟਰਾਲੀ - ਟਰਾਲੀ ਜਾ ਕੇ ਵੀ ਕੀਤੀ ਜਾਂਦੀ ਰਹੀ ਜੋ ਹੁਣ ਲਾਈਫ ਕੇਅਰ ਫਾਉਂਡੇਸ਼ਨ ਡੇਰਾ-ਬੱਸੀ ਵੱਲੋਂ ਅਵਤਾਰ ਸਿੰਘ ਬੈਨੀਪਾਲ ਦੀ ਮਿਹਨਤ ਸਦਕਾ ਬਣਾਏ ਗਏ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਿਖੇ ਦਵਾਈਆਂ ਦੀ ਸੇਵਾ ਲਗਾਤਾਰ ਜਾਰੀ ਹੈ ਅਤੇ ਜੋ ਕਿ ਮੋਰਚੇ ਦੀ ਪੂਰੀ ਤਰ੍ਹਾਂ ਸਮਾਪਤੀ ਤੱਕ ਲਗਾਤਾਰ ਜਾਰੀ ਰਹੇਗੀ ।
ਉਹਨਾਂ ਦੱਸਿਆ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਿਖੇ ਮਰੀਜ਼ਾਂ ਲਈ ਬੈੱਡਾ ਦਾ ਪ੍ਰਬੰਧ, 24 ਘੰਟੇ ਐਮਰਜੰਸੀ ਸੇਵਾਵਾਂ, ਫੀਜੀਓ-ਥੈਰੇਪੀ, ਖੂਨ ਜਾਂਚ -ਟੈਸਟ, ਦਵਾਈਆਂ ਆਦਿ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਲਈ ਡਾਕਟਰਾਂ ਅਤੇ ਨਰਸਾਂ ਦੀ ਬਹੁਤ ਵੱਡੀ ਟੀਮ ਸੇਵਾ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨਾਂ ਦੇ ਰੱਦ ਹੋਣ ਦੀ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਜੋ ਮੰਗਾਂ ਰਹ ਗਈਆ ਹਨ ਉਹ ਵੀ ਪੂਰੀਆ ਹੋਣ, ਕਿਸਾਨ ਭਰਾ ਮੋਰਚੇ 'ਤੇ ਫਤਿਹ ਪਾਉਣ।
ਉਨ੍ਹਾਂ ਸਾਰੇ ਦਾਨੀ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਚਰਨਜੀਤ ਸਿੰਘ ਮੁਬਾਰਕਪੁਰ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਅਟਵਾਲ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ, ਹਰਲੀਨ ਕੌਰ, ਜਸਮੀਨ ਕੌਰ, ਗੁਰਪ੍ਰੀਤ ਕੌਰ, ਸਤਵਿੰਦਰ ਕੌਰ, ਸਤਵੰਤ ਕੌਰ ਆਦਿ ਹਾਜ਼ਰ ਸਨ।