ਸਾਬਕਾ ਵਾਇਸ ਚੇਅਰਮੈਨ ਨੇ ਕੋਰ ਕਮੇਟੀ ਨੂੰ ਬਾਦਲ ਦਾ ਅਸਤੀਫਾ ਮੰਨਜੂਰ ਨਾ ਕਰਨ ਦੀ ਕੀਤੀ ਅਪੀਲ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਨਵੰਬਰ 2024: ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਵਾਇਸ ਚੇਅਰਮੈਨ ਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਬਸੌਲੀ ਨੇ ਅਕਾਲੀ ਦਲ ਦੀ ਕੋਰ ਕਮੇਟੀ ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਸ.ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਨਜ਼ੂਰ ਨਾ ਕੀਤਾ ਜਾਵੇ, ਕਿਉਂਕਿ ਬਾਦਲ ਪਰਿਵਾਰ ਅਕਾਲੀ ਦਲ ਦੀ ਰੀੜ ਦੀ ਹੱਡੀ ਰਿਹਾ ਹੈ ਅਤੇ ਮਹਰੂਮ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਲਈ ਪੂਰੀ ਜਿੰਦਗੀ ਲਗਾ ਦਿੱਤੀ ਸੀ, ਜਿਸ ਦੇ ਬਦਲੇ ਅਕਾਲੀ ਦਲ ਪੰਜਾਬ ਵਿੱਚ ਇੱਕ ਖੇਤਰੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਸੀ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦਾ ਰਿਕਾਰੜਤੋੜ ਵਿਕਾਸ ਹੋਇਆ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾਈ ਰੱਖਣਾ ਅਤਿ ਜਰੂਰੀ ਹੈ।
ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਅੱਜ ਸ. ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਖਿਲਾਫ ਵੱਡੀਆਂ ਸਿਆਸੀ ਸਾਜਿਸਾਂ ਰਚੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਨਾ ਹਰ ਅਕਾਲੀ ਆਗੂ ਤੇ ਵਰਕਰ ਦਾ ਮੁਢਲਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਸ੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਰਹੇ ਸ੍ਰੀ ਐਨ.ਕੇ. ਸ਼ਰਮਾ ਦਾ ਵੀ ਅਸਤੀਫਾ ਮੰਨਜੂਰ ਨਾ ਕੀਤਾ ਜਾਵੇ , ਕਿਉਂਕਿ ਸ੍ਰੀ ਐਨ. ਕੇ. ਸ਼ਰਮਾ ਨੇ ਹਲਕਾ ਡੇਰਾਬੱਸੀ ਵਿੱਚ ਪਾਰਟੀ ਨੂੰ ਨਵੀਂ ਪਹਿਚਾਣ ਦਿੱਤੀ ਹੈ, ਜਿਸ ਦੇ ਚਲਦਿਆਂ ਹਲਕਾ ਡੇਰਾਬੱਸੀ ਵਿੱਚ ਅਕਾਲੀ ਦਲ ਮਜ਼ਬੂਤ ਹੋਇਆ ਹੈ, ਪਰ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫਾ ਵੀ ਪਾਰਟੀ ਦੇ ਭਵਿੱਖ ਲਈ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਐਨ.ਕੇ. ਸ਼ਰਮਾ ਇੱਕ ਇਮਾਨਦਾਰ ਤੇ ਸਾਫ ਸੁਥਰੀ ਦਿੱਖ ਵਾਲੇ ਆਗੂ ਹਨ, ਉਨ੍ਹਾਂ ਪੂਰੀ ਤਨਦੇਹੀ ਨਾਲ ਹਲਕੇ ਅਤੇ ਪਾਰਟੀ ਲਈ ਕੰਮ ਕੀਤਾ ਹੈ ਅਤੇ ਪਾਰਟੀ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਸ. ਬਸੌਲੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੀ ਕਈਂ ਪੀੜੀਆਂ ਤੋਂ ਸ੍ਰੋਮਣੀ ਅਕਾਲੀ ਦਲ ਨਾਲ ਜੁੜਿਆ ਆ ਰਿਹਾ ਹੈ, ਇਸ ਲਈ ਉਨ੍ਹਾਂ ਦੀ ਪਹਿਲੀ ਡਿਊਟੀ ਪਾਰਟੀ ਨੂੰ ਇੱਕਜੁੱਟ ਰੱਖਣ ਦੀ ਬਣਦੀ ਹੈ।