ਦੇਰ ਰਾਤ ਫੇਰ ਨੌਜਵਾਨ ਨੂੰ ਪੈ ਗਏ ਲੁਟੇਰੇ, ਪਰਸ ਤੇ ਮੋਬਾਈਲ ਖੋ ਕੇ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ 20 ਨਵੰਬਰ 2024 - ਗੁਰਦਾਸਪੁਰ ਵਿੱਚ ਲੁੱਟਾ ਖੋਹਾਂ ਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਬੀਤੇ ਦਿਨੀ ਸ਼ਹਿਰ ਦੇ ਸਰਾਫ ਰਾਮ ਲੁਭਾਇਆ ਦੇ ਘਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਅਤੇ ਰਾਮ ਲੁਭਾਇਆ ਅਤੇ ਉਸਦੇ ਰਿਸ਼ਤੇਦਾਰ ਨੂੰ ਤੇਜਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ । ਉੱਥੇ ਹੀ ਬੀਤੀ ਰਾਤ ਬਟਾਲਾ ਦੇ ਇੱਕ ਨੌਜਵਾਨ ਨੂੰ ਦੇਰ ਰਾਤ ਲੁਟੇਰਿਆਂ ਵੱਲੋਂ ਲੁੱਟ ਲਿਆ ਗਿਆ।
ਪੀੜਤ ਨੌਜਵਾਨ ਵਿਜੇ ਨੇ ਦੱਸਿਆ ਕਿ ਉਹ ਬਟਾਲਾ ਦਾ ਰਹਿਣ ਵਾਲਾ ਹੈ ਅਤੇ ਬੁੱਧਵਾਰ ਰਾਤ ਨੂੰ ਉਹ ਆਪਣੇ ਸਕੂਟਰੀ 'ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜੰਮੂ ਤੋਂ ਬਟਾਲਾ ਵਾਪਸ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਰਾਤ ਸਾਢੇ ਨੌਂ ਵਜੇ ਦੇ ਕਰੀਬ ਬਰਿਆਰ ਬਾਈਪਾਸ ਨੇੜੇ ਪਹੁੰਚਿਆ ਤਾਂ ਇਕ ਨੌਜਵਾਨ ਨੇ ਕੁਝ ਦੂਰ ਜਾਣ ਲਈ ਲਿਫਟ ਮੰਗੀ ਤਾਂ ਉਸ ਨੇ ਉਸ ਨੂੰ ਸਕੂਟਰੀ ’ਤੇ ਬਿਠਾ ਲਿਆ। ਵਿਜੇ ਨੇ ਦੱਸਿਆ ਕਿ ਜਦੋਂ ਉਹ ਪੈਟਰੋਲ ਪੰਪ 'ਤੇ ਤੇਲ ਭਰਾਉਣ ਲੱਗਾ ਤਾਂ ਪਿੱਛੇ ਬੈਠੇ ਨੌਜਵਾਨ ਨੇ ਉਸ ਨੂੰ ਰੋਕ ਲਿਆ ਅਤੇ ਅੱਗੇ ਜਾ ਕੇ ਤੇਲ ਭਰਾਉਣ ਲਈ ਕਿਹਾ। ਇਸ ਦੌਰਾਨ ਜਦੋਂ ਉਹ ਪੰਡੋਰੀ ਰੋਡ ਬਾਈਪਾਸ ਦੇ ਹੇਠਾਂ ਪਹੁੰਚਿਆ ਤਾਂ ਨੌਜਵਾਨ ਨੇ ਉਸ ਦੀ ਸਕੂਟਰੀ ਰੋਕ ਲਈ। ਇਸੇ ਦੌਰਾਨ ਝਾੜੀਆਂ ਵਿੱਚੋਂ ਇੱਕ ਵਿਅਕਤੀ ਬਾਹਰ ਨਿਕਲਿਆ ਅਤੇ ਇੱਕ ਹੋਰ ਵਿਅਕਤੀ ਮੋਟਰਸਾਈਕਲ ’ਤੇ ਉੱਥੇ ਪਹੁੰਚ ਗਿਆ। ਉਪਰੋਕਤ ਤਿੰਨਾਂ ਨੇ ਉਸ ਦੀ ਪੂਰੀ ਤਲਾਸ਼ੀ ਲਈ ਅਤੇ ਸਕੂਟਰ ਦੀ ਡਿੱਕੀ ਵੀ ਚੈੱਕ ਕੀਤੀ ਪਰ ਜਦੋਂ ਕੁਝ ਨਾ ਮਿਲਿਆ ਤਾਂ ਉਹ ਉਸ ਦਾ ਮੋਬਾਈਲ ਫ਼ੋਨ ਅਤੇ ਪਰਸ ਖੋਹ ਲਿਆ ਇਸ ਤੋਂ ਬਾਅਦ।
ਇਸ ਦੌਰਾਨ ਜਦੋਂ ਐਸਐਸਐਫ ਦੀ ਗੱਡੀ ਨੂੰ ਪਿੱਛਿਓਂ ਆਉਂਦੀ ਦੇਖਿਆ ਤਾਂ ਤਿੰਨੋਂ ਉਥੋਂ ਭੱਜ ਗਏ ਅਤੇ ਜਾਂਦੇ ਸਮੇਂ ਸਕੂਟਰ ਦੀਆਂ ਚਾਬੀਆਂ ਵੀ ਆਪਣੇ ਨਾਲ ਲੈ ਗਏ। ਮੌਕੇ 'ਤੇ ਪੁੱਜੇ ਏ.ਐਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਥੇ ਕੁਝ ਨੌਜਵਾਨਾਂ ਨੂੰ ਖੜ੍ਹੇ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਪਰ ਜਦੋਂ ਤੱਕ ਉਹ ਉਥੇ ਪਹੁੰਚੇ ਤਾਂ ਸਾਰੇ ਉਥੋਂ ਭੱਜ ਚੁੱਕੇ ਸਨ, ਉਥੇ ਕੇਵਲ ਵਿਜੇ ਹੀ ਮੌਜੂਦ ਸੀ ਜੋ ਪੁਲਿਸ ਨੂੰ ਦੇਖ ਕੇ ਰੌਲਾ ਪਾਉਣ ਲੱਗਾ। ਬਾਅਦ ਵਿੱਚ ਉਸਨੇ ਦੱਸਿਆ ਕਿ ਉਸਨੂੰ ਲੁੱਟ ਲਿਆ ਗਿਆ ਸੀ। ਜੋ ਵੀ ਪੁਲਿਸ ਕਰਮਚਾਰੀਆਂ ਨੇ ਇੱਕ ਲੁਟੇਰੇ ਦਾ ਪਿੱਛਾ ਵੀ ਕੀਤਾ ਉਹਦੇ ਵਿੱਚ ਜੋ ਚਾੜੀਆਂ ਵਾਲਾ ਭੱਜਿਆ ਸੀ ਪਰ ਉਸਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ 'ਤੇ ਵਿਜੇ ਨੂੰ ਸਕੂਟਰ 'ਚ ਬਿਠਾ ਕੇ ਚੌਕੀ ਬਰਿਆਰ ਪਹੁੰਚਾਇਆ ਗਿਆ, ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ ਅਤੇ ਉਸ ਦੀ ਸ਼ਿਕਾਇਤ ਦਰਜ ਕੀਤੀ ਗਈ।