ਅਮਰੀਕ ਢਿੱਲੋਂ ਦੇ ਸਾਥੀਆਂ 'ਤੇ ਕਤਲ ਕੇਸ ਦਰਜ, ਪੜ੍ਹੋ ਕਿਉਂ ?
ਰਵਿੰਦਰ ਢਿੱਲੋਂ
ਸਮਰਾਲਾ, 20 ਫਰਵਰੀ 2022 - ਸਮਰਾਲਾ ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਇੱਕ ਰਾਤ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇਨੋਵਾ ਕਾਰ ਸਵਾਰ ਵਾਲਿਆਂ ਵੱਲੋਂ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਚ ਪੁਲਸ ਨੇ ਮੌਜੂਦਾ ਵਿਧਾਇਕ ਅਤੇ ਕਾਂਗਰਸ ਚੋਂ ਕੱਢੇ ਗਏ ਅਮਰੀਕ ਸਿੰਘ ਢਿੱਲੋਂ ਦੇ ਦੋ ਸਾਥੀਆਂ ਖਿਲਾਫ ਕਤਲ ਕੇਸ ਦਰਜ ਕੀਤਾ ਗਿਆ। ਆਜਾਦ ਚੋਣ ਲੜ ਰਹੇ ਅਮਰੀਕ ਢਿੱਲੋਂ ਦੇ ਸਾਥੀਆਂ ਵਲੋਂ ਜਾਣ ਬੁੱਝ ਕੇ ਮੋਟਰਸਾਈਕਲ ਨੂੰ ਟੱਕਰ ਮਾਰਨ ਦਾ ਦੋਸ਼ ਹੈ। ਇਸ ਘਟਨਾ ਚ ਇੱਕ ਨੌਜਵਾਨ ਦੀ ਮੌਤ ਹੋਈ ਅਤੇ ਦੂਜਾ ਬਾਲ ਬਾਲ ਬਚਿਆ। ਕਤਲ ਕੇਸ ਦੇ ਨਾਲ ਨਾਲ ਇਸ ਚ ਇਰਾਦਾ ਕਤਲ ਦੀ ਧਾਰਾ ਵੀ ਲਗਾਈ ਗਈ ਹੈ।
ਮ੍ਰਿਤਕ ਦੀ ਸ਼ਨਾਖ਼ਤ ਲਵਪ੍ਰੀਤ ਸਿੰਘ (19) ਵਾਸੀ ਸਮਰਾਲਾ ਵਜੋਂ ਹੋਈ। ਘਟਨਾ ਦੇ ਸਮੇਂ ਲਵਪ੍ਰੀਤ ਦੇ ਨਾਲ ਮੋਟਰਸਾਈਕਲ ਉਪਰ ਸਵਾਰ ਹਰਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਹ ਪਪੜੌਦੀ ਤੋਂ ਜਾ ਰਹੇ ਸੀ ਤਾਂ ਇਨੋਵਾ ਕਾਰ ਵਿਚ ਸਵਾਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਬੰਦਿਆਂ ਨੇ ਉਹਨਾਂ ਦਾ ਪਿੱਛਾ ਕੀਤਾ। ਗੱਡੀ ਦੀਆਂ ਲਾਈਟਾਂ ਬੰਦ ਕਰਕੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ। ਇਹ ਸਾਜਿਸ਼ ਰੰਜਿਸ਼ ਕਰਕੇ ਰਚੀ ਗਈ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸਰਕਾਰੀ ਹਸਪਤਾਲ ਚ ਮੌਜੂਦ ਹਰਸ਼ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਉਥੇ ਹੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਨੌਜਵਾਨ ਦੀ ਮੌਤ ਉਪਰ ਗੈਰ ਜਿੰਮੇਦਾਰਾਨਾ ਬਿਆਨ ਦਿੰਦੇ ਹੋਏ ਕਿਹਾ ਕਿ ਐਵੇਂ ਤਾਂ ਮੇਰੀ ਗੱਡੀ 'ਚ ਕਿਸੇ ਚੰਡੀਗੜ੍ਹ ਦੇ ਬੰਦੇ ਨੇ ਗੱਡੀ ਮਾਰੀ। ਕੀ ਹੁਣ ਮੈਂ ਕਹਿ ਦੇਵਾਂ ਕਿ ਅਕਾਲੀਆਂ ਨੇ ਗੱਡੀ ਮਾਰੀ।
ਸਮਰਾਲਾ ਦੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮੌਕੇ ਦੇ ਗਵਾਹ ਹਰਵਿੰਦਰ ਸਿੰਘ ਦੇ ਬਿਆਨਾਂ ਉਪਰ ਕਾਰਵਾਈ ਕਰਦੇ ਹੋਏ ਆਈਪੀਸੀ ਦੀ ਧਾਰਾਵਾਂ 302, 307, 427, 34 ਦੇ ਅਧੀਨ ਪ੍ਰਵੇਸ਼ ਅਤੇ ਤਿਵਾੜੀ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਫਰਾਰ ਹਨ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/1364841873945579