ਭਗਵੰਤ ਮਾਨ ਦੀ ਹੈਲਪ ਲਾਈਨ ਤੇ ਪਹਿਲੀ ਸ਼ਿਕਾਇਤ -ਨਾਇਬ ਤਹਿਸੀਲਦਾਰ ਲਪੇਟਿਆ ( ਵੀਡੀਓ ਵੀ ਦੇਖੋ )
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2022 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਿ੍ਰਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਹੋਣ ਤੋਂ ਬਾਅਦ ਪਹਿਲਾ ਸ਼ਿਕਾਰ ਬਠਿੰਡਾ ਜਿਲ੍ਹੇ ’ਚ ਤਾਇਨਾਤ ਇੱਕ ਨਾਇਬ ਤਹਿਸੀਲਦਾਰ ਬਣਿਆ ਹੈ ਜਿਸ ’ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਬਠਿੰਡਾ ਦੇ ਸਮਾਜਸੇਵੀ ਤੇ ਗਊਸ਼ਾਲਾ ਸਿਰਕੀ ਬਜ਼ਾਰ ਬਠਿੰਡਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸਲਾ ਨੇ ਤਲਵੰਡੀ ਸਾਬੋ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਕਮ ਸਬ ਰਜਿਸਟਰਾਰ ਜਗਤਾਰ ਸਿੰਘ ’ਤੇ ਤਿੰਨ ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੂੰ ਇਸ ਅਧਿਕਾਰੀ ਨੂੰ ਮੁਅੱਤਲ ਕਰਕੇ ਉਸ ਦੀਆਂ ਬੇਨਾਮੀ ਸੰਪਤੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਬਠਿੰਡਾ: ਮੁੱਖ ਮੰਤਰੀ ਦੀ ਵੱਢੀ ਖਿਲਾਫ ਜੰਗ ਨੇ ਲਪੇਟਿਆ ਨਾਇਬ ਤਹਿਸੀਲਦਾਰ, ਵੀਡੀਓ ਵੀ ਦੇਖੋ
ਸਮਾਜ ਸੇਵੀ ਉਨ੍ਹਾਂ ਸਬੂਤਾਂ ਸਮੇਤ ਭੇਜੀ ਸ਼ਿਕਾਇਤ ਵਿੱਚ ਕਿਹਾ ਕਿ 1908 ਤੋਂ ਬਠਿੰਡਾ ਦੀ ਗਊਸ਼ਾਲਾ ਵਿੱਚ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਗਊਸ਼ਾਲਾ ਨੂੰ ਦਾਨੀ ਸੱਜਣਾ ਵੱਲੋਂ ਦਿੱਤੇ ਜਾਣ ਵਾਲੇ ਦਾਨ ਨਾਲ ਚਲਾਇਆ ਜਾ ਰਿਹਾ ਹੈ। ਸ਼ਿਕਾਇਤ ’ਚ ਉਨ੍ਹਾਂ ਦੱਸਿਆ ਕਿ ਸਾਧੂ ਰਾਮ ਗੋਇਲ ਨੇ ਪਿੰਡ ਸੇਖੂ ਤਹਿਸੀਲ ਤਲਵੰਡੀ ਸਾਬੋ ਦੀ 6 ਕਨਾਲ 15 ਮਰਲੇ ਜਮੀਨ ਗਊਸ਼ਾਲਾ ਨੂੰ ਦਾਨ ਕੀਤੀ ਸੀ। ਇਸ ਸਬੰਧ ’ਚ ਉਹ 28 ਜਨਵਰੀ 2022 ਨੂੰ ਜਮੀਨ ਦੀ ਰਜਿਸਟਰੀ ਕਰਵਾਉਣ ਲਈ ਤਲਵੰਡੀ ਸਾਬੋ ਤਹਿਸੀਲ ਗਏ ਸਨ।
ਇਸ ਮੌਕੇ ਉਨ੍ਹਾਂ ਕੋਲ ਪਾਵਰ ਆਫ ਅਟਾਰਨੀ ਹੋਣ ਕਾਰਨ ਉਨ੍ਹਾਂ ਦੇ ਨਾਲ ਯਸ਼ਵਿੰਦਰ ਗੁਪਤਾ, ਕੈਸ਼ੀਅਰ ਗਊਸ਼ਾਲਾ, ਬਠਿੰਡਾ, ਸੰਜੇ ਕੁਮਾਰ ਜਿੰਦਲ ਅਤੇ ਜੋਗਿੰਦਰ ਸਿੰਘ ਪੁੱਤਰ ਭਾਗ ਸਿੰਘ ਪੁੱਤਰ ਵਾਸੀ ਸੇਖੂ ਵੀ ਸਨ। ਗਊਸ਼ਾਲਾ ਤਰਫੋਂ ਸੰਜੇ ਜਿੰਦਲ ਨੂੰ ਅਥਾਰਟੀ ਦਿੱਤੀ ਹੋਈ ਸੀ ਜਦੋਂਕਿ ਜੋਗਿੰਦਰ ਸਿੰਘ ਨੇ ਸਾਧੂ ਰਾਮ ਗੋਇਲ ਵੱਲੋਂ 3 ਕਨਾਲ 3 ਮਰਲੇ ਰਕਬਾ ਦਾਨ ਕਰਨਾ ਸੀ। ਕੁਸਲਾ ਨੇ ਦੱਸਿਆ ਕਿ ਇਸ ਰਜਿਸਟਰੀ ਦੇ ਸਬੰਧ ’ਚ ਐਡਵੋਕੇਟ ਭਾਗੀਰਥ ਰਾਜ ਬਾਂਸਲ ਨੇ ਦੋ ਵਸੀਕੇ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ ਅਤੇ ਸਬ ਰਜਿਸਟਰਾਰ ਤਲਵੰਡੀ ਸਾਬੋ ਕੋਲੋਂ ਬਕਾਇਦਾ ਤਰੀਕ ਲੈ ਲਈ ਸੀ।
ਉਨ੍ਹਾਂ ਸ਼ਿਕਾਇਤ ’ਚ ਦੱਸਿਆ ਕਿ ਉਹ ਸਵੇਰੇ ਸਾਢੇ 10 ਵਜੇ ਤਹਿਸੀਲ ਦਫਤਰ ਪੁੱਜ ਗਏ ਸਨ ਅਤੇ ਤਿੰਨ ਘੰਟੇ ਸਬ-ਰਜਿਸਟਰਾਰ ਦੇ ਰਜਿਸਟਰੀਆਂ ਕਰਨ ਵਾਲੇ ਕਮਰੇ ਕੋਲ ਖਲੋਤੇ ਰਹੇ। ਉਨ੍ਹਾਂ ਦੱਸਿਆ ਕਿ ਉਹ ਵਾਰ ਵਾਰ ਮੈਸਿਜ਼ ਭੇਜਦੇ ਰਹੇ ਪਰ ਰਜਿਸਟਰੀ ਨਹੀਂ ਹੋਈ ਜਦੋਂਕਿ ਨਾਇਬ ਤਹਿਸੀਲਦਾਰ ਅਤੇ ਉਸ ਦਾ ਰੀਡਰ ਵਿਹਲੇ ਬੈਠੇ ਸਨ। ਲੰਬੇ ਇੰਤਜਾਰ ਤੋਂ ਬਾਅਦ ਜਦੋਂ ਉਹ ਸਬ-ਰਜਿਸਟਰਾਰ ਕੋਲ ਬੇਨਤੀ ਕਰਨ ਲਈ ਗਏ ਤਾਂ ਉਨ੍ਹਾਂ ਨੇ ਇਸ਼ਾਰੇ ਨਾਲ ਬਾਹਰ ਜਾਣ ਲਈ ਕਿਹਾ । ਕੁਸਲਾ ਨੇ ਦੱਸਿਆ ਕਿ ਕਰੀਬ ਢਾਈ ਵਜੇ ਦੇ ਕਰੀਬ ਰਜਿਸਟਰੀ ਲਿਖਣ ਵਾਲੇ ਵਕੀਲ ਦਾ ਮੁਨਸ਼ੀ ਨਾਇਬ ਤਹਿਸੀਲਦਾਰ ਕੋਲ ਗਿਆ ਅਤੇ ਉਸ ਦੇ ਕੰਨ ਵਿੱਚ ਕੋਈ ਗੱਲ ਆਖੀ।
ਇਸ ਮੌਕੇ ਰੀਡਰ ਨੇ ਵੀ ਸਬ ਰਜਿਸਟਰਾਰ ਨੂੰ ਇਸ਼ਾਰਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਾਰਾ ਵਾਕਿਆ ਸ਼ੀਸ਼ੇ ਵਿੱਚਦੀ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਸਬ ਰਜਿਸਟਰਾਰ ਨੇ ਸਾਨੂੰ ਬੁਲਾ ਲਿਆ ਅਤੇ ਵਸੀਕੇ ਤਸਦੀਕ ਕਰ ਦਿੱਤੇ। ਕੁਸਲਾ ਨੇ ਦੱਸਿਆ ਕਿ ਉਹ ਉਸ ਵਕਤ ਦੰਗ ਰਹਿ ਗਏ ਜਦੋਂ ਵਕੀਲ ਭਾਗੀਰਥ ਰਾਜ ਬਾਂਸਲ ਨੇ ਦੋਵਾਂ ਵਸੀਕਿਆਂ ਤੇ ਹੋਏ ਖਰਚ ਦਾ ਵੇਰਵਾ ਭੇਜਿਆ ਜਿਸ ’ਚ ਨਾਇਬ ਤਹਿਸੀਲਦਾਰ ਨੂੰ ਤਿੰਨ ਹਜ਼ਾਰ ਅਤੇ ਉਸ ਦੇ ਚਪੜਾਸੀ ਨੂੰ 200 ਰੁਪਏ ਰਿਸ਼ਵਤ ਦੇਣਾ ਦਰਜ ਕੀਤਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਕੀਲ ਵੱਲੋਂ ਭੇਜੇ ਵੇਰਵੇ ਮੁਤਾਬਕ ਰਿਸ਼ਵਤ ਦੀ ਰਕਮ ਸਮੇਤ 28,690 ਰੁਪਏ ਅਦਾ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਸਪਸ਼ਟ ਹੈ ਕਿ ਨਾਇਬ ਤਹਿਸੀਲਦਾਰ ਕਮ ਸਬ ਰਜਿਸਟਰਾਰ ਤਲਵੰਡੀ ਸਾਬੋ ਜਗਤਾਰ ਸਿੰਘ ਨੇ ਗਊਸ਼ਾਲਾ ਦੇ ਵਸੀਕਿਆਂ ਦੀ ਉਦੋਂ ਤੱਕ ਤਸਦੀਕ ਨਹੀਂ ਕੀਤੀ ਜਦੋਂ ਤੱਕ ਉਸ ਨੂੰ ਰਿਸ਼ਵਤ ਦੇ ਪੈਸੇ ਨਹੀਂ ਮਿਲੇ । ਕੁਸਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਅਤੇ ਉਸ ਦੀਆਂ ਸਾਰੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰਕੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੋਸ਼ ਬੇਬੁਨਿਆਦ: ਨਾਇਬ ਤਹਿਸੀਲਦਾਰ
ਤਹਿਸੀਲਦਾਰ ਜਗਤਾਰ ਸਿੰਘ ਨੇ ਸਾਧੂ ਰਾਮ ਕੁਸਲਾ ਵੱਲੋਂ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਦੇ ਵੀ ਕਿਸੇ ਤੋਂ ਰਿਸ਼ਵਤ ਹਾਸਲ ਨਹੀਂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਹਨ।
ਮੁੱਖ ਮੰਤਰੀ ਤੇ ਟਿਕੀਆਂ ਨਜ਼ਰਾਂ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਬਠਿੰਡਾ ਦੇ ਇਮਾਨਦਾਰ ਆਗੂ ਹਨ ਜਿੰਨ੍ਹਾਂ ਨੇ ਭਰੂਣ ਹੱਤਿਆ ਕਰਨ ਵਾਲੇ ਡਾਕਟਰਾਂ ਅਤੇ ਭ੍ਰਿਸ਼ਟਾਚਾਰੀਆਂ ਖਿਲਾਫ ਅਹਿਮ ਜੰਗ ਲੜੀ ਸੀ। ਇਸ ਦੌਰਾਨ ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਅਤੇ ਹਕੂਮਤੀ ਮੁਅੱਤਲੀ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਨ੍ਹਾਂ ਈਨ ਨਹੀਂ ਮੰਨੀ। ਇਸੇ ਕਾਰਨ ਹੀ ਕੁਸਲਾ ਵੱਲੋਂ ਕੀਤੀ ਸ਼ਕਾਇਤ ਤੇ ਮੁੱਖ ਮੰਤਰੀ ਕੀ ਕਾਰਵਾਈ ਕਰਦੇ ਹਨ ਇਸ ਤੇ ਸਭਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 95012-00200 ਨੰਬਰ ਜਾਰੀ ਕਰਕੇ ਪੰਜਾਬ ਵਾਸੀਆਂ ਨੂੰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕਿਸੇ ਕੰਮ ਲਈ ਰਿਸ਼ਵਤ ਮੰਗਣਦੀ ਸੂਰਤ ’ਚ ਇਸ ਮੋਇਲ ਨੰਬਰ ‘ਤੇ ਆਡੀਓ ਜਾਂ ਵੀਡੀਓ ਭੇਜਣ ਲਈ ਅਪੀਲ ਕੀਤੀ ਹੈ।