ਬਹੁਤ ਵੱਡੇ ਬੀਜ ਘੁਟਾਲੇ ਅਤੇ ਆਪ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਨ ਲਈ ਕੋਟਕਪੂਰਾ ਪਹੁੰਚੇ ਨਵਜੋਤ ਸਿੱਧੂ (ਵੀਡੀਓ ਵੀ ਦੇਖੋ)
- ਪਨਸੀਡ ਦਫਤਰ ਵਿਖੇ ਪੀਆਰ.-126 ਝੋਨੇ ਦੀ ਕਿਸਮ ਦੇ ਬੀਜਾਂ ਦੀਆਂ ਬੋਰੀਆਂ ਦਾ ਭਰਿਆ ਟਰੱਕ ਮਾਨਸਾ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਰੋਕੇ ਜਾਣ ਤੋਂ ਬਾਅਦ ਮਾਮਲੇ ਨੇ ਫੜਿਆ ਜੌਰ
ਦੀਪਕ ਗਰਗ
ਕੋਟਕਪੂਰਾ 5 ਮਈ 2022 - ਬੀਤੇ ਦਿਨੀਂ ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਪਨਸੀਡ ਦਫਤਰ ਵਿਖੇ ਪੀਆਰ.-126 ਝੋਨੇ ਦੀ ਕਿਸਮ ਦੇ ਬੀਜਾਂ ਦੀਆਂ ਬੋਰੀਆਂ ਦਾ ਭਰਿਆ ਟਰੱਕ ਮਾਨਸਾ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਰੋਕੇ ਜਾਣ ਦਾ ਮਾਮਲਾ ਬਹੁਤ ਜੋਰ ਫੜ ਗਿਆ ਅਤੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਨਸੀਡ ਦਫਤਰ ਪਹੁੰਚੇ। ਜਿੱਥੇ ਉਨ੍ਹਾਂ ਨੇ ਕਿਸਾਨੀ ਮਸਲੇ ’ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਅੱਜ ਦਾ ਨਹੀਂ ਸਗੋਂ ਬਚਪਨ ਤੋਂ ਕਿਸਾਨੀ ਦਾ ਹਿਤੈਸ਼ੀ ਹਾਂ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਦੀ ਬੁਨਿਆਦ ਹੀ ਪੂਰੀ ਤਰ੍ਹਾਂ ਹਿੱਲੀ ਪਈ ਹੈ। ਅੱਜ ਦੇ ਸਮੇਂ ’ਚ 35 ਰੁਪਏ ਦਾ ਬੀਜ ਕਿਸਾਨਾਂ ਨੂੰ 250 ’ਚ ਲੈਣਾ ਪੈ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬਹੁਤ ਵੱਡੇ ਬੀਜ ਘੁਟਾਲੇ ਅਤੇ ਆਪ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਨ ਲਈ ਕੋਟਕਪੂਰਾ ਪਹੁੰਚੇ ਨਵਜੋਤ ਸਿੱਧੂ (ਵੀਡੀਓ ਵੀ ਦੇਖੋ)
ਮੈਂ ਬਹੁਤ ਵੱਡੇ ਬੀਜ ਘੁਟਾਲੇ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਨ ਜਾ ਰਿਹਾ ਹਾਂ। ਇਕ ਪਾਸੇ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਦੇ ਵੱਡੇ ਫ਼ੈਸਲੇ ਦੀ ਇਸ਼ਤਿਹਾਰਬਾਜ਼ੀ ਉੱਤੇ ਕਰੋੜਾਂ ਰੁਪਏ ਖਰਚ ਰਹੀ ਹੈ, ਦੂਜੇ ਪਾਸੇ ਇਸਦੇ ਨੱਕ ਹੇਠਾਂ ਝੋਨੇ ਦੇ ਬੀਜ ਦੀ ਕਿਸਮ ਪੀਆਰ - 126 ਦਾ ਵੱਡਾ ਘੁਟਾਲਾ ਹੋ ਰਿਹਾ ਹੈ, ਜਿਸ ਵਿਚ ਕਿਸਾਨਾਂ ਤੋਂ ਕਰੋੜਾਂ ਰੁਪਏ ਲੁੱਟੇ ਜਾ ਰਹੀ ਹਨ।
ਪੀਆਰ - 126 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਝੋਨੇ ਦੀ ਜਲਦੀ ਤਿਆਰ ਹੋਣ ਵਾਲੀ ਕਿਸਮ ਹੈ। ਇਹ 3-4 ਹਫ਼ਤੇ ਦਾ ਸਮਾਂ ਬਚਾਉਂਦੀ ਹੈ, ਇਸਨੂੰ ਆਮ ਨਾਲੋਂ 25% ਘੱਟ ਸਿੰਜਾਈ ਦੀ ਲੋੜ ਹੁੰਦੀ ਹੈ ਅਤੇ ਇਹ ਦਵਾਈਆਂ ਅਤੇ ਮਜ਼ਦੂਰੀ ਦਾ ਖਰਚਾ ਵੀ ਘਟਾਉਂਦੀ ਹੈ। ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪਨਸੀਡ ਦੁਆਰਾ ਪੈਦਾ ਕੀਤਾ ਇਹ ਬੀਜ ਪ੍ਰਾਈਵੇਟ ਵਪਾਰੀਆਂ ਨੂੰ 35₹ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਦਿੱਤਾ, ਜੋ ਇਸਦੀ ਜਮ੍ਹਾਂਖੋਰੀ ਕਰਕੇ ਕਾਲਾ ਬਾਜ਼ਾਰੀ ਰਾਹੀਂ 300 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਰਹੇ ਹਨ।
ਸਿੱਧੂ ਨੇ ਕਿਹਾ ਕਿ ਝੋਨੇ ਦੀ ਖੇਤੀ ’ਚ ਪੰਜਾਬ ਦਾ ਕੁੱਲ ਖੇਤਰ ਕਰੀਬ 26 ਲੱਖ ਹੈੱਕਟੇਅਰ ਹੈ, 26 ਲੱਖ ਹੈੱਕਟੇਅਰ ਲਈ ਕਰੀਬ ਢਾਈ ਲੱਖ ਕੁਇੰਟਲ ਬੀਜ ਚਾਹੀਦਾ ਹੈ। ਇਸੇ ਤਰ੍ਹਾਂ ਕਣਕ ਲਈ 35 ਲੱਖ ਹੈੱਕਟੇਅਰ ਪੂਰਾ ਖੇਤਰ ਹੈ ਅਤੇ ਉਸ ਦੇ ਲਈ ਬੀਜ ਸਾਢੇ ਤਿੰਨ ਲੱਖ ਕੁਇੰਟਲ ਚਾਹੀਦਾ ਹੈ। ਇਸ ਦੀ ਇਕ ਨੋਡਲ ਏਜੰਸੀ ਹੈ, ਜਿਸ ਦਾ ਕੰਮ ਬੀਜ ਬਣਾਉਣਾ ਅਤੇ ਸਸਤੇ ਭਾਅ ’ਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣਾ ਹੈ। ਇਸ ਦੀ ਜਿਹੜੀ ਰਿਸਰਚ ਹੈ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਨਾ ਕੁੱਲ ਖੇਤਰ ਅਤੇ ਜਿੰਨੀ ਡਿਮਾਂਡ ਹੈ, ਢਾਈ ਲੱਖ ਕੁਇੰਟਲ ਉਸ ਦੀ ਨੋਡਲ ਏਜੰਸੀ ਪਨਸੀਡ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਹੈ, ਉਸ ਦੇ ਆਧਾਰ ’ਤੇ ਉਸ ਬੀਜ ਨੂੰ ਕਿਸਾਨਾਂ ਕੋਲ ਸਸਤੇ ਭਾਅ ’ਤੇ ਪਹੁੰਚਾਉਣਾ ਹੈ। ਜਦੋਂ ਬੀਜ ਸਸਤੇ ਰੇਟਾਂ ’ਤੇ ਨਹੀਂ ਮਿਲਦਾ ਤਾਂ ਕਿਸਾਨਾਂ ਨੂੰ ਬਾਜ਼ਾਰ ’ਚੋਂ ਮਹਿੰਗੇ ਭਾਅ ’ਤੇ ਖ਼ਰੀਦਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਿਸਾਨੀ ਪਾਲਿਸੀ ਨਾਲ ਉੱਪਰ ਉੱਠ ਸਕੇਗੀ।
ਭਗਵੰਤ ਮਾਨ ’ਤੇ ਸ਼ਬਦੀ ਹਮਲਾ ਬੋਲਦੇ ਸਿੱਧੂ ਨੇ ਕਿਹਾ ਕਿ ਹੁਣ ਭਗਵੰਤ ਮਾਨ ਦਾ ਦਿੱਲੀ ਮਾਡਲ ਕਿੱਥੇ ਗਿਆ ਹੈ। ਮੈਂ ਮਾਨ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕੋਟ ਪਾ ਕੇ ਅਖ਼ਬਾਰਾਂ ’ਚ ਇਸ਼ਤਿਹਾਰ ਦੇਣ ਲਈ ਅੱਜਕਲ੍ਹ ਬੜੀ ਪਹਿਲ ਕਰ ਰਹੇ ਹੋ, ਕੀ ਤੁਸੀਂ ਕਦੇ ਬੁਨਿਆਨੀ ਚੀਜ਼ ਵੇਖੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਨੋਡਲ ਏਜੰਸੀ ਨੂੰ ਬੀਜਾਂ ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਦੀ ਪ੍ਰੋਟਕਸ਼ਨ ਇਕ ਫ਼ੀਸਦੀ ਹੈ। ਜੇਕਰ ਸਰਕਾਰੀ ਅਦਾਰੇ ਕੋਲ ਇਕ ਫ਼ੀਸਦੀ ਹੀ ਪ੍ਰੋਟਕਸ਼ਨ ਹੈ ਅਤੇ ਉਹ ਵੀ ਪ੍ਰਾਈਵੇਟ ਪਲੇਅਰਾਂ ਨੂੰ ਦੇ ਰਿਹਾ ਹੈ ਤਾਂ ਕਿਸਾਨ ਕੀ ਕਰੇਗਾ।
ਮੈਂ ਉਸ ਕਿਸਾਨ ਦੀ ਆਵਾਜ਼ ਚੁੱਕਣ ਆਇਆ ਹਾਂ ਜਿਹੜਾ ਸਾਡੀ ਪਛਾਣ ਅਤੇ ਜਿੰਦ-ਜਾਨ ਹੈ। ਜੇਕਰ ਅਸੀਂ 60 ਫ਼ੀਸਦੀ ਕਿਸਾਨ ਦੀ ਆਵਾਜ਼ ਨਹੀਂ ਚੁੱਕ ਸਕਦੇ ਤਾਂ ਕੋਈ ਅਖਤਿਆਰ ਨਹੀਂ ਕਿ ਅਸੀਂ ਪੰਜਾਬ ਦੀ ਤਰੱਕੀ ਦਾ ਸੁਫ਼ਨਾ ਨਹੀਂ ਵੇਖ ਸਕਦੇ। ਪਿਛਲੇ ਇਕ ਸਾਲ ਤੋਂ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੀ ਨਹੀਂ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਤਗੜਾ ਕੀਤਾ ਜਾਵੇ ਵਾਈਸ ਚਾਂਸਲਰ ਲਾਇਆ ਜਾਵੇ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਕਿਸਾਨਾਂ ਦੀ ਲਾਗਤ ਨੂੰ ਤਾਂ ਪਹਿਲਾਂ ਹੀ ਅੱਗ ਲੱਗੀ ਪਈ ਹੈ ਅਤੇ ਉਪਰੋਂ ਤੁਸੀਂ ਉਸ ਦੀ ਬੁਨਿਆਦ ਹਿਲਾ ਦਿੱਤੀ ਅਤੇ ਉਪਰੋਂ ਬੀਜ ਵੀ ਨਾ ਦਿਓ ਤਾਂ ਇਹ ਕਿੱਥੋਂ ਦਾ ਇਨਸਾਫ਼ ਹੈ। ਜੇਕਰ ਅਸੀਂ ਆਪਣੀ ਪੱਗ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਆਪਣੀਆਂ ਨਜ਼ਰਾਂ ’ਚ ਡਿੱਗਣ ਵਾਲੀ ਹੀ ਗੱਲ ਹੋ ਜਾਂਦੀ ਹੈ। ਕਿਸਾਨੀ ਪਾਲਿਸੀ ਨਾਲ ਹੀ ਉੱਠ ਸਕੇਗੀ।
ਜੇਕਰ ਸਰਕਾਰ ਸੱਚਮੁੱਚ ਹੀ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨਾ ਚਾਹੁੰਦੀ ਹੈ ਅਤੇ ਧਰਤੀ ਹੇਠਲਾ ਪਾਣੀ ਬਚਾਉਣਾ ਚਾਹੁੰਦੀ ਹੈ ਤਾਂ ਇਹ ਕਿਸਾਨਾਂ ਤੱਕ ਜ਼ਾਇਜ਼ ਕੀਮਤ ਉੱਤੇ ਪੀਆਰ -126 ਬੀਜ ਸਿੱਧੇ ਰੂਪ ਵਿੱਚ ਪਹੁੰਚਦਾ ਕਰੇ ਕਿਉਂਕਿ ਸਿੱਧੀ ਬਿਜਾਈ ਲਈ 20% ਵੱਧ ਬੀਜ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਡੀਏਪੀ/ਪੋਟਾਸ਼ ਖਾਦਾਂ ਜਾਇਜ਼ ਮੁੱਲ ਉੱਤੇ ਮਿਲਣ ਅਤੇ ਲੋੜੀਂਦੀ ਬਿਜਲੀ ਮੁਹੱਈਆ ਹੋਵੇ।
ਉਨ੍ਹਾਂ ਕਿਹਾ ਕਿ ਕਿਸਾਨੀ ਦੇ ਮਸਲੇ ਨੂੰ ਲੈਕੇ ਉਨ੍ਹਾਂ ਆਪਣੀ ਹੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਭੀ ਸੁਆਲ ਖੜੇ ਕੀਤੇ ਸੀ। ਇਸ ਮੌਕੇ ਰਾਜ ਬਲਵਿੰਦਰ ਸਿੰਘ ਮਰਾੜ, ਜੱਗਾ ਮਜੀਠਿਆ ਅਤੇ ਮਿੱਠਾ ਸਿੰਘ ਤਰਨਤਾਰਨ ਆਦਿ ਵੀ ਹਾਜਰ ਸਨ।